ਪਿਛਲੇ ਤਿੰਨ ਸਾਲਾਂ ਦਾ ਕਰੋੜਾਂ ਰੁਪਏ ਦਾ ਬਕਾਇਆ ਮਿੱਲ ਮਾਲਕਾਂ ਵੱਲੋਂ ਅਦਾਇਗੀ ਨਾ ਹੋਣ ਕਾਰਨ ਗੰਨਾ ਉਤਪਾਦਕ ਕਿਸਾਨਾਂ ਵਿਚ ਭਾਰੀ ਰੋਸ ਹੈ। ਅੱਜ ਇਥੇ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਗੰਨਾ ਉਤਪਾਦਕ ਕਿਸਾਨਾਂ ਦਾ ਮੁੱਦਾ ਗੂੰਜਿਆ। ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਰਘਵੀਰ ਸਿੰਘ ਬੈਨੀਪਾਲ ਅਤੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ ਨੇ ਅੰਦੋਲਨਕਾਰੀਆਂ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਜੇਕਰ ਬਕਾਏ ਦੀ ਅਦਾਇਗੀ ਜਲਦੀ ਨਾ ਕੀਤੀ ਗਈ ਤਾਂ ਮਜਬੂਰਨ ਸਰਕਾਰ ਅਤੇ ਮਿੱਲ ਮਾਲਕਾਂ ਵਿਰੁੱਧ ਸੰਘਰਸ਼ ਤਿੱਖਾ ਵਿੱਢਿਆ ਜਾਵੇਗਾ। ਉਨ੍ਹਾਂ ਪਿਛਲਾ ਬਕਾਇਆ ਵਿਆਜ ਸਮੇਤ ਤੁਰੰਤ ਅਦਾ ਕਰਨ ਦੀ ਮੰਗ ਕੀਤੀ। ਧਰਨੇ ਦੀ ਅਗਵਾਈ ਸੁਖਵਿੰਦਰ ਕੌਰ, ਰਾਜਿੰਦਰ ਕੌਰ ਅਤੇ ਮਹਿੰਦਰ ਕੌਰ ਨੇ ਕੀਤੀ। ਜਨਵਾਦੀ ਇਸਤਰੀ ਸਭਾ ਦੀ ਆਗੂ ਅਮਨਦੀਪ ਕੌਰ, ਜਮਹੂਰੀ ਕਿਸਾਨ ਸਭਾ ਦੇ ਆਗੂ ਸੁਰਜੀਤ ਸਿੰਘ ਸੀਲੋਂ, ਅਮਰੀਕ ਸਿੰਘ ਜੜਤੌਲੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਮਨਜੀਤ ਸਿੰਘ ਗੁੱਜਰਵਾਲ, ਹਰਜੀਤ ਸਿੰਘ, ਮਲਕੀਤ ਸਿੰਘ, ਦਵਿੰਦਰ ਸਿੰਘ ਕਿਲ੍ਹਾ ਰਾਏਪੁਰ, ਚਰਨਜੀਤ ਸਿੰਘ ਗਰੇਵਾਲ, ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਵੀ ਸੰਬੋਧਨ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਸਮੇਤ ਪੰਜਾਬ ਵਿਚ ਚੱਲ ਰਹੇ ਪੱਕੇ ਕਿਸਾਨ ਮੋਰਚਿਆਂ ਉੱਪਰ ਲਾਮਬੰਦੀ ਹੋਰ ਵਧਾਉਣ ਲਈ ਯੋਜਨਾ ਉਲੀਕੀ ਗਈ ਹੈ।
ਪਿੰਡ ਬੱਸੀਆਂ ਤੋਂ ਦਿੱਲੀ ਲਈ ਜਥਾ ਰਵਾਨਾ
ਨੇੜਲੇ ਪਿੰਡ ਬੱਸੀਆਂ ਤੋਂ ਦਿੱਲੀ ਬਾਰਡਰ ’ਤੇ ਚੱਲ ਰਹੇ ਕਿਸਾਨ ਸੰਘਰਸ਼ ਵਿਚ ਸ਼ਾਮਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪਿੰਡ ਬੱਸੀਆਂ ਇਕਾਈ ਦਾ 51ਵਾਂ ਜਥਾ ਪ੍ਰਧਾਨ ਰਣਧੀਰ ਸਿੰਘ ਉੱਪਲ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਜਥੇ ਵਿੱਚ ਮੇਜਰ ਸਿੰਘ ਚੀਮਾ, ਸੁਖਵਿੰਦਰ ਚੀਮਾ, ਸੁਖਾਂ ਚੀਮਾ ਬੱਲੂਕੇ, ਬਿੰਦਰ ਸਿੰਘ ਚੀਮਾ ਤੇ ਅਵਤਾਰ ਸਿੰਘ ਫੌਜੀ ਸ਼ਾਮਲ ਸਨ। ਜਥੇ ਨੂੰ ਦਿੱਲੀ ਭੇਜਣ ਲਈ ਗੱਡੀ ਦੀ ਸੇਵਾ ਰਾਜਦੀਪ ਸਿੰਘ ਗਿੱਲ ਦੇ ਪਰਿਵਾਰ ਨੇ ਕੀਤੀ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune