ਯੂਰੀਆ ਖਾਦ ਲਈ ਕਿਸਾਨਾਂ ਨੇ ਹਰਿਆਣਾ ਵੱਲ ਘੱਤੀਆਂ ਵਹੀਰਾਂ

October 29 2020

ਕੇਂਦਰ ਸਰਕਾਰ ਵੱਲੋਂ ਪਾਸੇ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਯੂਨੀਅਨਾਂ ਵੱਲੋਂ ਬੰਦ ਕੀਤੀ ਰੇਲ ਆਵਾਜਾਈ ਤੇ ਹੁਣ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਰੇਲ ਵਿਭਾਗ ਵੱਲੋਂ ਬੰਦ ਕੀਤੀ ਮਾਲ ਗੱਡੀਆਂ ਦੀ ਆਵਾਜਾਈ ਦੇ ਮੱਦੇਨਜ਼ਰ ਸੂਬੇ ਦੇ ਕਿਸਾਨਾਂ ਨੇ ਹਾੜੀ ਦੀ ਫ਼ਸਲ ਲਈ ਯੂਰੀਆ ਦੀ ਸੰਭਾਵੀ ਘਾਟ ਵੇਖਦੇ ਹੋਏ ਯੂਰੀਆ ਲੈਣ ਲਈ ਹਰਿਆਣਾ ਦੀਆਂ ਸਰਹੱਦੀ ਮੰਡੀਆਂ ਵੱਲ ਚਾਲੇ ਪਾ ਲਏ ਹਨ।ਸੂਬੇ ਦੇ ਨਾਲ ਲੱਗਦੇ ਹਰਿਆਣਾ ਦੇ ਸਰਹੱਦੀ ਸਹਿਰ ਗੂਹਲਾ, ਚੀਕਾ, ਖਰਕਾਂ, ਕੈੱਥਲ, ਟੋਹਾਣਾ, ਜਾਖਲ ਆਦਿ ਸ਼ਹਿਰਾਂ ਵਿੱਚੋਂ ਯੂਰੀਆ ਖਾਦ ਆਮ ਮਿਲਣ ਕਾਰਨ ਕਿਸਾਨ ਯੂਰੀਆ ਖਾਦ ਦੀਆਂ ਰੋਜ਼ਾਨਾ ਦਰਜਨਾਂ ਟਰੈਕਟਰ ਟਰਾਲੀਆਂ ਭਰ ਕੇ ਲਿਆ ਰਹੇ ਹਨ। ਹਰਿਆਣਾ ਦੀਆਂ ਮੰਡੀਆਂ ਵਿੱਚੋਂ ਸੂਬੇ ਦੇ ਸਰਹੱਦੀ ਪਿੰਡਾਂ ਦੇ ਕਿਸਾਨ ਹੀ ਨਹੀਂ, ਸਗੋਂ ਇਨ੍ਹਾਂ ਮੰਡੀਆਂ ਵਿੱਚੋਂ 60-70 ਕਿੱਲੋਮੀਟਰ ਦੂਰ ਦੇ ਕਿਸਾਨ ਹਰਿਆਣਾ ਵਿੱਚੋਂ ਖਾਦ ਲਿਆ ਰਹੇ ਹਨ। ਝੋਨੇ ਦੀ ਕਟਾਈ ਮਗਰੋਂ ਭਾਵੇਂ ਹਾਲੇ ਪੰਜਾਬ ਵਿਚ ਕਣਕ ਦੀ ਬਿਜਾਈ ਚੰਗੀ ਤਰ੍ਹਾਂ ਸ਼ੁਰੂ ਨਹੀਂ ਹੋਈ ਪਰ ਫੇਰ ਵੀ ਕਿਸਾਨ ਖਾਦ ਦੀ ਘਾਟ ਦੇ ਖਦਸ਼ੇ ਕਾਰਨ ਹੁਣੇ ਯੂਰੀਆ ਖਾਦ ਖ਼ਰੀਦਣ ਲਈ ਹਰਿਆਣਾ ਵਿਚਲੇ ਆਪਣੇ ਸਾਕ ਸਬੰਧੀਆਂ ਨਾਲ ਤਾਲਮੇਲ ਬਣਾ ਰਹੇ ਹਨ। ਹਾੜੀ ਦੀ ਫ਼ਸਲ ਲਈ ਪੰਜਾਬ ਵਿਚ ਪਹਿਲਾਂ ਹੀ ਯੂਰੀਆ ਖਾਦ ਦੀ ਘਾਟ ਕਾਰਨ ਸੂਬਾ ਸਰਕਾਰ ਵਲੋਂ ਡੀਸੀਜ਼ ਰਾਹੀਂ ਖਾਦ ਕੰਪਨੀਆਂ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ, ਜਿਸ ਤਹਿਤ ਸੂਬੇ ਦੀਆਂ ਖਾਦ ਕੰਪਨੀਆਂ ਸਹਿਕਾਰੀ ਸੁਸਾਇਟੀਆਂ ਨੂੰ 80 ਫ਼ੀਸਦ ਯੂਰੀਆ ਦੇਣ ਲਈ ਪਾਬੰਦ ਹੋਣਗੀਆਂ। ਮਾਲ ਗੱਡੀਆਂ ਦੀ ਸੂਬੇ ਵਿਚ ਆਵਾਜਾਈ ਬੰਦ ਹੋਣ ਨਾਲ ਡੀਏਪੀ ਖਾਦ ਦੀ ਘਾਟ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ ਪਰ ਖਾਦ ਕੰਪਨੀਆਂ ਨੇ ਹਰਿਆਣਾ ਵਿਚ ਡੀਏਪੀ ਖਾਦ ਦੇ ਰੈਕ ਲਵਾ ਕੇ ਸੂਬੇ ਦੇ ਡੀਲਰਾਂ ਨੂੰ ਡੀਏਪੀ ਖਾਦ ਮੁਹੱਈਆ ਕਰਵਾਉਣੀ ਸ਼ੁਰੂ ਕਰ ਕੇ ਕਾਫੀ ਹੱਦ ਤੱਕ ਡੀਏਪੀ ਖਾਦ ਦਾ ਮਸਲਾ ਹੱਲ ਕਰ ਲਿਆ ਹੈ। ਖਾਦ ਦੇ ਡੀਲਰਾਂ ਮੁਤਾਬਕ ਖਾਦ ਕੰਪਨੀਆਂ ਜੇ ਹਰਿਆਣਾ ਵਿੱਚੋਂ ਡੀਏਪੀ ਖਾਦ ਸਪਲਾਈ ਕਰ ਸਕਦੀਆਂ ਹਨ ਤਾਂ ਫੇਰ ਉਨ੍ਹਾਂ ਨੂੰ ਯੂਰੀਆ ਖਾਦ ਅਪਲਾਈ ਕਰਨ ਵਿਚ ਕੀ ਹਰਜ ਹੈ? ਨਿਯਮਾਂ ਅਨੁਸਾਰ ਹਰ ਸੂਬੇ ਦੇ ਖੇਤੀਬਾੜੀ ਅਧਿਕਾਰੀਆਂ ਦੀ ਮੰਗ ਤਹਿਤ ਖਾਦ ਕੰਪਨੀਆਂ ਉਸ ਸੂਬੇ ਨੂੰ ਖਾਦ ਸਪਲਾਈ ਕਰਦੀਆਂ ਹਨ ਜਿੰਨੀ ਉਨ੍ਹਾਂ ਦੀ ਜ਼ਰੂਰਤ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran