ਹਰਿਆਣਾ ਚ ਮੀਂਹ ਕਾਰਨ ਫਸਲਾਂ ਤਬਾਹ, 55 ਹਜ਼ਾਰ ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ

September 24 2021

ਹਰਿਆਣਾ ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਸ਼ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਤਬਾਹ ਕੀਤਾ ਹੈ। ਕਈ ਜ਼ਿਲ੍ਹਿਆਂ ਵਿੱਚ ਪਾਣੀ ਖੜ੍ਹਾ ਰਹਿਣ ਕਾਰਨ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ, ਜਦੋਂ ਕਿ ਕਈ ਥਾਵਾਂ ’ਤੇ ਫਸਲਾਂ ਤਬਾਹ ਹੋ ਗਈਆਂ ਹਨ। ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕਰੀਬ 55 ਹਜ਼ਾਰ ਕਿਸਾਨਾਂ ਨੇ ਫ਼ਸਲਾਂ ਦੇ ਨੁਕਸਾਨ ਦਾ ਦਾਅਵਾ ਕਰਦਿਆਂ ਖੇਤੀਬਾੜੀ ਵਿਭਾਗ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਵਿਭਾਗ ਇਸ ਦੀ ਅਸਲੀਅਤ ਜਾਣਨ ਲਈ ਅਗਲੇ ਤਿੰਨ ਦਿਨਾਂ ਵਿੱਚ ਸਰਵੇਖਣ ਕਰੇਗਾ। ਦੂਜੇ ਪਾਸੇ ਅਜਿਹੇ ਕਿਸਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਜੋ ਵਿਭਾਗ ਕੋਲ ਸ਼ਿਕਾਇਤ ਦਰਜ ਨਹੀਂ ਕਰਵਾ ਸਕੇ। ਪਿਛਲੇ ਇੱਕ ਹਫ਼ਤੇ ਵਿੱਚ ਕਰਨਾਲ, ਕੈਥਲ, ਕੁਰੂਕਸ਼ੇਤਰ ਵਿੱਚ ਝੋਨਾ, ਫਤਿਹਾਬਾਦ, ਸਿਰਸਾ ਤੇ ਹਿਸਾਰ ਤੋਂ ਕਪਾਹ ਤੇ ਰੇਵਾੜੀ, ਭਿਵਾਨੀ, ਜੀਂਦ ਸਮੇਤ ਹੋਰ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਬਾਜਰੇ ਦੀ ਫ਼ਸਲ ਖਰਾਬ ਹੋਣ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ।

ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਜਗਰਾਜ ਢਾਂਡੀ ਨੇ ਕਿਹਾ ਕਿ ਸਾਨੂੰ 50,000 ਕਿਸਾਨਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਹਕੀਕਤ ਵਿੱਚ ਕਿੰਨੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਵੇਗਾ। ਵਿਭਾਗ ਅਗਲੇ ਤਿੰਨ ਦਿਨਾਂ ਵਿੱਚ ਆਪਣਾ ਸਰਵੇਖਣ ਕਰੇਗਾ। ਦੱਸ ਦਈਏ ਕਿ ਹਰਿਆਣਾ ਵਿੱਚ ਇਸ ਵਾਰ ਝੋਨੇ ਦੀ ਬਿਜਾਈ 12 ਲੱਖ ਹੈਕਟੇਅਰ ਵਿੱਚ, ਕਪਾਹ ਦੀ ਬਿਜਾਈ 1.25 ਲੱਖ ਹੈਕਟੇਅਰ ਵਿੱਚ ਹੋਈ ਹੈ।

ਕਪਾਹ, ਝੋਨਾ, ਬਾਜਰਾ, ਮੂੰਗੀ ਤੇ ਸਬਜ਼ੀਆਂ ਨੂੰ ਨੁਕਸਾਨ

ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਫਤਿਹਾਬਾਦ, ਸਿਰਸਾ, ਰੇਵਾੜੀ, ਹਿਸਾਰ, ਨਾਰਨੌਲ, ਸੋਨੀਪਤ, ਜੀਂਦ, ਰੋਹਤਕ, ਝੱਜਰ, ਭਿਵਾਨੀ ਜ਼ਿਲ੍ਹਿਆਂ ਵਿੱਚ ਨਰਮਾ, ਕਪਾਹ, ਝੋਨਾ, ਬਾਜਰਾ, ਮੂੰਗ, ਸਬਜ਼ੀਆਂ ਨੂੰ 50 ਤੋਂ 80 ਪ੍ਰਤੀਸ਼ਤ ਤੱਕ ਨੁਕਸਾਨ ਹੋਇਆ ਹੈ। ਕਿਸਾਨਾਂ ਨੂੰ ਮੁਆਵਜ਼ੇ ਦੇ ਪ੍ਰਬੰਧ ਕਰਨ ਦੇ ਨਾਲ-ਨਾਲ ਪਾਣੀ ਦੇ ਨਿਕਾਸ ਤੇ ਮੰਡੀਆਂ ਵਿੱਚ ਫਸਲਾਂ ਦੀ ਖਰੀਦ ਦੇ ਪ੍ਰਬੰਧ ਤੁਰੰਤ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live