ਗੁਲਨਾਰ(ਲਾਲੀ) ਦੀ ਫਸਲ

ਆਮ ਜਾਣਕਾਰੀ

ਗੁਲਨਾਰ ਦੇ ਫੁੱਲ ਪੂਰੇ ਵਿਸ਼ਵ ਵਿੱਚ ਸਭ ਤੋਂ ਮਹੱਤਵਪੂਰਨ ਕੱਟਣਯੋਗ ਫੁੱਲ ਹਨ। ਇਹ ਵਪਾਰਕ ਤੌਰ ਤੇ ਸਭ ਤੋਂ ਵਧੀਆ ਮੰਨੇ ਜਾਂਦੇ ਹਨ, ਕਿਉਂਕਿ ਇਨ੍ਹਾਂ ਨੂੰ ਜ਼ਿਆਦਾ ਦੇਰ ਤੱਕ ਤਾਜ਼ਾ ਰਹਿੰਦੇ ਹਨ, ਜਿਸ ਨਾਲ ਇਨ੍ਹਾਂ ਨੂੰ ਲੰਬੀ ਦੂਰੀ ਤੇ ਲੈ ਕੇ ਜਾਣ ਵਿੱਚ ਮੁਸ਼ਕਿਲ ਨਹੀਂ ਹੁੰਦੀ ਅਤੇ ਇਸਨੂੰ ਰਿਹਾਈਡ੍ਰੇਸ਼ਨ ਨਾਲ ਤਾਜ਼ਾ ਰੱਖਿਆ ਜਾ ਸਕਦਾ ਹੈ, ਜੋ ਕਿ ਇਸਦੀ ਮੁੱਖ ਕੁਆਲਿਟੀ ਹੈ। ਯੂਰਪ ਅਤੇ ਏਸ਼ੀਆ ਵਿੱਚ ਇਸਦੀ ਖੇਤੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ, ਪਰ ਭਾਰਤ ਵਿੱਚ ਇਹ ਛੋਟੇ ਪੱਧਰ ਤੇ ਕੀਤੀ ਜਾਂਦੀ ਹੈ। ਹਿਮਾਚਲ ਪ੍ਰਦੇਸ਼, ਪੰਜਾਬ, ਪੱਛਮੀ ਬੰਗਾਲ, ਜੰਮੂ-ਕਸ਼ਮੀਰ ਅਤੇ ਕਰਨਾਟਕ ਮੁੱਖ ਗੁਲਨਾਰ ਉਗਾਉਣ ਵਾਲੇ ਪ੍ਰਾਂਤ ਹਨ।ਇਹ ਫੁੱਲ ਵੱਖ-ਵੱਖ ਰੰਗਾਂ ਵਿੱਚ ਪਾਏ ਜਾਂਦੇ ਹਨ, ਜਿਵੇਂ ਕਿ ਪੀਲੇ, ਗੁਲਾਬੀ, ਪੀਲੇ-ਜਾਮਨੀ ਆਦਿ।

ਮਿੱਟੀ

ਇਸਦੀ ਖੇਤੀ ਕਿਸੇ ਵੀ ਤਰ੍ਹਾਂ ਦੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ, ਪਰ ਵਧੀਆ ਨਿਕਾਸ ਵਾਲੀ ਮਿੱਟੀ ਵਿੱਚ ਇਹ ਵਧੀਆ ਪੈਦਾਵਾਰ ਦਿੰਦੀ ਹੈ। ਵਧੀਆ ਰੇਤਲੀ ਦੋਮਟ ਮਿੱਟੀ ਗੁਲਨਾਰ ਦੀ ਖੇਤੀ ਲਈ ਉੱਤਮ ਮੰਨੀ ਜਾਂਦੀ ਹੈ। ਉਚਿੱਤ ਵਾਧੇ ਲਈ ਮਿੱਟੀ ਦਾ pH 5.5-6.5 ਹੋਣਾ ਚਾਹੀਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

ਇਨ੍ਹਾਂ ਫੁੱਲਾਂ ਨੂੰ ਦੋ ਮੁੱਖ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ:

1) Standard Carnations: Ariane, Corso, Candy Master and Tanga, Solar, Star, Athena, Happy Golem, White Liberty, Emotion, White Dona, Lisa, Domingo, Master, Gaudina

2) Spray Carnations: Rhodos, Alliance, Barbara, and West Moon.Estimade, Indira, Vera, Durago, Berry, Orbit Plus, Sunshine, Autumn, Rosa Bebe, Spur, Suprema.

ਖੇਤ ਦੀ ਤਿਆਰੀ

ਇਸਦੀ ਖੇਤੀ ਲਈ ਬੈੱਡ ਤਿਆਰ ਕਰੋ। ਬੈੱਡ 15-20 ਸੈ.ਮੀ. ਉੱਚੇ, 1-1.2 ਮੀਟਰ ਚੌੜੇ ਅਤੇ ਲੋੜ ਅਨੁਸਾਰ ਲੰਬਾਈ ਦੇ ਤਿਆਰ ਕਰੋ। ਬੈੱਡਾਂ ਵਿੱਚਲਾ ਫਾਸਲਾ 45-60 ਸੈ.ਮੀ. ਰੱਖੋ।

ਬਿਜਾਈ

ਬਿਜਾਈ ਦਾ ਸਮਾਂ
ਗ੍ਰੀਨ ਹਾਊਸ ਦੇ ਨਿਯੰਤ੍ਰਿਤ ਵਾਤਾਵਰਨ ਵਿੱਚ, ਇਹ ਸਾਰਾ ਸਾਲ ਉਗਾਏ ਜਾ ਸਕਦੇ ਹਨ। ਉੱਤਰੀ ਮੈਦਾਨਾਂ ਲਈ, ਬਿਜਾਈ ਆਮ ਤੌਰ ਤੇ ਸਤੰਬਰ-ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਅਤੇ ਫੁੱਲਾਂ ਕਟਾਈ ਫਰਵਰੀ ਤੋਂ ਅਪ੍ਰੈਲ ਵਿੱਚ ਕੀਤੀ ਜਾਂਦੀ ਹੈ।

ਫਾਸਲਾ
ਇਸਦੀ ਬਿਜਾਈ ਲਈ ਪੌਦੇ ਦਾ ਭਾਗ ਵਰਤਿਆ ਜਾਂਦਾ ਹੈ। ਬੀਜ ਬੈੱਡ ਦੇ ਬਿਲਕੁਲ ਉੱਪਰ 15x15 ਜਾਂ 20x20 ਸੈ.ਮੀ. ਦੇ ਫਾਸਲੇ ਤੇ ਬੀਜੇ ਜਾਦੇ ਹਨ। ਬੈੱਡਾਂ ਵਿਚਲਾ ਫਾਸਲਾ 45-60 ਸੈ.ਮੀ. ਰੱਖੋ।

ਬਿਜਾਈ ਦਾ ਢੰਗ
ਬੈੱਡਾਂ ਦੇ ਉੱਪਰ ਪੌਦੇ ਦੇ ਭਾਗ ਨੂੰ ਬੀਜਿਆ ਜਾਂਦਾ ਹੈ।

ਬੀਜ

ਬੀਜ ਦੀ ਮਾਤਰਾ
ਇੱਕ ਏਕੜ ਲਈ ਲਗਭਗ 75,000 ਪੌਦੇ ਦੇ ਭਾਗਾਂ ਦੀ ਲੋੜ ਹੁੰਦੀ ਹੈ। 21 ਦਿਨਾਂ ਦੇ ਵਿੱਚ-ਵਿੱਚ ਆਮ ਤੌਰ 'ਤੇ ਵਧੀਆ ਤਰੀਕੇ ਨਾਲ ਜੜ੍ਹਾਂ ਵਿਕਸਿਤ ਹੋ ਜਾਂਦੀਆਂ ਹਨ।

ਬੀਜ ਦੀ ਸੋਧ
ਬਿਜਾਈ ਤੋਂ ਪਹਿਲਾਂ, ਪੌਦੇ ਦੇ ਭਾਗਾਂ ਨੂੰ ਐੱਨ ਏ ਏ 1000 ਪੀ ਪੀ ਐੱਮ(1 ਗ੍ਰਾਮ ਪ੍ਰਤੀ ਲੀਟਰ ਪਾਣੀ) ਨਾਲ ਸੋਧੋ। ਇਹ ਜੜ੍ਹਾਂ ਦੇ ਵਿਕਾਸ ਨੂੰ ਹੋਰ ਸੁਧਾਰਦਾ ਹੈ।

ਖਾਦਾਂ

ਖਾਦਾਂ(ਕਿਲੋ ਪ੍ਰਤੀ ਏਕੜ)

UREA SSP MURIATE OF POTASH
334 520 67

 

ਤੱਤ(ਕਿਲੋ ਪ੍ਰਤੀ ਏਕੜ)

NITROGEN
PHOSPHORUS POTASH
61 83 38

 

ਫਸਲ ਦੇ ਵਧੀਆ ਵਿਕਾਸ ਲਈ, ਖਾਦਾਂ ਉਚਿੱਤ ਮਾਤਰਾ ਵਿੱਚ ਪਾਓ। ਖੇਤ ਦੀ ਤਿਆਰੀ ਸਮੇਂ  10-15 ਟਨ  ਰੂੜੀ ਦੀ ਖਾਦ ਪਾਓ। ਗ੍ਰੀਨ ਹਾਊਸ ਵਿੱਚ ਨਾਈਟ੍ਰੋਜਨ 138 ਕਿਲੋ (ਯੂਰੀਆ 300 ਕਿਲੋ), ਫਾਸਫੋਰਸ 92 ਕਿਲੋ (ਸਿੰਗਲ ਸੁਪਰ ਫਾਸਫੇਟ 520 ਕਿਲੋ) ਅਤੇ ਪੋਟਾਸ਼ੀਅਮ 36 ਕਿਲੋ (ਮਿਊਰੇਟ ਆੱਫ ਪੋਟਾਸ਼ 66 ਕਿਲੋ) ਪਾਓ।

ਨਦੀਨਾਂ ਦੀ ਰੋਕਥਾਮ

ਇੱਕ ਪੱਤਰ ਨਦੀਨਾਂ ਦੀ ਰੋਕਥਾਮ ਲਈ ਗਲਾਈਫੋਸੇਟ 300 ਗ੍ਰਾਮ ਅਤੇ ਦੋ-ਮੂੰਹੇਂ ਨਦੀਨਾਂ ਲਈ ਆਕਸੀਫਲੋਰਫੇਨ 200 ਗ੍ਰਾਮ ਪ੍ਰਤੀ ਏਕੜ ਪੁੰਗਰਾਅ ਤੋਂ ਪਹਿਲਾਂ ਪਾਓ।

ਸਿੰਚਾਈ

ਗੁਲਨਾਰ ਦੀ ਫਸਲ ਨੂੰ ਥੋੜੇ-ਥੋੜੇ ਸਮੇਂ ਬਾਅਦ ਪਾਣੀ ਦਿੰਦੇ ਰਹੋ। ਗਰਮੀਆਂ ਵਿੱਚ ਹਰ ਹਫਤੇ 2-3 ਵਾਰ ਪਾਣੀ ਦਿਓ, ਜਦਕਿ ਸਰਦੀਆਂ ਵਿੱਚ 15 ਦਿਨਾਂ ਦੇ ਫਾਸਲੇ 'ਤੇ 2-3 ਵਾਰ ਪਾਣੀ ਦਿਓ। ਬਿਜਾਈ ਤੋਂ ਤੁਰੰਤ ਬਾਅਦ ਪਾਣੀ ਦਿਓ।

ਪੌਦੇ ਦੀ ਦੇਖਭਾਲ

ਲਾਲ ਜੂੰ
  • ਕੀੜੇ-ਮਕੌੜੇ ਤੇ ਰੋਕਥਾਮ

ਲਾਲ ਜੂੰ: ਇਹ ਇਸ ਫਸਲ ਦਾ ਗੰਭੀਰ ਕੀੜਾ ਹੈ। ਇਹ ਪੱਤੇ ਖਾਂਦੇ ਹਨ ਅਤੇ ਉਨ੍ਹਾਂ ਦਾ ਰਸ ਚੂਸਦੇ ਹਨ, ਜਿਸ ਨਾਲ ਪੱਤੇ ਪੀਲੇ ਪੈ ਜਾਂਦੇ ਹਨ।

ਜੇਕਰ ਇਸਦਾ ਹਮਲਾ ਦਿਖੇ ਤਾਂ, ਘੁਲਣਸ਼ੀਲ ਸਲਫਰ 1.5 ਗ੍ਰਾਮ ਜਾਂ ਪ੍ਰੋਪਰਗਾਈਟ 1 ਮਿ.ਲੀ. ਜਾਂ ਫੈਨੇਜ਼ਾਕੁਇਨ 1 ਮਿ.ਲੀ. ਜਾਂ ਡਿਕੋਫੋਲ 1.5 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਕਲੀ ਦਾ ਗੜੂੰਆ

ਕਲੀ ਦਾ ਗੜੂੰਆ: ਇਹ ਵੀ ਗੁਲਨਾਰ ਦੀ ਫਸਲ ਦਾ ਗੰਭੀਰ ਕੀੜਾ ਹੈ। ਇਹ ਕਲੀ ਤੇ ਅੰਡੇ ਦਿੰਦਾ ਹੈ ਅਤੇ ਇਸਦਾ ਲਾਰਵਾ ਕਲੀ ਨੂੰ ਅੰਦਰੋ ਖਾਂਦਾ ਹੈ ਅਤੇ ਅੰਤ ਸਾਰੀ ਕਲੀ ਨੂੰ ਨਸ਼ਟ ਕਰ ਦਿੰਦਾ ਹੈ।

ਜੇਕਰ ਇਸਦਾ ਹਮਲਾ ਦਿਖੇ ਤਾਂ ਪ੍ਰੋਕਲੇਮ 0.2 ਮਿ.ਲੀ. ਜਾਂ ਡੈਲਟਾਮੈਥਰਿਨ 0.5 ਮਿ.ਲੀ. ਜਾਂ ਇੰਡੋਕਸਾਕਾਰਬ 0.5 ਮਿ.ਲੀ. ਜਾਂ ਥਾਇਓਡੀਕਾਰਬ 0.4 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

ਚੇਪਾ ਅਤੇ ਥਰਿੱਪ

ਚੇਪਾ ਅਤੇ ਥਰਿੱਪ: ਇਹ ਪੱਤਿਆਂ ਦਾ ਰਸ ਚੂਸਦੇ ਹਨ, ਜਿਸ ਨਾਲ ਪੌਦੇ ਪੀਲੇ ਪੈ ਜਾਂਦੇ ਹਨ। ਇਹ ਸ਼ਹਿਦ ਦੀ ਬੂੰਦ ਵਰਗਾ ਪਦਾਰਥ ਛੱਡਦੇ ਹਨ ਅਤੇ ਨੁਕਸਾਨੇ ਹਿੱਸਿਆਂ ਤੇ ਕਾਲੇ ਰੰਗ ਦੀ ਫੰਗਸ ਬਣ ਜਾਂਦੀ ਹੈ।

ਜੇਕਰ ਇਸਦਾ ਹਮਲਾ ਦਿਖੇ ਤਾਂ, ਫਿਪਰੋਨਿਲ 1.5 ਮਿ.ਲੀ. ਜਾਂ ਇਮੀਡਾਕਲੋਪ੍ਰਿਡ 0.5ਮਿ.ਲੀ. ਜਾਂ ਐਸੇਟਾਮਿਪ੍ਰਿਡ 0.4 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

ਸੋਕਾ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਸੋਕਾ: ਇਹ ਗੁਲਨਾਰ ਦੀ ਗੰਭੀਰ ਬਿਮਾਰੀ ਹੈ। ਇਸ ਨਾਲ ਪੌਦਾ ਮੁਰਝਾਉਣ ਦੇ ਨਾਲ-ਨਾਲ ਜ਼ਮੀਨ ਦੀ ਸਤਹਿ ਤੋਂ ਹੇਠਾਂ ਤਣਾ ਗਲਣਾ ਸ਼ੁਰੂ ਹੋ ਜਾਂਦਾ ਹੈ। ਗੰਭੀਰ ਹਲਾਤਾਂ ਵਿੱਚ ਪੌਦੇ ਤੇਜ਼ੀ ਨਾਲ ਨਸ਼ਟ ਹੋ ਜਾਂਦਾ ਹੈ।

ਇਸਦੀ ਰੋਕਥਾਮ ਲਈ ਨੁਕਸਾਨੇ ਪੌਦਿਆਂ ਨੂੰ ਹਟਾ ਦਿਓ ਅਤੇ ਮਿੱਟੀ ਵਿੱਚ ਰਿਡੋਮਿਲ 2 ਗ੍ਰਾਮ ਨੂੰ ਪ੍ਰਤੀ ਪਾਣੀ ਵਿੱਚ ਮਿਲਾ ਕੇ ਪਾਓ।

ਪੱਤਿਆਂ ਤੇ ਧੱਬੇ

ਪੱਤਿਆਂ ਤੇ ਧੱਬੇ: ਪੱਤਿਆਂ, ਤਣੇ ਅਤੇ ਕਈ ਵਾਰ ਫੁੱਲਾਂ ਤੇ ਵੀ ਜਾਮਨੀ ਰੰਗ ਦੇ ਛੋਟੇ-ਛੋਟੇ ਧੱਬੇ ਪਾਏ ਜਾਂਦੇ ਹਨ। ਗੰਭੀਰ ਹਲਾਤਾਂ ਵਿੱਚ ਪੌਦਾ ਨਸ਼ਟ ਹੋ ਜਾਂਦਾ ਹੈ।

ਜੇਕਰ ਇਸਦਾ ਹਮਲਾ ਦਿਖੇ ਤਾਂ, ਜ਼ੀਨੇਬ 1 ਗ੍ਰਾਮ ਜਾਂ ਮੈਨਕੋਜ਼ੇਬ 1.5 ਗ੍ਰਾਮ ਜਾਂ ਹੈਕਸਾਕੋਨਾਜ਼ੋਲ 1 ਮਿ.ਲੀ. ਜਾਂ ਪ੍ਰੋਪੀਕੋਨਾਜ਼ੋਲ 1 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਕੁੰਗੀ

ਕੁੰਗੀ: ਇਸ ਨਾਲ ਤਣੇ ਅਤੇ ਪੱਤਿਆਂ ਤੇ ਲਾਲ ਤੋਂ ਗੂੜੇ ਭੂਰੇ ਰੰਗ ਦਾ ਪਾਊਡਰ ਵਰਗਾ ਪਦਾਰਥ ਬਣ ਜਾਂਦਾ ਹੈ। ਗੰਭੀਰ ਹਮਲਾ ਹੋਣ ਤੇ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਪੌਦਾ ਨਸ਼ਟ ਹੋ ਜਾਂਦਾ ਹੈ।

ਇਸਦੀ ਰੋਕਥਾਮ ਲਈ, ਮੈਨਕੋਜ਼ੇਬ 1.5 ਗ੍ਰਾਮ ਪ੍ਰਤੀ ਲੀਟਰ ਜਾਂ ਜ਼ੀਨੇਬ 1 ਗ੍ਰਾਮ ਪ੍ਰਤੀ ਲੀਟਰ ਅਤੇ ਸਲਫਰ 1 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

ਫਸਲ ਦੀ ਕਟਾਈ

ਕਟਾਈ ਦਾ ਸਮਾਂ ਕਲੀ ਦੇ ਆਕਾਰ ਅਤੇ ਪੱਤੀਆਂ ਦੇ ਵਿਕਾਸ 'ਤੇ ਨਿਰਭਰ ਕਰਦਾ ਹੈ। ਇਸ ਦੀ ਕਟਾਈ ਹਮੇਸ਼ਾ ਸਵੇਰ ਦੇ ਸਮੇਂ ਕਰੋ। ਮੁੱਖ ਪੌਦੇ ਅਤੇ ਤਣੇ ਨੂੰ ਨੁਕਸਾਨ ਪਹੁੰਚਾਏ ਬਿਨ੍ਹਾਂ ਤਣੇ ਨੂੰ ਤਿੱਖੇ ਚਾਕੂ ਨਾਲ ਕੱਟੋ। ਉਤਪਾਦਨ ਸਮੇਂ ਹਰ ਦੋ ਦਿਨ ਬਾਅਦ ਫੁੱਲ ਕੱਟੋ। ਕਟਾਈ ਤੋਂ ਤੁਰੰਤ ਬਾਅਦ, ਫੁੱਲਾਂ ਨੂੰ ਪਾਣੀ ਜਾਂ ਸੁਰੱਖਿਅਤ ਘੋਲ (ਸਿਟਰਿਕ ਐਸਿਡ 5 ਮਿ.ਲੀ.+ਐਸਕੋਰਬਿਕ ਐਸਿਡ 5 ਮਿ.ਲੀ. ਪ੍ਰਤੀ ਲੀਟਰ ਪਾਣੀ) ਵਿੱਚ ਘੱਟ ਤੋਂ ਘੱਟ 4 ਘੰਟੇ ਲਈ ਰੱਖੋ। ਕੱਟੇ ਹੋਏ ਫੁੱਲ ਸਿੱਧੀ ਧੁੱਪ ਵਿੱਚ ਨਾ ਰੱਖੋ।

ਕਟਾਈ ਤੋਂ ਬਾਅਦ

ਕਟਾਈ ਪੂਰੀ ਹੋਣ ਤੋਂ ਬਾਅਦ ਛਾਂਟੀ ਕਰੋ ਅਤੇ ਫਿਰ ਉਚਿੱਤ ਗੁੱਛੇ ਬਣਾਓ। ਫਿਰ ਫੁੱਲਾਂ ਨੂੰ 2-4° ਸੈਲਸੀਅਸ ਤਾਪਮਾਨ 'ਤੇ ਕੋਲਡ ਸਟੋਰ ਵਿੱਚ ਰੱਖੋ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare