ਮਹਿੰਗੀਆਂ ਕੀੜੇਮਾਰ ਦਵਾਈਆਂ ਦੇ ਛਿੜਕਾਅ ਮਗਰੋਂ ਗੁਲਾਬੀ ਸੁੰਡੀ ਖ਼ਤਮ ਨਾ ਹੋਣ ’ਤੇ ਪਿੰਡ ਭੰਮੇ ਖੁਰਦ ਦੇ ਕਿਸਾਨ ਗੁਰਚਰਨ ਸਿੰਘ ਨੇ ਅੱਕ ਕੇ ਦੋ ਏਕੜ ਨਰਮੇ ਦੀ ਫ਼ਸਲ ਤਵੀਆਂ ਨਾਲ ਵਾਹ ਦਿੱਤੀ। ਕਿਸਾਨ ਨੇ ਇਸ ਤੋਂ ਪਹਿਲਾਂ ਵੀ ਇੱਕ ਏਕੜ ਨਰਮਾ ਗੁਲਾਬੀ ਸੁੰਡੀ ਦੀ ਮਾਰ ਹੇਠ ਆਉਣ ਕਾਰਨ ਵਾਹ ਦਿੱਤਾ ਸੀ। ਕਿਸਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਗੁਲਾਬੀ ਸੁੰਡੀ ਤੋਂ ਆਪਣੀ ਫ਼ਸਲ ਨੂੰ ਬਚਾਉਣ ਲਈ ਖੇਤੀਬਾੜੀ ਮਹਿਕਮੇ ਦੀਆਂ ਦੱਸੀਆਂ ਸਾਰੀਆਂ ਸਪਰੇਆਂ ਅਤੇ ਹਰ ਹੀਲਾ-ਵਸੀਲਾ ਵਰਤ ਕੇ ਥੱਕ ਗਿਆ।
ਉਸ ਨੇ ਦੱਸਿਆ ਕਿ ਉਸ ਨੂੰ 40 ਮਣ ਪ੍ਰਤੀ ਏਕੜ ਨਰਮੇ ਦੇ ਝਾੜ ਦੀ ਆਸ ਸੀ ਪਰ ਗੁਲਾਬੀ ਸੁੰਡੀ ਨੇ ਨਰਮੇ ਨੂੰ ਫਲ਼ ਨਹੀਂ ਪੈਣ ਦਿੱਤਾ, ਜਿਸ ਕਾਰਨ ਮਜਬੂਰੀਵੱਸ ਉਸ ਨੂੰ ਮੋਢਿਆਂ ਤੱਕ ਹੋਇਆ ਨਰਮਾ ਵਾਹੁਣਾ ਪਿਆ। ਮਾਲਵਾ ਖੇਤਰ ਵਿੱਚ ਬੇਸ਼ੱਕ ਹਜ਼ਾਰਾਂ ਏਕੜ ਨਰਮਾ ਗੁਲਾਬੀ ਸੁੰਡੀ ਦੀ ਮਾਰ ਹੇਠ ਆਇਆ ਹੈ ਪਰ ਇਹ ਪਹਿਲੀ ਵਾਰ ਹੋਇਆ ਕਿ ਇਸ ਸੁੰਡੀ ਤੋਂ ਅੱਕੇ ਕਿਸਾਨਾਂ ਨੇ ਆਸਾਂ ਢਹਿ-ਢੇਰੀ ਹੁੰਦੀਆਂ ਦੇਖ ਫ਼ਸਲ ’ਤੇ ਤਵੀਆਂ ਚਲਾ ਦਿੱਤੀਆਂ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਗੁਲਾਬੀ ਸੁੰਡੀ ਤੋਂ ਅੱਕ ਕੇ ਪਿੰਡ ਭੰਮੇ ਖ਼ੁਰਦ, ਧਿੰਗੜ, ਬਹਿਣੀਵਾਲ, ਕੁਸਲਾ ਵਿੱਚ ਕਿਸਾਨਾਂ ਨੇ ਇੱਕ-ਇੱਕ, ਦੋ-ਦੋ ਏਕੜ ਨਰਮਾ ਵਾਹ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਅਗਲੇ ਦਿਨਾਂ ’ਚ ਗੁਲਾਬੀ ਸੁੰਡੀ ਦਾ ਹਮਲਾ ਨਾ ਰੁਕਿਆ ਤਾਂ ਹੋਰ ਕਿਸਾਨ ਵੀ ਨਰਮੇ ਦੀ ਫ਼ਸਲ ਵਾਹੁਣ ਲਈ ਮਜਬੂਰ ਹੋਣਗੇ। ਕਿਸਾਨ ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਨਰਮੇ ਵਾਲੀ ਫ਼ਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਇਆ ਜਾਵੇ ਅਤੇ ਤੁਰੰਤ ਗਿਰਦਾਵਰੀ ਕਰਵਾ ਕੇ ਸੁੰਡੀ ਕਾਰਨ ਖ਼ਤਮ ਹੋਈ ਫ਼ਸਲ ਦਾ ਪਰ ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੀੜਤ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਨਾ ਕਰਨ ’ਤੇ 30 ਸਤੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨਾ ਦਿੱਤਾ ਜਾਵੇਗਾ।
ਗਿਰਦਾਵਰੀ ਦੇ ਹੁਕਮ ਦੇਣ ਮੁੱਖ ਮੰਤਰੀ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਕਿ ਉਹ ਤਲਵੰਡੀ ਸਾਬੋ ਬਲਾਕ ਵਿੱਚ ਗੁਲਾਮੀ ਸੁੰਡੀ ਦੇ ਹਮਲੇ ਨਾਲ ਨੁਕਸਾਨੀ ਨਰਮੇ ਦੀ ਫ਼ਸਲ ਦਾ ਜਾਇਜ਼ਾ ਲੈਣ ਲਈ ਗਿਰਦਾਵਰੀ ਦੇ ਹੁਕਮ ਦੇਣ। ਇਥੇ ਜਾਰੀ ਕੀਤੇ ਇਕ ਬਿਆਨ ਵਿੱਚ ਹਰਸਿਮਰਤ ਨੇ ਕਿਹਾ ਕਿ ਗੁਲਾਬੀ ਸੁੰਡੀ ਤੋਂ ਅੱਕੇ ਸ਼ੇਖੂ, ਮੀਰਜੀਆਣਾ, ਜੱਜਾਲ, ਨੱਥੇਹਾ ਤੇ ਮਲਕਾਣਾ ਪਿੰਡ ਦੇ ਸੈਂਕੜੇ ਕਿਸਾਨਾਂ ਨੇ ਨਰਮੇ ਦੀ ਫ਼ਸਲ ਵਾਹ ਦਿੱਤੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਨੁਕਸਾਨੀਆਂ ਫ਼ਸਲਾਂ ਦਾ ਪ੍ਰਤੀ ੲੇਕੜ 20 ਹਜ਼ਾਰ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਨਕਲੀ ਬੀਜ ਤੇ ਕੀੜੇਮਾਰ ਦਵਾਈਆਂ ਦੀਆਂ ਕੰਪਨੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ
ਕਿਰਤੀ ਕਿਸਾਨ ਯੂਨੀਅਨ ਨੇ ਨਰਮਾ ਪੱਟੀ ਵਿੱਚ ਨਕਲੀ ਬੀਜ ਅਤੇ ਕੀਟਨਾਸ਼ਕਾਂ ਕਰਕੇ ਖਰਾਬ ਹੋਈ ਹਜ਼ਾਰਾਂ ਏਕੜ ਨਰਮੇ ਦੀ ਫ਼ਸਲ ਲਈ ਵਿਸ਼ੇਸ਼ ਗਿਰਦਾਵਰੀ ਕਰਕੇ ਪੰਜਾਹ ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਅਤੇ ਨਕਲੀ ਬੀਜ ਤੇ ਕੀਟਨਾਸ਼ਕ ਦੇਣ ਵਾਲੀਆਂ ਕੰਪਨੀਆਂ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਨਰਮਾ ਪੱਟੀ ਦੇ ਬਹੁਤੇ ਖੇਤਰ ਵਿੱਚ ਸੈਂਕੜੇ ਏਕੜ ਨਰਮੇ ਦੀ ਫ਼ਸਲ ਤਬਾਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਦੀ ਫ਼ਸਲ ਨਕਲੀ ਬੀਜਾਂ ਅਤੇ ਸਪਰੇਆਂ ਕਰਕੇ ਖ਼ਰਾਬ ਹੋਈ ਹੈ, ਉਨ੍ਹਾਂ ਨੂੰ ਪ੍ਰਤੀ ਏਕੜ ਪੰਜਾਹ ਹਜ਼ਾਰ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਤੇ ਜਿਨ੍ਹਾਂ ਕਿਸਾਨਾਂ ਨੇ ਜ਼ਮੀਨ ਠੇਕੇ ’ਤੇ ਲਈ ਹੈ, ਉਨ੍ਹਾਂ ਨੂੰ ਮੁਆਵਜ਼ੇ ’ਚ ਠੇਕੇ ਦੀ ਕੀਮਤ ਜੋੜ ਕੇ ਮੁਆਵਜ਼ਾ ਦਿੱਤਾ ਜਾਵੇ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune