ਆਲੂਆਂ ਦੇ ਰੋਗਾਂ ਤੋਂ ਜੇ ਪਾਉਣੀ ਨਿਜਾਤ,ਕਿਸਾਨ ਵੀਰੋ! ਕੋਲਡ-ਸਟੋਰਾਂ ਤੋਂ ਹੀ ਕਰੋ ਸ਼ੁਰੂਆਤ

September 20 2021

ਆਲੂ ਵਿਸ਼ਵ ਦੀ ਇੱਕ ਮਹੱਤਵਪੂਰਨ ਆਰਥਿਕ ਫਸਲ ਹੈ, ਜਿਸ ਨੂੰ ਗਰੀਬ ਆਦਮੀ ਦਾ ਮਿੱਤਰ ਕਿਹਾ ਜਾਂਦਾ ਹੈ। ਭਾਵੇਂ ਆਲੂਆਂ ਦੀ ਕਾਸ਼ਤ ਸਾਰੇ ਪੰਜਾਬ ਵਿੱਚ ਕੀਤੀ ਜਾਂਦੀ ਹੈ ਪਰ ਜਲੰਧਰ, ਹੁਸ਼ਿਆਰਪੁਰ, ਰੋਪੜ, ਕਪੂਰਥਲਾ ਅਤੇ ਪਟਿਆਲਾ ਆਲੂ ਪੈਦਾ ਕਰਨ ਵਾਲੇ ਮੁੱਖ ਖੇਤਰ ਹਨ।ਨਿਰੋਗੀ ਬੀਜ ਚੁਣ ਕੇ ਬਿਜਾਈ ਕਰਨਾ ਆਲੂਆਂ ਦੀ ਰੋਗ ਰਹਿਤ ਫਸਲ ਪੈਦਾ ਕਰਨਦੀ ਕੁੰਜੀ ਹੈ। ਰੋਗੀ ਬੀਜ ਆਲੂਆਂ ਦੀ ਫਸਲ ਵਿੱਚ ਬਿਮਾਰੀਆਂ ਦਾ ਮੁੱਖ ਸੋਮਾ ਹੁੰਦੇ ਹਨ ਇਸ ਲਈ ਰੋਗੀ ਬੀਜ ਤੋਂ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਕਰਨ ਲਈ ਸ਼ੁਰੂ ਤੋਂ ਹੀ ਸੁਚੇਤ ਰਹਿਣਾ ਬਹੁਤ ਜਰੂਰੀ ਹੈ।

ਭਾਵੇਂ ਕਿ ਆਲੂਆਂ ਦੇ ਜੀਵਨ ਚੱਕਰ ਦਾ ਬਹੁਤਾ ਸਮਾਂ ਸਾਡੀਆਂ ਅੱਖਾਂ ਤੋਂ ਪਰੇ ਮਿੱਟੀ ਦੇ ਹੇਠਾਂ ਜਾਂ ਕੋਲਡ ਸਟੋਰਾਂ ਵਿੱਚ ਬਤੀਤ ਹੁੰਦਾ ਹੈ, ਪਰ ਇਸ ਦਾ ਅਰਥ ਇਹ ਨਹੀਂ ਕਿ ਆਲੂ ਸਾਡੇ ਧਿਆਨ ਤੋਂ ਵੀ ਪਰੇ ਰਹਿ ਜਾਣ। ਇਸ ਲਈ ਕੋਲਡ ਸਟੋਰਾਂ ਵਿੱਚੋਂ ਬਾਹਰ ਕੱਢਣ ਮਗਰੋਂ ਆਲੂਆਂ ਦੀ ਜਾਂਚ-ਪੜਤਾਲ ਅਤੇ ਰੋਗੀ ਆਲੂਆਂ ਦੀ ਛਾਂਟੀ ਬਹੁਤ ਜਰੂਰੀ ਹੈ। ਬਿਮਾਰੀਆਂ ਦੀ ਸਰਵਪੱਖੀ ਰੋਕਥਾਮ ਲਈ ਆਲੂਆਂ ਦੇ ਨਿਰੋਗੀ ਬੀਜ ਦੀ ਚੋਣ ਸਭ ਤੋਂ ਪਹਿਲਾ ਅਤੇ ਬੇਹੱਦ ਜਰੂਰੀ ਕਦਮ ਹੈੈ। ਸਾਡੇ ਆਲੂ ਉਤਪਾਦਕਾਂ ਦੀ ਜਾਣਕਾਰੀ ਲਈ ਅਸੀਂ ਇੱਥੇ ਇਹ ਦੱਸਣਾ ਜਰੂਰੀ ਸਮਝਦੇ ਹਾਂ ਕਿ ਆਲੂਆਂ ਦੇ ਜਿਆਦਾਤਰ ਭਿਆਨਕਰੋਗ (ਜਿਵੇਂ ਕਿ ਵਿਸ਼ਾਣੂੰ ਰੋਗ, ਪਿਛੇਤਾ ਝੁਲਸ ਰੋਗ, ਖਰੀਂਢ ਰੋਗ ਅਤੇ ਧੱਫੜੀ ਰੋਗ ਆਦਿ) ਬੀਜ ਰਾਹੀਂ ਹੀ ਫੈਲਦੇ ਹਨ ਅਤੇ ਜੋ ਪੰਜਾਬ ਵਿੱਚ ਆਲੂ ਦੀ ਪੈਦਾਵਾਰ ਅਤੇ ਜ਼ਿਮੀਦਾਰਾ ਦਾ ਮੁਨਾਫਾ ਘਟਾਉਣ ਦਾ ਕਾਰਨ ਬਣਦੇ ਹਨ। ਇਹੀ ਰੋਗੀ ਆਲੂ ਇੱਕ ਸਾਲ ਤੋਂ ਦੂਜੇ ਸਾਲ ਬਿਮਾਰੀ ਦੀ ਲਾਗ ਲਗਾਉਣਦਾ ਕੰਮ ਕਰਦੇ ਹਨ। ਆਮ ਤੌਰ ਤੇ ਇਹ ਵੇਖਿਆ ਗਿਆ ਹੈ ਕਿ ਕਿਸਾਨ ਵੀਰ ਆਲੂਆਂ ਦੀ ਛਾਂਟੀ ਕਰਨ ਉਪਰੰਤ ਗਲੇ-ਸੜੇ ਅਤੇ ਰੋਗ ਨਾਲ ਪ੍ਰਭਾਵਿਤ ਆਲੂਆਂ ਨੂੰ ਖੇਤਾਂ ਦੇ ਦੁਆਲੇ ਜਾਂ ਕੋਲਡ ਸਟੋਰਾਂ ਦੇ ਬਾਹਰ ਹੀ ਢੇਰੀ ਕਰ ਦਿੰਦੇ ਹਨ। ਇਨ੍ਹਾਂ ਰੋਗੀ ਜਾਂ ਗਲੇ-ਸੜੇ ਆਲੂਆਂ ਨੂੰ ਠੰਡੇ ਗੋਦਾਮਾਂ ਵਿੱਚੋਂ ਕੱਢ ਕੇ ਬਾਹਰ ਖੁੱੱਲੇ ਵਿੱਚ ਨਹੀਂ ਛੱਡਣਾ ਚਾਹੀਦਾ,ਸਗੋਂ ਟੋਆ ਪੁੱਟ ਕੇ ਮਿੱਟੀ ਵਿੱਚ ਦਬਾ ਦੇਣਾ ਚਾਹੀਦਾ ਹੈ। ਖੁੱਲੇ ਵਿੱਚ ਛੱਡੇ ਗਏ ਬਿਮਾਰੀ ਵਾਲੇ ਆਲੂ ਉੱਗ ਕੇ ਬਾਅਦ ਵਿੱਚ ਆਲੇ-ਦੁਆਲੇ ਵਾਲੇ ਖੇਤਾਂ ਵਿੱਚ ਬਿਮਾਰੀ ਦਾ ਫੈਲਾਅ ਕਰ ਸਕਦੇ ਹਨ। ਸਾਲ 2020-21 ਦੌਰਾਨ ਪੌਦਾ ਰੋਗ ਵਿਭਾਗ ਵੱਲੋਂ ਕੀਤੇ ਗਏ ਕੋਲਡ ਸਟੋਰਾਂ ਦੇ ਸਰਵੇਖਣ ਦੋਰਾਨ ਜ਼ਿਲ੍ਹਾ ਜਲੰਧਰ ਦੇ ਕੁ ਪਿੰਡਾਂ ਜਿਵੇਂ ਕਿ ਪ੍ਰਤਾਪਪੁਰਾ, ਮਹਿਤਪੁਰ ਨਕੋਦਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮਹਿਤੇਆਣਾ, ਫੁਗਲਾਨਾ, ਅਹਿਰਾਨਾ ਕਲਾਂ, ਮੋਨਾ ਕਲਾਂ, ਰਾਜਪੁਰ ਭਾਈਆ ਅਤੇ ਟਾਂਡਾ ਅਤੇ ਲੁਧਿਆਣੇ ਜਿਲੇ ਵਿੱਚ ਸਿੱਧਵਾਂ ਬੇਟ, ਸੰਗੋਵਾਲ, ਜਗਰਾਓਂ ਦੇ ਇਲਾਕਿਆਂ ਵਿੱਚ ਧੱਫੜੀ ਅਤੇ ਖਰੀਂਢ ਰੋਗ ਦਾ ਦਰਮਿਆਨਾ ਹਮਲਾ ਪਾਇਆ ਗਿਆ ਸੀ। ਇਨ੍ਹਾਂ ਇਲਾਕਿਆਂ ਦੇ ਕੁਝ ਕੋਲਡ ਸਟੋਰਾਂ ਵਿੱਚ ਰੱਖੇ ਆਲੂਆਂ ਉੱਪਰ ਕਿਤੇ-ਕਿਤੇ ਪਿਛੇਤੇ ਝੁਲਸ ਰੋਗ ਦੇ ਲੱਛਣਵੀ ਵੇਖੇ ਗਏ।

ਪਿਛੇਤਾ ਝੁਲਸ ਰੋਗ ਆਲੂਆਂ ਦੀ ਇੱੱਕ ਮੁੱਖ ਰੋਗ ਹੈ ਅਤੇ ਜੇਕਰ ਫਸਲ ਵਿੱਚ ਆਲੂ ਬਣਨ ਤੋਂ ਪਹਿਲਾਂ ਹੀ ਖੇਤ ਵਿੱਚ ਆ ਜਾਵੇ ਤਾਂ ਇਹ ਆਲੂਆਂ ਦੇ ਝਾੜ ਤੇ ਮਾੜਾ ਅਸਰ ਪਾਉਂਦਾ ਹੈ। ਇਸ ਬਿਮਾਰੀ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਉੱੱਲੀਨਾਸ਼ਕਾਂਦੀ ਵਰਤੋਂ ਤੋਂ ਇਲਾਵਾ ਬਿਮਾਰੀ ਦੀ ਸ਼ੁਰੂਆਤੀ ਲਾਗ ਲਗਾਉਣ ਵਾਲੇ ਕਣਾਂ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਜੋ ਕਿ ਬੀਜ ਵਾਲੇ ਆਲੂਆਂ ਵਿੱਚ ’ਪੱਲਦੀ ਰਹਿੰਦੀ ਹੈ। ਜਦੋਂ ਪਿਛੇਤੇ ਝੁਲਸ ਰੋਗ ਦੀ ਲਾਗ ਲੱਗੇ ਹੋਏ ਆਲੂਆਂ ਨੂੰ ਨਿਰੋਗੀ ਆਲੂਆਂ ਦੇ ਨਾਲ ਕੋਲਡ ਸਟੋਰ ਵਿੱਚ ਰੱਖਦੇ ਹਨ ਤਾਂ ਇਹ ਬਿਮਾਰੀ ਬਾਕੀ ਦੇ ਆਲੂਆਂ ਵਿੱਚ ਵੀ ਫੈਲ ਸਕਦੀ ਹੈ। ਪਿਛੇਤੇ ਝੁਲਸ ਰੋਗ ਵਾਲੇ ਆਲੂਆਂ ਦੀ ਪਹਿਚਾਣ ਇਨ੍ਹਾਂ ਦੀ ਛਿੱਲੜ ਉੱੱਪਰ ਪਾਏ ਜਾਣ ਵਾਲੇ ਭੂਰੇ ਰੰਗ ਦੇ ਧੱਬਿਆਂ ਤੋਂ ਕੀਤੀ ਜਾ ਸਕਦੀ ਹੈ। ਅਜਿਹੇ ਝੁਲਸ ਰੋਗ ਨਾਲ ਪ੍ਰਭਾਵਿਤ ਆਲੂਆਂ ਨੂੰ ਆਮ ਤੌਰ ਤੇ ਪਹਾੜੀ ਖੇਤਰਾਂ ਵਿੱਚ ‘ਪੱਥਰ ਦਾਗ’ ਵਾਲੇ ਆਲੂ ਵੀ ਕਿਹਾ ਜਾਂਦਾ ਹੈ। ਬਿਜਾਈ ਤੋਂ ਪਹਿਲਾਂ ਕਿਸਾਨਾਂ ਨੂੰ ਇਹ ਧਿਆਨ ਦੇਣਾ ਚਾਹੀਦਾ ਹੈ ਕਿ ਬੀਜ ਲਈ ਵਰਤੇਂ ਜਾਣ ਵਾਲੇ ਆਲੂ ਪਿਛੇਤੇ ਝੁਲਸ ਰੋਗ ਤੋਂ ਮੁਕਤ ਹੋਣੇ ਚਾਹੀਦੇ ਹਨ।ਬੀਜ ਵਾਲੇ ਆਲੂਆਂ ਨੂੰ ਠੰਡੇ ਗੋਦਾਮਾਂ ਵਿੱਚ ਰੱਖਣ ਤੋਂ ਪਹਿਲਾਂ ਅਤੇ ਕੱਢਣ ਤੋਂ ਬਾਅਦ ਬਿਜਾਈ ਸਮੇਂ, ਇਨ੍ਹਾਂ ਵਿੱਚੋਂ ਬਿਮਾਰੀ ਵਾਲੇ ਦਾਗੀ ਆਲੂ ਛਾਂਟ ਕੇ ਨਸ਼ਟ ਕਰਨ ਬਾਬਤ ਕਿਸਾਨਾਂ ਨੂੰ ਸੁਚੇਤ ਕੀਤਾ ਜਾਂਦਾ ਹੈ।ਆਲੂ ਉਤਪਾਦਕਾਂ ਦੀ ਜਾਣਕਾਰੀ ਲਈ ਇੱਥੇ ਇਹ ਦੱਸਣਾ ਜਰੂਰੀ ਹੈ ਕਿ ਜਿਆਦਾਤਰ ਆਲੂਆਂ ਦੇ ਰੋਗ ਜਿਵੇਂ ਕਿ ਪਿਛੇਤਾ ਝੁਲਸ ਰੋਗ, ਖਰੀਂਢ ਰੋਗ, ਧੱਫੜੀ ਰੋਗ ਅਤੇ ਵਿਸ਼ਾਣੂੰ ਰੋਗ ਬੀਜ ਰਾਹੀਂ ਹੀ ਫੈਲਦੇ ਹਨ। ਖਰੀਂਢ ਰੋਗ ਦੇ ਹਮਲੇ ਨਾਲ ਆਲੂਆਂ ਉੱਤੇ ਕਾਲੇ ਰੰਗ ਦੇ ਖੁਰਦਰੇ ਖਰੀਂਢ ਵਰਗੀਆਂ ਕਾਲੇ ਰੰਗ ਦੀਆਂ ਮਘਰੌੜੀਆ ਬਣ ਜਾਂਦੀਆਂ ਹਨ। ਅਸਲ ਵਿੱਚ ਇਹ ਖਰੀਂਢ ਉੱਲੀ ਦੀਆਂ ਮਘਰੋੜੀਆਂ ਹੁੰਦੀਆਂ ਹਨ ਜੋ ਇਸ ਤਰ੍ਹਾਂ ਜਾਪਦੀਆਂ ਹਨ ਜਿਵੇਂ ਆਲਅੂਾਂ ਤੇ ਕਾਲੇ ਰੰਗ ਦੀ ਮਿੱਟੀ ਜੰਮੀ ਹੋਵੇ ਜਿਹੜੀ ਕਿ ਪਾਣੀ ਨਾਲ ਧੋਣ ਮਗਰੋਂ ਵੀ ਨਹੀਂ ਉੱਤਰਦੀ। ਖਰੀਂਢ ਵਾਲੇ ਬੀਜ ਤੋਂ ਉੱਲੀ ਖੜੀ ਫਸਲ ਵਿੱਚ ਹਮਲਾ ਕਰ ਸਕਦੀ ਹੈ ਜਿਸ ਕਰਕੇ ਖੇਤ ਵਿੱਚ ਬੂਟੇ ਮੁਰਝਾਏ ਹੋਏ ਨਜ਼ਰ ਆਉਂਦੇ ਹਨ। ਖਰੀਂਢ ਰੋਗ ਵਾਲੀ ਉੱਲੀ ਬੀਜ ਵਾਲੇ ਆਲੂਆਂ ਅਤੇ ਮਿੱਟੀ ਦੋਹਾਂ ਵਿੱਚ ਪੱਲਦੀ ਰਹਿੰਦੀ ਹੈ, ਪਰ ਆਮ ਤੌਰ ਤੇ ਇਸ ਰੋਗ ਨਾਲ ਪ੍ਰਭਾਵਿਤ ਬੀਜ ਵਾਲੇ ਆਲੂ ਹੀ ਇਸ ਬਿਮਾਰੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਫੈਲਾਉਣ ਦਾ ਮੁੱਖ ਸੋਮਾ ਹੁੰਦੇ ਹਨ। ਧੱਫੜੀ ਰੋਗ ਤੋਂ ਪ੍ਰਭਾਵਿਤ ਆਲੂਆਂ ਉੱਤੇ 0.5 ਤੋਂ 1.0 ਸੈਂਟੀਮੀਟਰ ਆਕਾਰ ਦੇ ਖੁਰਦਰੇ ਗੋਲ ਅਤੇ ਡੂੰਘੇ ਨਿਸ਼ਾਨ ਪੈ ਜਾਂਦੇ ਹਨ। ਇਨ੍ਹਾਂ ਆਲੂਆਂ ਨੂੰ ਛਾਂਟੀ ਕਰਕੇ ਵੱਖ ਕਰ ਲਓ ਅਤੇ ਬੀਜ ਲਈ ਨਾ ਵਰਤੋਂ। ਪਿਛਲੇ ਕੁਝ ਸਾਲਾਂ ਦੌਰਾਨ ਪੌਦਾ ਰੋਗ ਵਿਭਾਗ ਦੀ ਟੀਮ ਵੱਲੋਂ ਕੀਤੇ ਗਏ ਸਰਵੇਖਣ ਦੌਰਾਨ ਪਾਇਆ ਗਿਆ ਕਿ ਕਿਸਾਨਾਂ ਦੇ ਖੇਤਾਂ ਵਿੱਚ ਇਨ੍ਹਾਂ ਬਿਮਾਰੀਆਂ ਦਾ ਹਮਲਾ ਸਾਲ ਦਰ ਸਾਲ ਵੱਧਦਾ ਜਾ ਰਿਹਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਬਹੁਤ ਸਾਰੇ ਕਿਸਾਨ ਵੀਰ ਬੀਜ ਵਾਲੇ ਆਲੂਆਂ ਵਿੱਚੋਂ ਇਨ੍ਹਾਂ ਰੋਗੀ ਆਲੂਆਂ ਨੂੰ ਬਿਨ੍ਹਾਂ ਛਾਂਟੀ ਕੀਤਿਆਂ ਹੀ ਬੀਜ ਦਿੰਦੇ ਹਨ। ਖਰੀਂਢ ਅਤੇ ਧੱਫੜੀ ਰੋਗ ਜਿਹੀਆਂ ਬਿਮਾਰੀਆਂ ਜ਼ਮੀਨ ਅਤੇ ਰੋਗੀ ਆਲੂਆਂ ਤੇ ਜਿਉਂਦੀਆਂ ਰਹਿੰਦੀਆਂ ਹਨ। ਅਜਿਹੇ ਰੋਗੀ ਆਲੂਆਂ ਦੀ ਬਿਜਾਈ ਕਰਨ ਨਾਲ ਲਗਾਤਾਰ ਇਨ੍ਹਾਂ ਬਿਮਾਰੀਆਂ ਦਾ ਜ਼ਮੀਨ ਵਿੱਚ ਵਾਧਾ ਹੋ ਰਿਹਾ ਹੈ। ਇਸ ਕਰਕੇ ਕਿਸਾਨ ਭਰਾਵਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਬੀਜ ਵਾਲੇ ਆਲੂਆਂ ਨੂੰ ਗੋਦਾਮਾਂ ਵਿੱਚ ਰੱਖਣ ਤੋਂ ਪਹਿਲਾਂ ਅਤੇ ਕੱਢਣ ਤੋਂ ਬਾਅਦ ਬਿਮਾਰੀ ਵਾਲੇ ਆਲਅੂਾਂ ਨੂੰ ਛਾਂਟ ਕੇ ਨਸ਼ਟ ਕਰਨ ਨਾਲ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਹੋ ਜਾਂਦੀ ਹੈ। ਇਸ ਤੋਂ ਇਲਾਵਾ ਰੋਗੀ ਆਲਅੂਾਂ ਨੂੰ ਟੋਆ ਪੁੱਟ ਕੇ ਨਸ਼ਟ ਕਰਨ ਨਾਲ ਕਾਫੀ ਹੱਦ ਤੱਕ ਬਿਮਾਰੀਆਂ ਅੱਗੋ ਨਵੇਂ ਖੇਤਾਂ ਜਾਂ ਖੇਤਰ ਚ’ ਨਹੀਂ ਫੈਲਣਗੀਆਂ।

ਖਰੀਂਢ ਰੋਗ ਤੋਂ ਬਚਾਅ ਲਈ ਬਿਜਾਈ ਤੋਂ ਪਹਿਲਾਂ ਬੀਜ ਵਾਲੇ ਆਲੂਆਂ ਨੂੰ ਕੋਲਡ ਸਟੋਰ ਤੋਂ ਬਾਹਰ ਕੱਢਣ ਤੋਂ ਮਗਰੋਂ ਇਮੈਸਟੋ ਪ੍ਰਾਇਮ (ਪੈਨਫਲੂਫਿਨ 22.43 ਐਫ ਐਸ)8.3 ਐਮ ਐਲ ਜਾਂ ਮੋਨਸਰਨ (ਪੈਨਸੀਕਿਊਰੋਨ) 2.5 ਮਿ.ਲਿ ਪ੍ਰਤੀ ਲਿਟਰ ਪਾਣੀ ਵਿੱਚ ਘੋਲ ਬਣਾ ਕੇ 10 ਮਿੰਟ ਲਈ ਡੁਬੋ ਦਿਓ।

ਵਿਸ਼ਾਣੂੰ ਰੋਗ ਮੁਕਤ ਬੀਜ ਤਿਆਰ ਕਰਨਾ: ਆਲੂ ਤਿਆਰ ਕਰਨ ਦੀ ਇਸ ਵਿਧੀ ਦਾ ਮਨੋਰਥ ਹੈ ਪੰਜਾਬ ਵਿੱਚ ਉਸ ਸਮੇਂ ਅਰੋਗ ਫ਼ਸਲ ਲੈਣੀ ਜਦੋਂ ਕਿ ਤੇਲਾ ਘੱਟ ਤੋਂ ਘੱਟ ਹੋਵੇ। ਇਹ ਕੀੜਾ ਕਈ ਵਿਸ਼ਾਣੂੰ ਰੋਗਾਂ ਨੂੰ ਫੈਲਾਉਂਦਾ ਹੈ ਜਿਵੇਂ ਕਿ ਪੱਤਾ ਮੁੜਨ ਦਾ ਰੋਗ, ਵਿਸ਼ਾਣੂੰ ‘ਐਕਸ’, ਵਿਸ਼ਾਣੂ ‘ਏ’ ਤੇ ਵਿਸ਼ਾਣੂ ‘ਵਾਈ’। ਰੋਗ ਮੁਕਤ ਬੀਜ ਵਾਲੀ ਫ਼ਸਲ ਲੈਣ ਆਲੂਆਂ ਦੀ ਬਿਜਾਈ ਅਕਤੂਬਰ ਦੇ ਪਹਿਲੇ ਪੰਦਰ੍ਹਵਾੜੇ ਕਰਨੀ ਚਾਹੀਦੀ ਹੈ। ਜੇਕਰ ਬੀਜ 50×15 ਸੈਂਟੀਮੀਟਰ ਦੀ ਵਿੱਥ ਤੇ ਬੀਜਿਆ ਜਾਵੇ ਤਾਂ ਸਾਨੂੰ ਢੁੱਕਵੇਂ ਆਕਾਰ ਦੇ ਬੀਜ ਵਾਲੇ ਆਲੂ ਵਧੇਰੇ ਪ੍ਰਾਪਤ ਹੁੰਦੇ ਹਨ। ਇਸ ਤੋਂ ਇਲਾਵਾ ਮਸ਼ੀਨ ਨਾਲ ਬਿਜਾਈ ਲਈ, ਮਸ਼ੀਨ ਦੀ ਉਪਲੱਭਤਾ ਅਨੁਸਾਰ, ਵੱਟ ਤੋਂ ਵੱਟ ਅਤੇ ਆਲੂ ਤੋਂ ਆਲੂ ਦਾ ਫਾਸਲਾ ਕ੍ਰਮਵਾਰ 65×15 ਸੈਂਟੀਮੀਟਰ ਜਾਂ 75×15 ਸੈਂਟੀਮੀਟਰ ਰੱਖਿਆ ਜਾਣਾ ਚਾਹੀਦਾ ਹੈ। ਇੱਕ ਏਕੜ ਤੋਂ ਤਿਆਰ ਕੀਤਾ ਹੋਇਆ ਇਹ ਬੀਜ 8-10 ਏਕੜ ਫ਼ਸਲ ਲਾਉਣ ਲਈ ਕਾਫ਼ੀ ਹੁੰਦਾ ਹੈ।

ਤੇਲੇ ਤੇ ਦੂਸਰੇ ਕੀੜਿਆਂ ਦੀ ਰੋਕਥਾਮ ਲਈ ਸਿਫ਼ਾਰਸ਼ ਕੀਤੀਆਂ ਹਦਾਇਤਾਂ ਤੇ ਅਮਲ ਕਰਨਾ ਚਾਹੀਦਾ ਹੈ। ਜੇ ਕੋਈ ਬੂਟਾ ਦੇਖਣ ਨੂੰ ਰੋਗੀ ਜਾਪੇ ਤਾਂ ਉਸ ਨੂੰ ਕੱਢ ਦੇਣਾ ਚਾਹੀਦਾ ਹੈ। ਅੱਧ ਦਸੰਬਰ ਤੋਂ ਪਾਣੀ ਘਟਾ ਦੇਣਾ ਚਾਹੀਦਾ ਹੈ ਤੇ ਬਾਅਦ ਵਿੱਚ ਉੱਕਾ ਹੀ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਜੋ ਪਤਰਾਲ, ਤੇਲੇ ਦੀ ਕਾਫ਼ੀ ਗਿਣਤੀ ਹੋਣ ਤੋਂ ਪਹਿਲਾਂ ਹੀ ਮੁਰਝਾਅ ਕੇ ਹੇਠਾਂ ਨੂੰ ਮੁੜ ਜਾਵੇ। ਦਸੰਬਰ ਦੇ ਅਖੀਰ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਜਦ ਕਿ ਤੇਲੇ ਦੀ ਗਿਣਤੀ 20 ਕੀੜੇ ਪ੍ਰਤੀ 100 ਪੱਤੇ ਹੋ ਜਾਵੇ ਤਾਂ ਪੱਤੇ ਕੱਟ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਤਕਰੀਬਨ 15 ਦਿਨਾਂ ਲਈ ਆਲੂਆਂ ਨੂੰ ਜ਼ਮੀਨ ਵਿੱਚ ਰਹਿਣ ਦਿਉ ਤਾਂ ਕਿ ਇਹ ਪੂਰੀ ਤਰ੍ਹਾਂ ਤਿਆਰ ਹੋ ਜਾਣ। ਫ਼ਸਲ ਪੁੱਟਣ ਉਪਰੰਤ ਦਰਜਾਬੰਦੀ ਕਰਕੇ ਕੋਲਡ ਸਟੋਰ ਵਿੱਚ ਰੱਖਣ ਲਈ ਭੇਜ ਦਿਉ ਤੇ ਪੱਤਝੜ ਦੀ ਫ਼ਸਲ ਲਾਉਣ ਤੱਕ ਉੱਥੇ ਹੀ ਰੱਖੋ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran