ਪੰਜਾਬ ਖੇਤੀ ਪ੍ਰਧਾਨ ਰਾਜ ਹੋਣ ਕਰਕੇ ਇੱਥੋਂ ਦੇ ਵਧੇਰੇ ਲੋਕ ਖੇਤੀ ਉੱਤੇ ਹੀ ਨਿਰਭਰ ਕਰਦੇ ਹਨ। ਜਨਸੰਖਿਆ ਅਤੇ ਪਰਿਵਾਰਾਂ ਦੀ ਗਿਣਤੀ ਵੱਧ ਹੋਣ ਕਰਕੇ ਖੇਤੀ ਯੋਗ ਜ਼ਮੀਨਾਂ ਦੀ ਬਹੁਤ ਘਾਟ ਹੋਣ ਲੱਗ ਪਈ ਹੈ। ਅਜਿਹੀ ਹਾਲਤ ਵਿਚ ਕਿਸਾਨ ਭਰਾਵਾਂ ਨੂੰ ਘੱਟ ਜ਼ਮੀਨ ਉੱਤੇ ਵੱਧ ਆਮਦਨ ਪੈਦਾ ਕਰਨ ਦੇ ਉਪਰਾਲੇ ਕਰਨੇ ਪੈਣਗੇ ਤਾਂ ਜੋ ਉਸ ਦੀ ਆਰਥਿਕ ਹਾਲਤ ਵਿਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ। ਇਸ ਲਈ ਕੁਝ ਅਜਿਹੇ ਖੇਤੀ ਧੰਦਿਆਂ ਨੂੰ ਅਪਣਾਉਣ ਦੀ ਲੋੜ ਹੈ, ਜਿਨ੍ਹਾਂ ਨੂੰ ਘੱਟ ਜ਼ਮੀਨ ਉੱਤੇ ਵੀ ਬਹੁਤ ਵਧੀਆ ਢੰਗ ਨਾਲ ਕੀਤਾ ਜਾ ਸਕੇ ਅਤੇ ਉਸ ਤੋਂ ਚੰਗੀ ਆਮਦਨ ਵੀ ਮਿਲਦੀ ਰਹੇ।
ਦੋ-ਫ਼ਸਲੀ ਚੱਕਰ ਨਾਲ ਔਖਾ ਹੋਇਆ ਗੁਜ਼ਾਰਾ
ਪੰਜਾਬ ਦਾ ਕਿਸਾਨ ਸ਼ੁਰੂ ਤੋਂ ਹੀ ਕਣਕ- ਝੋਨੇ ਦੇ ਫ਼ਸਲੀ ਚੱਕਰ ਵਿਚ ਉਲਝਿਆ ਹੋਇਆ ਹੈ। ਜ਼ਮੀਨ ਘਟਣ ਕਰਕੇ ਹੁਣ ਕਿਸਾਨ ਲਈ ਇਸ ਦੋ-ਫ਼ਸਲੀ ਚੱਕਰ ਵਿਚ ਆਪਣਾ ਗੁਜ਼ਾਰਾ ਔਖਾ ਹੋ ਗਿਆ ਹੈ। ਇਸ ਲਈ ਹੁਣ ਲੋੜ ਹੈ ਘੱਟ ਜ਼ਮੀਨ ਉੱਤੇ ਵੱਧ ਮੁਨਾਫ਼ਾ ਦੇਣ ਵਾਲੀਆਂ ਫ਼ਸਲਾਂ ਦੀ ਕਾਸ਼ਤ ਕਰ ਕੇ ਵਧੀਆ ਆਮਦਨ ਪ੍ਰਾਪਤ ਕਰਨ ਦੀ। ਇਸ ਲਈ ਕੁਝ ਫ਼ਸਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਜਿਵੇਂ ਦਾਲਾਂ, ਸਬਜ਼ੀਆਂ, ਸੂਰਜਮੁਖੀ, ਫੁੱਲਾਂ, ਫ਼ਲਾਂ, ਦਵਾਈਆਂ ਵਾਲੀਆਂ ਫ਼ਸਲਾਂ, ਮਸਾਲੇ ਵਾਲੀਆਂ ਫ਼ਸਲਾਂ, ਮੱਕੀ, ਹਲਦੀ, ਲਸਣ, ਪਿਆਜ਼ ਆਦਿ। ਇਨ੍ਹਾਂ ਫ਼ਸਲਾਂ ਵਿਚ ਭਾਵੇਂ ਕਿਸਾਨ ਨੂੰ ਵੱਧ ਧਿਆਨ ਦੇਣ ਦੀ ਲੋੜ ਹੁੰਦੀ ਹੈ ਪਰ ਚੰਗਾ ਝਾੜ ਪੈਦਾ ਕਰ ਕੇ ਉਹ ਚੰਗੀ ਆਮਦਨ ਵੀ ਪ੍ਰਾਪਤ ਕਰ ਲੈਂਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਉਹ ਖੇਤੀਬਾੜੀ ਮਾਹਿਰਾਂ ਨਾਲ ਰਾਬਤੇ ਵਿਚ ਰਹੇ ਅਤੇ ਬੀਜੀ ਜਾਣ ਵਾਲੀ ਫ਼ਸਲ ਦੇ ਬੀਜਾਂ ਦੀ ਮਿਆਰੀ ਚੋਣ ਕਰੇ ਅਤੇ ਵਧੀਆ ਫ਼ਸਲ ਲਵੇ।
ਚੰਗਾ ਮੰਡੀਕਰਨ
ਸਹਾਇਕ ਧੰਦਿਆਂ ਲਈ ਚੰਗਾ ਮੰਡੀਕਰਨ ਹੋਣਾ ਬਹੁਤ ਮਹੱਤਵਪੂਰਨ ਹੁੰਦਾ ਹੈ। ਵਧੇਰੇ ਕਰਕੇ ਸ਼ਹਿਰਾਂ ਵਿਚ ਚੰਗਾ ਮੰਡੀਕਰਨ ਹੋ ਜਾਂਦਾ ਹੈ ਅਤੇ ਵਸਤੂਆਂ ਦੇ ਮਿਆਰ ਮੁਤਾਬਕ ਭਾਅ ਵੀ ਚੰਗਾ ਮਿਲ ਜਾਂਦਾ ਹੈ। ਮੰਡੀਕਰਨ ਦੀ ਸ਼ੁਰੂ ਵਿਚ ਤਾਂ ਕੁਝ ਸਮੱਸਿਆ ਆ ਸਕਦੀ ਹੈ ਪਰ ਬਾਅਦ ’ਚ ਵਧੇਰੇ ਲੋਕਾਂ ਤਕ ਉਤਪਾਦ ਪਹੁੰਚਣ ਦੀ ਹਾਲਤ ਵਿਚ ਮੰਡੀਕਰਨ ਘਰ ਬੈਠੇ ਵੀ ਹੋਣ ਲੱਗਦਾ ਹੈ। ਇਸ ਲਈ ਲੋੜ ਹੁੰਦੀ ਹੈ ਕਿ ਆਪਣੇ ਉਤਪਾਦ ਨੂੰ ਕਿਵੇਂ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਇਆ ਜਾਵੇ। ਵਧੇਰੇ ਲੋਕਾਂ ਦੇ ਇਕੱਠ ਵਾਲੀਆਂ ਥਾਵਾਂ ’ਤੇ ਜਾ ਕੇ ਆਪਣੇ ਉਤਪਾਦਾਂ ਦੀਆਂ ਪ੍ਰਦਰਸ਼ਨੀਆਂ ਲਾਈਆਂ ਜਾ ਸਕਦੀਆਂ ਹਨ ਤੇ ਘਰ- ਘਰ ਜਾ ਕੇ ਆਪਣੇ ਉਤਪਾਦ ਬਾਰੇ ਲੋਕਾਂ ਨੂੰ ਦੱਸਿਆ ਜਾ ਸਕਦਾ ਹੈ ਪਰ ਇਹ ਸਭ ਕੁਝ ਦਿਨ ਹੀ ਕਰਨ ਦੀ ਲੋੜ ਪੈਂਦੀ ਹੈ। ਸਮਾਂ ਬੀਤਣ ਮਗਰੋਂ ਤੇ ਕੰਮ ਦਾ ਅਭਿਆਸ ਹੋਣ ’ਤੇ ਇਹ ਸਭ ਕਰਨ ਦੀ ਲੋੜ ਘਟਦੀ ਜਾਂਦੀ ਹੈ।
ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਖੇਤੀ ਸਹਾਇਕ ਧੰਦਿਆਂ ਤੋਂ ਪੈਦਾ ਕੀਤੇ ਗਏ ਉਤਪਾਦਾਂ ਦੇ ਮੰਡੀਕਰਨ ਲਈ ਕੁਝ ਯੋਗ ਨੀਤੀਆਂ ਵਿਕਸਿਤ ਕਰੇ ਤੇ ਖ਼ਾਸ ਮੰਡੀਆਂ ਬਣਾਏ ਜਿਨ੍ਹਾਂ ’ਚ ਜਾ ਕੇ ਅਜਿਹੇ ਖੇਤੀ ਸਹਾਇਕ ਧੰਦੇ ਕਰਨ ਵਾਲੇ ਵਿਕਰੇਤਾ ਤੇ ਖ਼ਰੀਦਦਾਰ ਇਕੱਠੇ ਹੋ ਸਕਣ ਅਤੇ ਵਸਤੂਆਂ ਦੀ ਵਧੀਆ ਵੇਚ- ਖ਼ਰੀਦ ਹੋ ਸਕੇ।
ਸੁਧਾਰੀ ਜਾ ਸਕਦੀ ਹੈ ਆਰਥਿਕ ਹਾਲਤ
ਖੁੰਬਾਂ ਦੀ ਕਾਸ਼ਤ ਵੀ ਵਧੀਆ ਧੰਦਾ ਮੰਨਿਆ ਜਾਂਦਾ ਹੈ। ਕੁਝ ਕਿਸਾਨ ਖੁੰਬਾਂ ਦੀ ਕਾਸ਼ਤ ਕਰ ਕੇ ਬਹੁਤ ਲਾਭ ਕਮਾ ਰਹੇ ਹਨ।
ਕੁਝ ਬੀਬੀਆਂ ਵੀ ਖੇਤੀ ਸਹਾਇਕ ਧੰਦੇ ਅਪਣਾ ਕੇ ਆਪਣੀ ਤੇ ਆਪਣੇ ਪਰਿਵਾਰ ਦੀ ਆਰਥਿਕ ਤੇ ਸਮਾਜਿਕ ਹਾਲਤ ਨੂੰ ਵਧੀਆ ਬਣਾ ਸਕਦੀਆਂ ਹਨ। ਕੱਪੜਿਆਂ ਦੀ ਸਿਲਾਈ, ਕਢਾਈ, ਰੰਗਾਈ, ਬੱਚਿਆਂ ਦੇ ਖਿਡੌਣੇ ਬਣਾਉਣਾ, ਕੱਪੜੇ ਦੀ ਪੇਂਟਿੰਗ ਆਦਿ ਸਿੱਖ ਕੇ ਵੀ ਆਪਣੇ ਪੈਰਾਂ ਉੱਤੇ ਖੜ੍ਹਾ ਹੋਇਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਅਚਾਰ, ਚਟਣੀ, ਮੁਰੱਬੇ, ਸ਼ਰਬਤ ਆਦਿ ਬਣਾ ਕੇ ਤੇ ਵੇਚ ਕੇ ਵੀ ਬੜੀ ਚੰਗੀ ਕਮਾਈ ਕੀਤੀ ਜਾ ਸਕਦੀ ਹੈ। ਕੁਝ ਕਿਸਾਨ ਗੰਡੋਇਆਂ ਦੀ ਖਾਦ ਤਿਆਰ ਕਰ ਕੇ ਵੇਚਦੇ ਹਨ ਅਤੇ ਇਸ ਖਾਦ ਦਾ ਚੰਗਾ ਮੰਡੀਕਰਨ ਮਿਲਣ ’ਤੇ ਚੰਗੇ ਪੈਸੇ ਮਿਲ ਜਾਂਦੇ ਹਨ। ਇਸ ਤੋਂ ਇਲਾਵਾ ਕੁਝ ਕਿਸਾਨ ਆਟਾ, ਦਲੀਆ, ਹਲਦੀ, ਮਸਾਲੇ ਆਦਿ ਪੀਸ ਕੇ ਅਤੇ ਪੈਕਿੰਗ ਕਰ ਕੇ ਵੀ ਵੇਚ ਸਕਦੇ ਹਨ।
ਖੇਤੀ ਸਹਾਇਕ ਧੰਦੇ
ਇਸ ਤੋਂ ਇਲਾਵਾ ਕੁਝ ਖੇਤੀ ਸਹਾਇਕ ਧੰਦੇ ਅਪਣਾਉਣਾ ਵੀ ਅੱਜ ਦੇ ਸਮੇਂ ਦੀ ਮੁੱਖ ਮੰਗ ਹੈ। ਘੱਟ ਰਹੀਆਂ ਜ਼ਮੀਨਾਂ ਦੀ ਸਥਿਤੀ ਨੂੰ ਦੇਖਦਿਆਂ ਕੁਝ ਖੇਤੀ ਸਹਾਇਕ ਧੰਦਿਆਂ ਦੀ ਚੋਣ ਕਰ ਲੈਣੀ ਚਾਹੀਦੀ ਹੈ। ਇਨ੍ਹਾਂ ਧੰਦਿਆਂ ਨੂੰ ਅਪਣਾ ਕੇ ਖੇਤੀ ਦੇ ਨਾਲ- ਨਾਲ ਵਾਧੂ ਆਮਦਨ ਲਈ ਜਾ ਸਕਦੀ ਹੈ।
ਖੇਤੀਬਾੜੀ ਦੇ ਨਾਲ-ਨਾਲ ਕੁਝ ਮੁੱਖ ਸਹਾਇਕ ਧੰਦੇ ਹਨ ਜਿਵੇਂ ਮੱਝਾਂ-ਗਾਵਾਂ ਪਾਲਣਾ, ਮੱਛੀ ਪਾਲਣ, ਸ਼ਹਿਦ ਦੀਆਂ ਮੱਖੀਆਂ ਪਾਲਣਾ, ਮੁਰਗੀ ਪਾਲਣ, ਸੂਰ ਪਾਲਣ, ਬੱਕਰੀ ਪਾਲਣ ਆਦਿ। ਇਨ੍ਹਾਂ ਧੰਦਿਆਂ ਨੂੰ ਥੋੜੀ ਕੁ ਜ਼ਮੀਨ ਉੱਤੇ ਬੜੇ ਵਧੀਆ ਢੰਗ ਨਾਲ ਕੀਤਾ ਜਾ ਸਕਦਾ ਹੈ। ਪੰਜਾਬ ਦੇ ਬਹੁਤੇ ਕਿਸਾਨਾਂ ਵੱਲੋਂ ਇਹ ਕੰਮ ਸਫ਼ਲਤਾ ਨਾਲ ਕੀਤਾ ਵੀ ਜਾ ਰਿਹਾ ਹੈ।
ਇਹ ਧੰਦੇ ਬਹੁਤ ਹੀ ਧਿਆਨ ਨਾਲ ਕਰਨ ਵਾਲੇ ਧੰਦੇ ਹਨ । ਇਸ ਲਈ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਸਹਾਇਕ ਧੰਦੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਬਾਰੇ ਸਿਖਲਾਈ ਜ਼ਰੂਰ ਲੈ ਲੈਣ।
ਅਪਣਾਓ ਸਿੰਚਾਈ ਦੇ ਸਹੀ ਢੰਗ
ਆਪਣੇ ਖੇਤੀ ਖ਼ਰਚਿਆਂ ਨੂੰ ਘਟਾਉਣ ਲਈ ਸਿੰਚਾਈ ਦੇ ਸਹੀ ਢੰਗ ਅਪਣਾਉਣ ਦੀ ਵੀ ਬਹੁਤ ਅਹਿਮੀਅਤ ਹੈ। ਤੁਪਕਾ ਸਿੰਚਾਈ ਅਤੇ ਫੁਹਾਰਾ ਸਿੰਚਾਈ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਫ਼ਸਲਾਂ ਨੂੰ ਨੈੱਟ ਹਾਊਸ ਭਾਵ ਜਾਲੀਦਾਰ ਘਰਾਂ ਵਿਚ ਬੀਜ ਕੇ ਆਪਣੀ ਖੇਤੀ ਜਿਣਸ ਦੇ ਮਿਆਰ ਅਤੇ ਗੁਣਵੱਤਾ ਨੂੰ ਵਧਾਇਆ ਜਾ ਸਕਦਾ ਹੈ।
ਕਰੋ ਆਮਦਨ ’ਚ ਵਾਧਾ
ਅੱਜ ਦੇ ਸਮੇਂ ਵਿਚ ਜਿੱਥੇ ਸਾਡੀ ਖੇਤੀ ਯੋਗ ਜ਼ਮੀਨ ਲਗਭਗ ਮੁੱਕਦੀ ਜਾ ਰਹੀ ਹੈ, ਉੱਥੇ ਹੀ ਲਗਾਤਾਰ ਵਧ ਰਹੀ ਮਹਿੰਗਾਈ ਨੇ ਹਰ ਸ਼ਹਿਰੀ ਅਤੇ ਪੇਂਡੂ ਦਾ ਲੱਕ ਭੰਨ ਕੇ ਰੱਖ ਦਿੱਤਾ ਹੈ। ਹੁਣ ਇਹੀ ਹੋ ਸਕਦਾ ਹੈ ਕਿ ਘੱਟ ਜ਼ਮੀਨ ਉੱਤੇ ਬਿਜਾਈ ਲਈ ਉਨ੍ਹਾਂ ਫ਼ਸਲਾਂ ਦੀ ਚੋਣ ਕੀਤੀ ਜਾਵੇ, ਜੋ ਵਧੇਰੇ ਝਾੜ ਦੇਣ। ਸਰਕਾਰ ਹਰ ਬੇਰੁਜ਼ਗਾਰ ਨੂੰ ਪੱਕੀਆਂ ਨੌਕਰੀਆਂ ਦੇਣ ਦੇ ਅਸਮਰੱਥ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਕੋਈ ਨਾ ਕੋਈ ਖੇਤੀ ਸਹਾਇਕ ਧੰਦਾ ਅਪਣਾਇਆ ਜਾਵੇ ਤਾਂ ਕਿ ਆਪਣੀ ਆਮਦਨ ਵਿਚ ਵਾਧਾ ਕਰ ਕੇ ਆਪਣੇ ਘਰ ਦਾ ਹੀ ਨਹੀਂ ਸਗੋਂ ਪੂਰੇ ਪੰਜਾਬ ਤੇ ਆਪਣੇ ਦੇਸ਼ ਦਾ ਵਿਕਾਸ ਹੋ ਸਕੇ।
ਲਈ ਜਾਵੇ ਪੂਰੀ ਜਾਣਕਾਰੀ
ਖੇਤੀ ਸਹਾਇਕ ਧੰਦਿਆਂ ਦੀ ਸਿਖਲਾਈ ਲੈਣ ਲਈ ਖੇਤੀਬਾੜੀ ਮਹਿਕਮਾ ਪੰਜਾਬ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਪੰਜਾਬ ਦੇ ਤਕਰੀਬਨ ਹਰ ਜ਼ਿਲ੍ਹੇ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ਵਿਚ ਜਾ ਕੇ ਵੀ ਖੇਤੀ ਸਹਾਇਕ ਧੰਦਿਆਂ ਬਾਰੇ ਪੂਰੀ ਜਾਣਕਾਰੀ ਅਤੇ ਸਿਖਲਾਈ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ ਕੁਝ ਗ਼ੈਰ - ਸਰਕਾਰੀ ਅਦਾਰਿਆਂ ਅਤੇ ਕੰਪਨੀਆਂ ਵਿਚ ਵੀ ਇਨ੍ਹਾਂ ਧੰਦਿਆਂ ਬਾਰੇ ਸਿਖਲਾਈ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Jagran