ਬੀਤੇ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਨਾਲ ਜਿੱਥੇ ਮੌਸਮ ਵਿੱਚ ਤਬਦੀਲੀ ਆਈ ਤੇ ਲੋਕ ਠੰਢਕ ਮਹਿਸੂਸ ਕਰ ਰਹੇ ਹਨ, ੳੱਥੇ ਕਿਸਾਨਾਂ-ਮਜ਼ਦੂਰਾਂ ਦੇ ਸਾਹ ਸੂਤੇ ਪਏ ਹਨ ਤੇ ਮੀਂਹ ਨੇ ਲੋਕਾਂ ਦੀ ਬੱਸ ਕਰਵਾਕੇ ਰੱਖ ਦਿੱਤੀ ਹੈ। ਖੇਤਾਂ ਚ ਹੱਥੀਂ ਵੱਢਿਆ ਪਿਆ ਝੋਨਾ ਪਾਣੀ ਚ ਡੁੱਬਿਆ ਪਿਆ ਹੈ ਜਿਸ ਕਰਕੇ ਕਿਸਾਨੀ ਦੀਆਂ ਚਿੰਤਾਵਾਂ ਘੱਟਦੀਆਂ ਨਜ਼ਰੀਂ ਨਹੀਂ ਪੈਂਦੀਆਂ ਅਜੇ ਵੀ ਭਾਰੀ ਮੀਂਹ ਪੈਣ ਲਈ ਬੱਦਲ ਮੰਡਰਾ ਰਹੇ ਹਨ। ਦੇਖਿਆ ਗਿਆ ਕਿ ਬਹੁਤੇ ਥਾਈਂ ਹੱਥੀਂ ਵੱਢਿਆ ਝੋਨਾ ਝਾੜਨ ਵਾਲਾ ਪਾਣੀ ਵਿੱਚ ਪਿਆ ਹੈ ਜਿਸ ਦਾ ਨੁਕਸਾਨ ਹੋਣਾ ਸੰਭਾਵੀ ਹੈ। ਇਸੇ ਤਰ੍ਹਾਂ ਮਜ਼ਦੂਰ ਵਰਗ ਵੀ ਦਿਹਾੜੀਆਂ ਟੁੱਟਣ ਤੋਂ ਪ੍ਰੇਸ਼ਾਨ ਹੈ।
ਇਸ ਦੇ ਨਾਲ ਹੀ ਮੀਂਹ ਕਾਰਨ ਇਲਾਕੇ ਦੀਆਂ ਖਸਤਾ ਹਾਲ ਸੜਕਾਂ ਪਾਣੀ ਨਾਲ ਛੱਪੜਾਂ ਦਾ ਰੂਪ ਧਾਰਨ ਕਰ ਗਈਆਂ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਗੜ੍ਹਸ਼ੰਕਰ ਤੋਂ ਭੱਜਲਾਂ, ਰਾਮ ਪੁਰ, ਬਿਲੜੋਂ, ਗੱਜਰ, ਮਹਿਦੂਦ ਪਿੰਡਾਂ ਵਿਚੋਂ ਨਿਕਲ ਕੇ ਜੇਜੋਂ ਦੁਆਬਾ ਜਾਣ ਵਾਲੀ ਲਿੰਕ ਸੜਕ ਦੀ ਅਨੇਕਾਂ ਥਾਵਾਂ ਤੋਂ ਖਸਤਾ ਹਾਲਤ ਇਨ੍ਹਾਂ ਮੀਂਹਾਂ ਵਿਚ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਇਸ ਬਾਰੇ ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਰਾਮ ਸਿੰਘ ਅਤੇ ਸੱਤਪਾਲ ਨੇ ਕਿਹਾ ਕਿ ਸੜਕਾਂ ਦੀ ਮੁਰੰਮਤ ਸਬੰਧੀ ਟੈਂਡਰ ਲੱਗ ਚੁੱਕੇ ਹਨ ਅਤੇ ਜਲਦ ਹੀ ਉਕਤ ਖਸਤਾ ਹਾਲ ਸੜਕਾਂ ਦਾ ਨਵੀਨੀਕਰਣ ਹੋਵੇਗਾ।
ਮੀਂਹ ਨਾਲ ਬਾਜ਼ਾਰਾਂ ’ਚ ਪਾਣੀ ਭਰਿਆ; ਲੋਕ ਹੋਏ ਪ੍ਰੇਸ਼ਾਨ
ਕੱਲ੍ਹ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਦੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਹੈ ਤੇ ਲੋਕਾਂ ਦੀਆਂ ਮੁਸ਼ਕਿਲਾ ਵੱਧਦੀਆਂ ਨਜ਼ਰ ਆ ਰਹੀਆ ਹਨ। ਅੱਜ ਪਏ ਮੀਂਹ ਕਾਰਨ ਬਾਜ਼ਾਰਾ ਤੇ ਮੁਹੱਲਿਆਂ ’ਚ ਪਾਣੀ ਪੂਰੀ ਤਰ੍ਹਾਂ ਭਰ ਗਿਆ ਤੇ ਕਈ ਥਾਵਾਂ ’ਤੇ ਪਾਣੀ ਦੁਕਾਨਾਂ ਦੇ ਅੰਦਰ ਜਾ ਵੜਿਆ। ਸ਼ਹਿਰ ’ਚ ਕਈ ਥਾਵਾਂ ’ਤੇ ਸੀਵਰੇਜ ਬੰਦ ਹੋਣ ਕਾਰਨ ਪਾਣੀ ਸੜਕਾਂ ’ਤੇ ਹੀ ਖੜ੍ਹਾ ਹੋ ਗਿਆ ਜਿਸ ਕਾਰਨ ਲੋਕਾਂ ਨੂੰ ਮੀਂਹ ਦੇ ਪਾਣੀ ’ਚੋਂ ਹੀ ਗੁਜ਼ਰ ਕੇ ਜਾਣਾ ਪਿਆ। ਅੱਜ ਮੀਂਹ ਕਾਰਨ ਫਗਵਾੜਾ ਦੇ ਨੀਵੇਂ ਇਲਾਕਿਆਂ ’ਚ ਪਾਣੀ ਖੜ੍ਹਾ ਹੋ ਗਿਆ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune