ਪੰਜਾਬ ਵਿੱਚ ਕਰੇਲੇ ਦੀ ਖੇਤੀ

ਆਮ ਜਾਣਕਾਰੀ

ਕਰੇਲੇ ਦਾ ਬੋਟੇਨੀਕਲ ਨਾਮ ਮੇਮੋਰਡਿਕਾ ਕਰੇਂਟੀਆ ਹੈ ਅਤੇ ਇਹ ਕੁਕੁਰਬਿਟੇਸ਼ਿਆਏ ਪ੍ਰਜਾਤੀ ਨਾਲ ਸੰਬੰਧਿਤ ਹੈ। ਇਸ ਨੂੰ ਇਸ ਦੇ ਚਕਿਤਸਿਕ, ਪੌਸ਼ਟਿਕ ਅਤੇ ਹੋਰ ਸਿਹਤ ਸੰਬੰਧੀ ਲਾਭ ਦੇ ਕਾਰਨ ਜਾਣਿਆ ਜਾਂਦਾ ਹੈ। ਇਸ ਦੀ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਮੰਗ ਹੋਣ ਕਾਰਨ ਕਰੇਲੇ ਦੀ ਖੇਤੀ ਕਾਫੀ ਸਫਲ ਹੈ। ਕਰੇਲੇ ਨੂੰ ਮੁੱਖ ਤੌਰ ਤੇ ਜੂਸ ਬਣਾਉਣ ਲਈ ਅਤੇ ਖਾਣਾ ਬਣਾਉਣ ਦੇ ਉਦੇਸ਼ ਲਈ ਪ੍ਰਯੋਗ ਕੀਤਾ ਜਾਂਦਾ ਹੈ। ਇਹ ਵਿਟਾਮਿਨ ਬੀ1, ਬੀ2 ਅਤੇ ਬੀ3, ਬਿਟਾ ਕੇਰੋਟੀਨ, ਜ਼ਿੰਕ, ਆਇਰਨ, ਫਾਸਫੋਰਸ, ਪੋਟਾਸ਼ੀਅਮ, ਮੈਗਨੀਜ਼, ਫੋਲੇਟ ਅਤੇ ਕੈਲਸ਼ੀਅਮ ਦਾ ਉੱਚ ਸ੍ਰੋਤ ਹੈ। ਇਸ ਦੇ ਸਿਹਤ ਲਈ ਕਾਫੀ ਲਾਭ ਹਨ ਜਿਵੇਂ ਇਹ ਖੂਨ ਦੀ ਅਨਿਯਮਿਤਤਾ ਨੂੰ ਰੋਕਣ, ਖੂਨ ਅਤੇ ਲੀਵਰ ਨੂੰ ਜ਼ਹਿਰ-ਮੁਕਤ ਕਰਨ, ਇਮਿਊਨ ਪ੍ਰਣਾਲੀ ਨੂੰ ਵਧਾਉਣ ਅਤੇ ਵਜ਼ਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।

ਮਿੱਟੀ

ਚੰਗੇ ਜਲ ਨਿਕਾਸ ਵਾਲੀ ਰੇਤਲੀ ਦੋਮਟ ਮਿੱਟੀ, ਜਿਸ ਵਿੱਚ ਜੈਵਿਕ ਤੱਤ ਉੱਚ ਮਾਤਰਾ ਵਿੱਚ ਹੋਣ, ਕਰੇਲੇ ਦੀ ਖੇਤੀ ਦੇ ਲਈ ਵਧੀਆ ਹੁੰਦੀ ਹੈ। ਕਰੇਲੇ ਦੀ ਖੇਤੀ ਦੇ ਲਈ ਮਿੱਟੀ ਦਾ pH 6.5-7.5 ਹੋਣਾ ਚਾਹੀਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

Punjab Kareli-1: ਇਹ ਕਿਸਮ 2009 ਵਿੱਚ ਜਾਰੀ ਕੀਤੀ ਗਈ। ਇਸ ਕਿਸਮ ਦੇ ਪੱਤੇ ਹਰੇ ਰੰਗ ਅਤੇ ਨਰਮ ਹੁੰਦੇ ਹਨ। ਇਹ ਲੰਬੇ ਆਕਾਰ ਦੇ ਫਲ ਪੈਦਾ ਕਰਦੇ ਹਨ ਜੋ ਕਿ ਪਤਲੇ ਅਤੇ ਹਰੇ ਰੰਗ ਦੇ ਹੁੰਦੇ ਹਨ। ਇਹ ਕਿਸਮ 66 ਦਿਨਾਂ ਵਿੱਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੀ ਹਨ। ਇਸ ਦੇ ਫਲ ਦਾ ਔਸਤਨ ਭਾਰ 50 ਗ੍ਰਾਮ ਹੁੰਦਾ ਹੈ ਅਤੇ ਇਸ ਦੀ ਔਸਤਨ ਪੈਦਾਵਾਰ 50-70 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

Punjab 14: ਇਹ ਕਿਸਮ 1985 ਵਿੱਚ ਜਾਰੀ ਕੀਤੀ ਗਈ। ਇਸ ਪੌਦੇ ਦੀਆਂ ਵੇਲਾਂ ਛੋਟੀਆਂ ਹੁੰਦੀਆਂ ਹਨ। ਇਸ ਦੇ ਫਲ ਹਲਕੇ ਹਰੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਦਾ ਔਸਤਨ ਭਾਰ 35 ਗ੍ਰਾਮ ਹੁੰਦਾ ਹੈ। ਇਹ ਕਿਸਮ ਮੀਂਹ ਜਾਂ ਬਸੰਤ ਦੇ ਮੌਸਮ ਵਿੱਚ ਬਿਜਾਈ ਦੇ ਲਈ ਅਨੁਕੂਲ ਹੈ। ਇਸ ਕਿਸਮ ਦੀ ਔਸਤਨ ਪੈਦਾਵਾਰ 50 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

ਹੋਰ ਰਾਜਾਂ ਦੀਆਂ ਕਿਸਮਾਂ
CO 1: ਇਸ ਕਿਸਮ ਦੇ ਫਲ਼ ਦਰਮਿਆਨੇ ਆਕਾਰ ਦੇ ਹੁੰਦੇ ਹਨ ਜੋ ਕਿ ਲੰਬੇ ਅਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ। ਇਸ ਕਿਸਮ ਦੇ ਫਲਾਂ ਦਾ ਔਸਤਨ ਭਾਰ 100-120 ਗ੍ਰਾਮ ਹੁੰਦਾ ਹੈ। ਇਸ ਕਿਸਮ ਦੀ ਔਸਤਨ ਪੈਦਾਵਾਰ 5.8 ਟਨ ਪ੍ਰਤੀ ਏਕੜ ਹੈ ਅਤੇ ਇਹ ਕਿਸਮ 115 ਦਿਨਾਂ ਵਿੱਚ ਪੱਕ ਜਾਂਦੀ ਹੈ।

COBgoH 1:
ਇਹ ਕਿਸਮ 115-120 ਦਿਨਾਂ ਵਿੱਚ ਪੱਕਦੀ ਹੈ ਅਤੇ ਇਸ ਦੀ ਔਸਤਨ ਪੈਦਾਵਾਰ 20-21 ਟਨ ਪ੍ਰਤੀ ਏਕੜ ਹੈ।

MDU 1: ਇਸ ਕਿਸਮ ਦੇ ਫਲ਼ ਦੀ ਲੰਬਾਈ 30-40 ਸੈ.ਮੀ. ਹੁੰਦੀ ਹੈ ਅਤੇ ਇਹ ਕਿਸਮ 120-130 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸ ਦੀ ਔਸਤਨ ਪੈਦਾਵਾਰ 13-14 ਟਨ ਪ੍ਰਤੀ ਏਕੜ ਹੁੰਦੀ ਹੈ।

Arka Harit, Preethi ਅਤੇ Priya ਹੋਰ ਮੁੱਖ ਉਗਾਈਆ ਜਾਣ ਵਾਲੀਆਂ ਕਿਸਮਾਂ ਹਨ।

ਖੇਤ ਦੀ ਤਿਆਰੀ

ਕਰੇਲੇ ਦੀ ਖੇਤੀ ਲਈ ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ। ਮਿੱਟੀ ਦੇ ਭੁਰਭੁਰਾ ਹੋਣ ਤੱਕ 2-3 ਵਾਰ ਵਾਹੀ ਕਰੋ ਅਤੇ ਖੇਤ ਚੋਂ ਨਦੀਨ ਕੱਢ ਦਿਓ।

ਬਿਜਾਈ

ਬਿਜਾਈ ਦਾ ਸਮਾਂ
ਬੀਜ ਨੂੰ ਬੀਜਣ ਲਈ ਫਰਵਰੀ ਤੋਂ ਮਾਰਚ ਜਾਂ ਜੂਨ ਤੋਂ ਜੁਲਾਈ ਦਾ ਸਮਾਂ ਅਨੁਕੂਲ ਹੁੰਦਾ ਹੈ।

ਫਾਸਲਾ
1.5 ਮੀਟਰ ਚੌੜੇ ਬੈੱਡ ਦੇ ਦੋਨੋਂ ਪਾਸੇ ਬੀਜ ਬੀਜੋ ਅਤੇ ਪੌਦਿਆਂ ਵਿੱਚਲਾ ਫਾਸਲਾ 45 ਸੈ.ਮੀ. ਰੱਖੋ।

ਬੀਜ ਦੀ ਡੂੰਘਾਈ
ਟੋਏ ਵਿੱਚ 2.5-3 ਸੈ.ਮੀ. ਦੀ ਡੂੰਘਾਈ ਤੇ ਬੀਜ ਬੀਜੋ।

ਬਿਜਾਈ ਦਾ ਢੰਗ
ਇਸ ਦੀ ਬਿਜਾਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ
2.0 ਕਿਲੋ ਬੀਜ ਪ੍ਰਤੀ ਏਕੜ ਵਿੱਚ ਪ੍ਰਯੋਗ ਕਰੋ।

ਬੀਜ ਦੀ ਸੋਧ
ਬਿਜਾਈ ਤੋਂ ਪਹਿਲਾਂ ਬੀਜ ਨੂੰ 25-50 ਪੀ ਪੀ ਐੱਮ ਜਿਬਰੈਲਿਕ ਐਸਿਡ ਅਤੇ 25 ਪੀ ਪੀ ਐੱਮ ਬੋਰੋਨ ਵਿੱਚ 24 ਘੰਟੇ ਲਈ ਭਿਓਂ ਦਿਓ।

ਖਾਦਾਂ

ਖਾਦਾਂ (ਕਿਲੋਗ੍ਰਾਮ ਪ੍ਰਤੀ ਏਕੜ)

UREA SSP MURIATE OF POTASH
90 125 35

 

ਤੱਤ (ਕਿਲੋਗ੍ਰਾਮ ਪ੍ਰਤੀ ਏਕੜ)

NITROGEN PHOSPHORUS POTASSIUM
40 20

20

 

ਬਿਜਾਈ ਤੋਂ 10-15 ਦਿਨ ਪਹਿਲਾਂ ਖੇਤ ਵਿੱਚ ਰੂੜ੍ਹੀ ਦੀ ਖਾਦ 10-15 ਟਨ ਦੇ ਨਾਲ-ਨਾਲ ਨਾਈਟ੍ਰੋਜਨ 13 ਕਿਲੋ( ਯੂਰੀਆ 30 ਕਿਲੋ), ਫਾਸਫੋਰਸ 20 ਕਿਲੋ(ਐੱਸ ਐੱਸ ਪੀ 125 ਕਿਲੋ) ਅਤੇ ਪੋਟਾਸ਼ੀਅਮ 20 ਕਿਲੋ (ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਫਾਸਫੋਰਸ ਅਤੇ ਪੋਟਾਸ਼ੀਅਮ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਇੱਕ ਤਿਹਾਈ ਮਾਤਰਾ ਬਿਜਾਈ ਤੋਂ ਪਹਿਲਾਂ ਪਾਓ ਅਤੇ ਬਾਕੀ ਬਚੀ ਹੋਈ ਨਾਈਟ੍ਰੋਜਨ ਨੂੰ ਬਿਜਾਈ ਤੋਂ ਇੱਕ ਮਹੀਨੇ ਬਾਅਦ ਪਾਓ।

ਸਿੰਚਾਈ

ਬਿਜਾਈ ਤੋਂ ਬਾਅਦ ਪਹਿਲੀ ਸਿੰਚਾਈ ਕਰੋ। ਗਰਮੀਆਂ ਦੇ ਮੌਸਮ ਵਿੱਚ ਹਰ 6-7 ਦਿਨਾਂ ਬਾਅਦ ਸਿੰਚਾਈ ਕਰੋ ਅਤੇ ਮੀਂਹ ਦੇ ਮੌਸਮ ਵਿੱਚ ਲੋੜ ਪੈਣ ਤੇ ਹੀ ਸਿੰਚਾਈ ਕਰੋ। ਇਸ ਫਸਲ ਨੂੰ ਕੁੱਲ 8-9 ਸਿੰਚਾਈਆਂ ਦੀ ਲੋੜ ਹੁੰਦੀ ਹੈ।

ਨਦੀਨਾਂ ਦੀ ਰੋਕਥਾਮ

ਨਦੀਨਾਂ ਦੀ ਰੋਕਥਾਮ ਦੇ ਲਈ ਹੱਥੀਂ ਗੋਡੀ ਕਰੋ। ਨਦੀਨਾਂ ਦੀ ਰੋਕਥਾਮ ਲਈ ਪੌਦੇ ਦੇ ਸ਼ੁਰੂਆਤੀ ਵਾਧੇ ਸਮੇਂ 2-3 ਗੋਡੀਆਂ ਕਰਨੀਆਂ ਚਾਹੀਦੀਆਂ ਹੈ। ਖਾਦ ਪਾਉਣ ਸਮੇਂ ਗੋਡੀ ਕਰਨੀ ਚਾਹੀਦੀ ਹੈ ਅਤੇ ਮੁੱਖ ਤੌਰ ਤੇ ਮੀਂਹ ਦੇ ਮੌਸਮ ਵਿੱਚ ਵੱਟਾਂ ਨਾਲ ਮਿੱਟੀ ਚੜਾਓ।

ਪੌਦੇ ਦੀ ਦੇਖਭਾਲ

  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਪੱਤਿਆਂ ਤੇ ਚਿੱਟੇ ਧੱਬੇ: ਇਸ ਨਾਲ ਪੱਤਿਆਂ ਦੇ ਉੱਪਰਲੇ ਪਾਸੇ ਚਿੱਟੇ ਰੰਗ ਦੇ ਧੱਬੇ ਬਣ ਜਾਂਦੇ ਹਨ, ਜਿਸ ਦੇ ਕਾਰਨ ਪੱਤੇ ਸੁੱਕ ਜਾਂਦੇ ਹਨ।
ਇਸਦੀ ਰੋਕਥਾਮ ਲਈ ਕਾਰਬੈਂਡਾਜ਼ਿਮ 3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਪੱਤਿਆ ਦੇ ਹੇਠਲੇ ਪਾਸੇ ਧੱਬੇ: ਜੇਕਰ ਇਸ ਦਾ ਹਮਲਾ ਦਿਖੇ ਤਾਂ ਮੈਨਕੋਜ਼ੇਬ ਜਾਂ ਕਲੋਰਥੈਲੋਨਿਲ 2 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ 10-12 ਦਿਨਾਂ ਦੇ ਅੰਤਰਾਲ ਤੇ ਦੋ ਵਾਰ ਸਪਰੇਅ ਕਰੋ।

  • ਕੀੜੇ ਮਕੌੜੇ ਤੇ ਰੋਕਥਾਮ

ਚੇਪਾ: ਇਹ ਕੀਟ ਪੱਤਿਆਂ ਵਿੱਚੋ ਰੱਸ ਚੂਸਦੇ ਹਨ, ਜਿਸ ਕਾਰਨ ਪੱਤੇ ਪੀਲੇ ਹੋ ਜਾਂਦੇ ਹਨ ਅਤੇ ਅੰਤ ਵਿੱਚ ਟੁੱਟ ਜਾਂਦੇ ਹਨ।
ਇਸ ਦੀ ਰੋਕਥਾਮ ਲਈ ਇਮੀਡਾਕਲੋਪਰਿਡ 0.5 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਜੂੰ: ਥਰਿਪ ਕਾਰਣ ਪੱਤੇ ਮੁੜ ਜਾਂਦੇ ਹਨ, ਕੱਪ ਦੇ ਆਕਾਰ ਦੇ ਹੋ ਜਾਂਦੇ ਹਨ ਜਾਂ ਉਪਰ ਤੋਂ ਮੁੜ ਜਾਂਦੇ ਹਨ।
ਇਸ ਦੀ ਰੋਕਥਾਮ ਲਈ ਡਿਕੋਫੋਲ 18.5% ਐੱਸ ਸੀ @2.5 ਮਿ.ਲੀ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਭੂੰਡੀ: ਇਸ ਕਾਰਨ ਫੁੱਲਾਂ, ਪੱਤਿਆਂ ਅਤੇ ਤਣੇ ਨੂੰ ਨੁਕਸਾਨ ਪਹੁੰਚਦਾ ਹੈ।
ਇਸ ਦੀ ਰੋਕਥਾਮ ਲਈ ਮੈਲਾਥਿਆਨ 50 ਈ ਸੀ @1 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਫਸਲ ਦੀ ਕਟਾਈ

ਮੌਸਮ ਅਤੇ ਫਸਲ ਦੀ ਕਿਸਮ ਦੇ ਆਧਾਰ ਤੇ ਕਰੇਲੇ ਦੀ ਫਸਲ 55-60 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। 2-3 ਦਿਨਾਂ ਦੇ ਅੰਤਰਾਲ ਵਿੱਚ ਫਲਾਂ ਦੀ ਤੁੜਾਈ ਕਰੋ।

ਬੀਜ ਉਤਪਾਦਨ

ਪਹਿਲਾਂ ਪੌਦਿਆਂ ਦੇ ਵਾਧੇ ਸਮੇਂ, ਦੂਜਾ ਫੁੱਲ ਨਿਕਲਣ ਸਮੇਂ ਅਤੇ ਤੀਜਾ ਫਲ ਨਿਕਲਣ ਸਮੇਂ ਬੇਲੋੜੇ ਪੌਦੇ ਪੁੱਟ ਕੇ ਪੌਦਿਆਂ ਨੂੰ ਵਿਰਲੇ ਕਰੋ। ਕਰੇਲੇ ਦੀਆਂ ਹੋਰਨਾਂ ਕਿਸਮਾਂ ਵਿੱਚ 1000 ਮੀਟਰ ਦਾ ਫਾਸਲਾ ਰੱਖੋ। ਖੇਤ ਵਿੱਚੋਂ ਬਿਮਾਰ ਪੌਦਿਆਂ ਨੂੰ ਕੱਢ ਦਿਓ। ਵਧੀਆ ਬੀਜ ਉਤਪਾਦਨ ਲਈ ਖੇਤ ਵਿੱਚ ਮਧੂ-ਮੱਖੀਆਂ ਦਾ ਇੱਕ ਬਕਸਾ ਰੱਖੋ। ਬੀਜ ਉਤਪਾਦਨ ਲਈ ਫਲ ਗੂੜੇ ਪੀਲੇ ਤੋਂ ਸੰਤਰੀ ਰੰਗ ਦੇ ਹੋਣ ਤੇ ਤੁੜਾਈ ਕਰੋ। ਤੁੜਾਈ ਤੋਂ ਬਾਅਦ ਫਲਾਂ ਦੇ ਗੁੱਦੇ ਚੋਂ ਬੀਜਾਂ ਨੂੰ ਕੱਢ ਲਓ ਅਤੇ ਫਿਰ ਸਾਫ ਕਰਕੇ ਛਾਂ ਵਿੱਚ ਸੁਕਾਓ।