ਕਪਾਹ ਪੱਟੀ ਵਿੱਚ ਬੀ.ਟੀ ਕਾਟਨ ਉੱਪਰ ਹਰੇ ਤੇਲੇ ਦਾ ਹਮਲਾ ਹੋ ਗਿਆ ਹੈ ਜਿਸ ਤੋਂ ਘਬਰਾ ਕੇ ਕੁਝ ਕਿਸਾਨਾਂ ਨੇ ਆਪਣੀ ਫ਼ਸਲ ਦੇ ਬਚਾਅ ਲਈ ਸਪਰੇਅ ਕਰਨੀ ਸ਼ੁਰੂ ਕਰ ਦਿੱਤੀ ਹੈ। ਖੇਤੀ ਵਿਭਾਗ ਨੇ ਕਿਸਾਨਾਂ ਨੂੰ ਦੇਖਾ-ਦੇਖੀ ਸਪੇਰਆਂ ਕਰਨ ਤੋਂ ਵਰਜਿਆ ਹੈ। ਮਹਿਕਮੇ ਦੇ ਮਾਹਿਰਾਂ ਨੇ ਇਸ ਹਮਲੇ ਨੂੰ ਮਾਮੂਲੀ ਮੰਨਿਆ ਹੈ ਅਤੇ ਇਸ ਨੂੰ ਈ.ਟੀ.ਐਲ ਲੈਵਲ ਤੋਂ ਥੱਲੇ ਕਰਾਰ ਦਿੱਤਾ ਹੈ। ਬੇਸ਼ੱਕ ਕਿਸਾਨਾਂ ਵੱਲੋਂ ਨਰਮੇ ਦੀ ਫ਼ਸਲ ਉੱਤੇ ਹਰੇ ਤੇਲੇ ਦੇ ਹਮਲੇ ਲਈ ਕੁਝ ਕੁ ਥਾਵਾਂ ’ਤੇ ਸਪਰੇਅ ਛਿੜਕਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ, ਪਰ ਵਿਭਾਗ ਵੱਲੋਂ ਕੀਤੇ ਤਾਜ਼ਾ ਸਰਵੇਖਣ ਦੌਰਾਨ ਇਸ ਹਮਲੇ ਦਾ ਮਾਮਲਾ ਖੇਤਾਂ ਵਿੱਚ ਕਿਧਰੇ ਵੀ ਸਾਹਮਣੇ ਨਹੀਂ ਆਇਆ ਹੈ।
ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁੱਖ ਅਫ਼ਸਰ ਡਾ. ਮਨਜੀਤ ਸਿੰਘ ਨੇ ਖੇਤਾਂ ਦਾ ਦੌਰਾ ਕਰਨ ਮਗਰੋਂ ਦੱਸਿਆ ਕਿ ਹਰੇ ਤੇਲੇ ਦਾ ਭਾਵੇਂ ਕਿਤੇ-ਕਿਤੇ ਹਮਲਾ ਹੋ ਗਿਆ ਹੈ, ਪਰ ਫਿਲਹਾਲ ਇਹ ਕੰਟਰੋਲ ਹੇਠ ਹੈ। ਕਿਸਾਨਾਂ ਨੂੰ ਇਸ ਤੋਂ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਪਾਹ ਮਾਹਿਰਾਂ ਨੇ ਕੋਈ ਦਵਾਈ ਛਿੜਕਣ ਦੀ ਸਿਫਾਰਸ਼ ਨਹੀਂ ਕੀਤੀ ਹੈ।
ਖੇਤੀਬਾੜੀ ਵਿਭਾਗ ਦੇ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਕਿਸਾਨ ਹਰੇ ਤੇਲੇ ਤੋਂ ਫ਼ਸਲ ਨੂੰ ਬਚਾਉਣ ਲਈ ਨਿਮੋਲੀਆਂ ਦੀ ਨਰਮੇ ’ਤੇ ਸਪਰੇਅ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵੈਸੇ ਅਜੇ ਤੱਕ ਤੇਲੇ ਨੂੰ ਮਾਰਨ ਲਈ ਸਪਰੇਆਂ ਦੀ ਲੋੜ ਨਹੀਂ ਹੈ। ਇਹ ਤੇਲਾ ਮੀਂਹ ਪੈਣ ਨਾਲ ਹੀ ਮਰ ਜਾਣਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐਸ ਰੋਮਾਣਾ ਨੇ ਕਿਹਾ ਕਿ ਵੈਸੇ ਨਰਮੇ ਉੱਤੇ ਰਸ ਚੂਸਣ ਵਾਲੇ ਕੀੜਿਆਂ ਵਿੱਚੋਂ ਤੇਲੇ ਬਹੁਤ ਖ਼ਤਰਨਾਕ ਹਨ ਅਤੇ ਇਹ ਜੁਲਾਈ ਤੋਂ ਸਤੰਬਰ ਦੇ ਮਹੀਨੇ ਤੱਕ ਇਸ ਫ਼ਸਲ ਦਾ ਨੁਕਸਾਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਤੇਲਾ ਨਰਮੇ ਦੇ ਪੱਤਿਆਂ ਦਾ ਰਸ ਚੂਸਦੇ ਹਨ ਅਤੇ ਜ਼ਿਆਦਾ ਹਮਲੇ ਦੌਰਾਨ ਪੱਤੇ ਝੜ ਜਾਂਦੇ ਹਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune