summer squash.jpeg

ਆਮ ਜਾਣਕਾਰੀ

ਇਹ ਗਰਮ ਮੌਸਮ ਦੀ ਫਸਲ ਹੈ ਅਤੇ ਜੜ੍ਹੀ-ਬੂਟੀਆਂ ਵਾਲੀ ਸਲਾਨਾ ਵੇਲ ਹੈ। ਇਸਦੇ ਫਲਾਂ ਦਾ ਆਕਾਰ, ਬਣਤਰ ਅਤੇ ਰੰਗ ਕਈ ਤਰ੍ਹਾਂ ਦਾ ਹੁੰਦਾ ਹੈ। ਇਹ ਫਸਲ ਕੁਕਰਬਿਟੇਸ਼ੀਅਮ ਪ੍ਰਜਾਤੀ ਨਾਲ ਸੰਬੰਧ ਰੱਖਦੀ ਹੈ। ਇਹ ਵਿਟਾਮਿਨ ਏ, ਕੈਲਸ਼ੀਅਮ ਅਤੇ ਫਾਸਫੋਰਸ ਦਾ ਭਰਪੂਰ ਸਰੋਤ ਹੈ। ਇਸ ਨੂੰ ਪੋਲੀਹਾਊਸ, ਗਰੀਨਹਾਊਸ ਅਤੇ ਨੈੱਟ ਹਾਊਸ ਵਿੱਚ ਉਗਾਇਆ ਜਾ ਸਕਦਾ ਹੈ। ਇਸਦੇ ਸਰੀਰਿਕ ਲਾਭ ਵੀ ਹਨ, ਜਿਵੇਂ ਇਹ ਸੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਹ ਅਸਥਮਾ ਦੇ ਮਰੀਜ਼ਾਂ, ਦਿਲ ਦੇ ਮਰੀਜ਼ਾ, ਅੱਖਾਂ ਅਤੇ ਚਮੜੀ ਦੀਆਂ ਬਿਮਾਰੀਆਂ ਅਤੇ ਹੱਡੀਆਂ ਅਤੇ ਸਿਹਤ ਲਈ ਵਧੀਆ ਹੈ। ਇਸ ਵਿੱਚ ਸੂਖਮਜੀਵੀ ਰੋਧਕ, ਐਂਟੀਸੈਪਟਿਕ ਅਤੇ ਐਂਟੀਫੰਗਸ ਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ।

ਮਿੱਟੀ

ਇਸ ਨੂੰ ਮਿੱਟੀ ਦੀਆਂ ਕਈ ਕਿਸਮਾਂ ਵਿੱਚ ਉਗਾਇਆ ਜਾ ਸਕਦਾ ਹੈ। ਰੇਤਲੀ ਦੋਮਟ ਤੋਂ ਦੋਮਟ ਮਿੱਟੀ ਚੱਪਣ ਕੱਦੂ ਦੀ ਖੇਤੀ ਲਈ ਉਪਯੋਗੀ ਹੁੰਦੀ ਹੈ। ਚੱਪਣ ਕੱਦੂ ਦੀ ਖੇਤੀ ਲਈ ਮਿੱਟੀ ਦਾ pH 5.5-6.5 ਹੋਣਾ ਚਾਹੀਦਾ।

ਪ੍ਰਸਿੱਧ ਕਿਸਮਾਂ ਅਤੇ ਝਾੜ

Punjab Chappan Kadoo-1: ਇਹ ਕਿਸਮ 1982 ਵਿੱਚ ਤਿਆਰ ਕੀਤੀ ਗਈ ਸੀ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ ਬਿਜਾਈ ਦੇ 60 ਦਿਨਾਂ ਦੇ ਬਾਅਦ ਤੁੜਾਈ ਦੇ ਲਈ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਪੱਤੇ ਸੰਘਣੇ ਅਤੇ ਹਰੇ ਰੰਗ ਦੇ ਹੁੰਦੇ ਹਨ, ਫਲ ਹਰੇ ਰੰਗ ਦੇ ਡਿਸਕ ਅਕਾਰ ਦੇ ਹੁੰਦੇ ਹਨ। ਇਹ ਕਿਸਮ ਪੱਤਿਆਂ ਦੇ ਥੱਲੇ ਧੱਬਿਆਂ ਦੀ ਪ੍ਰਤੀਰੋਧਕ ਅਤੇ ਵਿਸ਼ਾਣੂ ਰੋਗ, ਲਾਲ ਭੂੰਡੀ ਅਤੇ ਪੱਤਿਆਂ ਤੇ ਸਫੈਦ ਧੱਬਿਆਂ ਨੂੰ ਸਹਿਣਯੋਗ ਹੈ। ਇਸ ਦੇ ਫਲਾਂ ਦੀ ਔਸਤਨ ਪੈਦਾਵਾਰ 95 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

ਖੇਤ ਦੀ ਤਿਆਰੀ

ਚੱਪਣ ਕੱਦੂ ਦੀ ਖੇਤੀ ਲਈ ਵਧੀਆ ਤਰੀਕੇ ਨਾਲ ਤਿਆਰ ਜ਼ਮੀਨ ਦੀ ਜਰੂਰਤ ਹੁੰਦੀ ਹੈ । ਮਿੱਟੀ ਨੂੰ ਭੁਰਭੁਰਾ ਬਣਾਉਣ ਦੇ ਲਈ  2-3 ਵਹਾਈਆ ਕਰੋ। ਇਸਤੋਂ ਬਾਅਦ ਹੈਰੋ ਨਾਲ ਵਹਾਈ ਕਰੋ। 2 ਮੀਟਰ ਦੇ ਫਾਸਲੇ ਤੇ 15 ਸੈ.ਮੀ. ਡੂੰਘੀਆਂ ਖਾਲੀਆਂ ਬਣਾਓ।

ਬਿਜਾਈ

ਬਿਜਾਈ ਦਾ ਸਮਾਂ
ਬਿਜਾਈ ਦੇ ਲਈ ਮੱਧ ਜਨਵਰੀ ਤੋਂ ਮਾਰਚ ਅਤੇ ਅਕਤੂਬਰ ਤੋਂ ਨਵੰਬਰ ਦਾ ਮਹੀਨਾ ਸਹੀ ਹੁੰਦਾ ਹੈ।

ਫਾਸਲਾ
ਹਰ ਜਗ੍ਹਾ ਵਿੱਚ ਦੋ ਬੀਜ ਬੀਜੋ ਅਤੇ 45 ਸੈ.ਮੀ. ਫਾਸਲੇ ‘ਤੇ ਬੀਜੋ।

ਬੀਜ ਦੀ ਡੂੰਘਾਈ
ਬੀਜ ਨੂੰ 2.5-3.5 ਸੈ.ਮੀ. ਦੀ ਡੂੰਘਾਈ ਤੇ ਬੀਜਣਾ ਚਾਹੀਦਾ ਹੈ।

ਬਿਜਾਈ ਦਾ ਢੰਗ
ਇਸਦੀ ਬਿਜਾਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ
ਚੱਪਣ ਕੱਦੂ ਦੇ ਲਈ 2 ਕਿਲੋ ਬੀਜ ਪ੍ਰਤੀ ਏਕੜ ਵਿੱਚ ਵਰਤੋਂ।

ਬੀਜ ਦੀ ਸੋਧ
ਬਿਜਾਈ ਤੋਂ ਪਹਿਲਾਂ, ਬੀਜ ਨੂੰ 12-24 ਘੰਟੇ ਦੇ ਲਈ ਪਾਣੀ ਵਿੱਚ ਭਿਉਂ ਦੇਵੋ। ਇਸ ਨਾਲ ਪੁੰਗਰਣ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਮਿੱਟੀ ਤੋਂ ਪੈਦਾ ਹੋਣ ਵਾਲੀ ਫੰਗਸ ਤੋਂ ਬਚਾਉਣ ਲਈ ਬਿਜਾਈ ਤੋਂ ਪਹਿਲਾਂ, ਕਾਰਬੈਂਡਾਜ਼ਿਮ 2 ਗ੍ਰਾਮ ਜਾਂ ਥੀਰਮ 2.5 ਗ੍ਰਾਮ ਨਾਲ ਪ੍ਰਤੀ ਕਿਲੋ ਬੀਜ ਦਾ ਉਪਚਾਰ ਕਰੋ। ਰਸਾਇਣਿਕ ਉਪਚਾਰ ਤੋਂ ਬਾਅਦ ਟਰਾਈਕੋਡਰਮਾ ਵਿਰਾਈਡ 4 ਗ੍ਰਾਮ ਜਾਂ ਸਿਊਡੋਮੋਨਸ ਫਲੂਰੋਸੈਂਸ 10 ਗ੍ਰਾਮ ਨਾਲ ਪ੍ਰਤੀ ਕਿਲੋ ਬੀਜ ਦਾ ਉਪਚਾਰ ਕਰੋ।

ਇਹਨਾਂ ਵਿੱਚੋ ਕਿਸੇ ਇੱਕ ਫੰਗਸਨਾਸ਼ੀ ਜਾਂ ਕੀਟਨਾਸ਼ੀ ਦਾ ਪ੍ਰਯੋਗ ਕਰੋ:

 
ਫੰਗਸਨਾਸ਼ੀ ਜਾਂ ਕੀਟਨਾਸ਼ੀ ਮਾਤਰਾ(ਪ੍ਰਤੀ ਕਿਲੋ ਬੀਜ)

ਕਾਰਬੈਂਡਾਜ਼ਿਮ

2 ਗ੍ਰਾਮ

ਥੀਰਮ

2.5 ਗ੍ਰਾਮ

 

ਖਾਦਾਂ

ਖਾਦਾਂ (ਕਿਲੋਗ੍ਰਾਮ ਪ੍ਰਤੀ ਏਕੜ)

ਯੂਰੀਆ ਐਸ ਐਸ ਪੀ ਮਿਊਰੇਟ ਆਫ ਪੋਟਾਸ਼
90 125 25

 

ਤੱਤ ( ਕਿਲੋਗ੍ਰਾਮ ਪ੍ਰਤੀ ਏਕੜ)

ਨਾਈਟ੍ਰੋਜਨ ਫਾਸਫੋਰਸ ਪੋਟਾਸ਼
40 20 15

 

ਬੈੱਡ ਦੀ ਤਿਆਰੀ ਤੋਂ ਪਹਿਲਾ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ  15 ਟਨ ਪ੍ਰਤੀ ਏਕੜ ਵਿੱਚ ਪਾਓ। ਨਾਈਟ੍ਰੋਜਨ 40 ਕਿਲੋ ( ਯੂਰੀਆ 90 ਕਿਲੋ), ਫਾਸਫੋਰਸ 20 ਕਿਲੋ ( ਐਸ ਐਸ ਪੀ  125 ਕਿਲੋ), ਅਤੇ ਪੋਟਾਸ਼ 15 ਕਿਲੋ ( ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਵਿੱਚ ਪਾਓ। ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਖੇਤ ਦੀ ਤਿਆਰੀ ਸਮੇ ਪਾਓ। ਬਾਕੀ ਬਚੀ ਨਾਈਟ੍ਰੋਜਨ ਨੂੰ ਬਿਜਾਈ ਤੋਂ ਇੱਕ ਮਹੀਨਾ ਬਾਅਦ ਫਸਲ ਉੱਪਰ ਪਾਓ ਜਾਂ ਟਾੱਪ ਡ੍ਰੈਸਿੰਗ ਕਰੋ।

ਸਿੰਚਾਈ

ਬੀਜ ਨੂੰ ਬੀਜਣ ਦੇ ਬਾਅਦ ਤੁਰੰਤ ਸਿੰਚਾਈ ਦੀ ਜਰੂਰਤ ਹੁੰਦੀ ਹੈ ਅਤੇ ਫਿਰ ਮੌਸਮ ਦੇ ਆਧਾਰ ਤੇ 6-7 ਦਿਨਾਂ ਦੇ ਅੰਤਰਾਲ ਤੇ ਲਗਾਤਾਰ ਸਿੰਚਾਈ ਕਰੋ। ਇਸ ਫਸਲ ਨੂੰ ਕੁੱਲ 9-10 ਸਿੰਚਾਈਆਂ ਦੀ ਜਰੂਰਤ ਹੁੰਦੀ ਹੈ।

ਨਦੀਨਾਂ ਦੀ ਰੋਕਥਾਮ

ਨਦੀਨਾਂ ਨੂੰ ਰੋਕਣ ਦੇ ਲਈ ਹੱਥਾਂ ਨਾਲ ਗੋਡੀ ਕਰੋ । ਨਦੀਨਾਂ ਦੇ ਵਾਧੇ ਨੂੰ ਰੋਕਣ ਲਈ 2 ਹਫਤਿਆਂ ਦੇ ਪੌਦਿਆਂ ਦੀ ਗੋਡੀ ਕਰਦੇ ਰਹੋ।

ਪੌਦੇ ਦੀ ਦੇਖਭਾਲ

  • ਬਿਮਾਰੀਆਂ ਅਤੇ ਰੋਕਥਾਮ

ਬੈਕਟੀਰੀਅਲ ਸੋਕਾ: ਇਹ ਅਰਵੀਨੀਆ ਟ੍ਰੈਕਈਫਿਲਾ ਦੇ ਕਾਰਨ ਹੁੰਦਾ ਹੈ। ਇਹ ਪੌਦੇ ਦੀ ਮੁੱਖ ਕੋਸ਼ਿਕਾਵਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਦੇ ਕਾਰਨ ਪੌਦਾ ਤੁਰੰਤ ਸੁੱਕ ਜਾਂਦਾ ਹੈ।

ਉਪਚਾਰ: ਬੈਕਟੀਰੀਅਲ ਸੋਕੇ ਦੇ ਬਚਾਅ ਦੇ ਲਈ ਕੀਟਨਾਸ਼ਕ ਦੀ ਫੋਲੀਅਰ ਸਪਰੇਅ ਕਰੋ।

ਪੱਤਿਆਂ ਤੇ ਸਫੈਦ ਧੱਬੇ: ਇਸ ਦੇ ਕਾਰਨ ਪੱਤਿਆਂ ਦੀ ਉਪਰਲੀ ਪਰਤ ਤੇ ਸਫੈਦ ਰੰਗ ਦੇ ਧੱਬੇ ਪੈ ਜਾਂਦੇ ਹਨ ਜਿਸ ਦੇ ਕਾਰਨ ਪੱਤੇ ਸੁੱਕ ਜਾਂਦੇ ਹਨ।

ਉਪਚਾਰ: ਇਸ ਦੇ ਬਚਾਅ ਦੇ ਲਈ ਕਾਰਬੈਂਡਾਜ਼ਿਮ 2 ਗ੍ਰਾਮ ਨੂੰ  1 ਲੀਟਰ ਪਾਣੀ ਵਿੱਚ ਮਿਲਾਕੇ ਸਪਰੇਅ ਕਰੋ। ਇਸ ਨੂੰ ਫੰਗਸਨਾਸ਼ੀ ਜਿਵੇਂ ਕਲੋਰੋਥੈਲੋਨਿਲ, ਬੇਨੋਮਾਈਲ ਜਾਂ ਡਿਨੋਕੈਪ ਦੀ ਸਪਰੇਅ ਨਾਲ ਵੀ ਕੰਟਰੋਲ ਕੀਤਾ ਜਾ ਸਕਦਾ ਹੈ।

ਖੀਰੇ ਦਾ ਚਿਤਕਬਰਾ ਰੋਗ: ਇਸ ਦੇ ਕਾਰਨ ਪੌਦੇ ਦਾ ਵਾਧਾ ਘੱਟ ਹੋ ਜਾਂਦਾ ਹੈ। ਪੱਤੇ ਹੇਠਾਂ ਵੱਲ ਨੂੰ ਹੋ ਜਾਂਦੇ ਹਨ ਅਤੇ ਫਲ ਦਾ ਸਿਰਾ ਹਲਕੇ ਪੀਲੇ ਰੰਗ ਦਾ ਹੋ ਜਾਂਦਾ ਹੈ।

ਉਪਚਾਰ: ਚਿਤਕਬਰੇ ਰੋਗ ਦੇ ਬਚਾਅ ਲਈ ਡਾਇਆਜਿਨੋਨ ਪਾਓ। ਇਮੀਡਾਕਲੋਪ੍ਰਿਡ 17.8 % ਐਸ ਐਲ 7 ਮਿ.ਲੀ. ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

  • ਹਾਨੀਕਾਰਕ ਕੀੜੇ ਤੇ ਰੋਕਥਾਮ

ਫਲ ਦੀ ਮੱਖੀ: ਇਹ ਚੱਪਣ ਕੱਦੂ ਦਾ ਗੰਭੀਰ ਕੀੜਾ ਹੈ । ਮਾਦਾ ਮੱਖੀ ਫਲ ਦੀ ਬਾਹਰਲੀ ਪਰਤ ਦੇ ਥੱਲੇ ਆਂਡੇ ਦਿੰਦੀ ਹੈ । ਇਸ ਤੋਂ ਬਾਅਦ ਛੋਟੇ ਕੀੜੇ ਫਲ ਦਾ ਗੁੱਦਾ ਖਾਂਦੇ ਹਨ ਜਿਸ ਨਾਲ ਫਲ ਗਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਡਿੱਗ ਜਾਂਦਾ ਹੈ।

ਉਪਚਾਰ: ਫਲ ਦੀ ਮੱਖੀ ਤੋਂ ਫਸਲ ਨੂੰ ਬਚਾਉੇਣ ਦੇ ਲਈ ਨਿੰਮ ਦਾ ਤੇਲ 3.0 % ਦੀ ਫੋਲੀਅਰ ਸਪਰੇਅ ਕਰੋ।

ਚੇਪਾ ਅਤੇ ਥਰਿੱਪ: ਇਹ ਕੀਟ ਪੱਤਿਆਂ ਦਾ ਰਸ ਚੂਸਦੇ ਹਨ ਜਿਸ ਦੇ ਕਾਰਨ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਡਿੱਗ ਜਾਂਦੇ ਹਨ। ਥਰਿੱਪ ਦੇ ਕਾਰਨ ਪੱਤੇ ਮੁੜ ਜਾਂਦੇ ਹਨ। ਪੱਤੇ ਕੱਪ ਦੇ ਆਕਾਰ ਦੇ ਜਾਂ ਉੱਪਰ ਵੱਲ ਨੂੰ ਮੁੜ ਜਾਂਦੇ ਹਨ।

ਉਪਚਾਰ: ਜੇਕਰ ਇਸ ਦਾ ਹਮਲਾ ਦਿਖੇ ਤਾ ਥਾਇਓਮੈਥੋਕਸਮ 5 ਗ੍ਰਾਮ ਨੂੰ 15 ਲੀਟਰ ਪਾਣੀ ਵਿੱਚ ਮਿਲਾਕੇ ਸਪਰੇਅ ਕਰੋ।

ਕਾਲੀ ਭੂੰਡੀ: ਇਹ ਕਾਲੀਆ ਚਮਕਦਾਰ ਭੂੰਡੀਆਂ ਹੁੰਦੀਆ ਹਨ ਜੋ ਕਿ ਪੌਦਿਆਂ ਨੂੰ ਖਾਂਦੀਆਂ ਹਨ।

ਉਪਚਾਰ: ਜੇਕਰ ਇਸ ਦਾ ਹਮਲਾ ਦਿਖ਼ਾਈ ਦੇਵੇ ਤਾਂ ਰੋਕਥਾਮ ਦੇ ਲਈ ਮੈਲਾਥਿਆਨ 50 ਈ ਸੀ 1 ਮਿ:ਲੀ: ਜਾਂ ਡਾਈਮੈਥੋਏਟ 30 ਈ ਸੀ  1 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

ਫਸਲ ਦੀ ਕਟਾਈ

ਬਿਜਾਈ ਦੇ 60-80 ਦਿਨਾਂ ਦੇ ਬਾਅਦ ਕਿਸਮ ਅਤੇ ਮੌਸਮ ਦੇ ਆਧਾਰ ਤੇ ਪਹਿਲੀ ਤੁੜਾਈ ਕਰੋ। ਫਲ ਬਣਨ ਦੇ 7 ਦਿਨਾਂ ਤੋਂ ਬਾਅਦ ਤੁੜਾਈ ਕੀਤੀ ਜਾਂਦੀ ਹੈ। ਤੁੜਾਈ 2-3 ਦਿਨਾਂ ਦੇ ਫਾਸਲੇ ਤੇ ਕੀਤੀ ਜਾਣੀ ਚਾਹੀਦੀ ਹੈ।

ਬੀਜ ਉਤਪਾਦਨ

ਚੱਪਣ ਕੱਦੂ ਦੀਆਂ ਹੋਰ ਕਿਸਮਾਂ ਵਿੱਚ 800 ਮੀਟਰ ਦਾ ਫਾਸਲਾ ਰੱਖੋ। ਇਸ ਦੀਆਂ ਤਿੰਨ ਪਰਖਾਂ-ਪਹਿਲੀ ਫੁੱਲ ਨਿੱਕਲਣ ਤੋਂ ਪਹਿਲਾਂ, ਦੂਜੀ ਫਲ ਨਿੱਕਲਣ ਦੇ ਸਮੇਂ ਤੇ ਫਲ ਬਣਨ ਦੇ ਸਮੇਂ ਅਤੇ ਤੀਜੀ ਫਲ ਦੀ ਤੁੜਾਈ ਸਮੇਂ ਕਰਨੀ ਚਾਹੀਦੀ ਹੈ। ਬਿਮਾਰੀ ਨਾਲ ਪ੍ਰਭਾਵਿਤ ਪੌਦਿਆਂ ਅਤੇ ਹੋਰ ਕਿਸਮਾਂ ਦੇ ਪੌਦਿਆਂ ਨੂੰ ਕੱਢ ਦਿਓ। ਫਲ ਦੇ ਗਹਿਰੇ ਪੀਲੇ ਤੋਂ ਸੰਤਰੀ ਰੰਗ ਦਾ ਹੋ ਜਾਣ ਤੇ ਬੀਜ ਲੈਣ ਦੇ ਲਈ ਫਲ ਦੀ ਤੁੜਾਈ ਕੀਤੀ ਜਾਂਦੀ ਹੈ । ਤੋੜੇ ਗਏ ਫਲ ਨੂੰ ਦੋ ਭਾਗਾਂ ਵਿੱਚ ਕੱਟੋ ਅਤੇ ਹੱਥ ਨਾਲ ਬੀਜ ਕੱਢ ਲਵੋ। ਉਸ ਤੋਂ ਬਾਅਦ ਬੀਜਾਂ ਨੂੰ ਪਾਣੀ ਨਾਲ ਧੋਵੋ ਅਤੇ ਫਲ ਦੇ ਗੁੱਦੇ ਨੂੰ ਕੱਢ ਲਵੋ। ਕੱਢੇ ਹੋਏ ਬੀਜਾਂ ਨੂੰ ਸੁਕਾ ਲਵੋ। ਇਸ ਦੀ ਔਸਤਨ ਪੈਦਾਵਾਰ 2-2.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।