ਜੈਵਿਕ ਖੇਤੀ ਸਮੇਂ ਦੀ ਲੋੜ ਹੈ। ਜਿਸ ਹਿਸਾਬ ਨਾਲ ਰਸਾਇਣਕ ਖਾਦਾਂ, ਕੀਟਨਾਸ਼ਕ ਤੇ ਨਦੀਨਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਕਰਨ ਕਰਕੇ ਘਰ-ਘਰ ਮਰੀਜ਼ਾ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ, ਉਸ ਨੂੰ ਦੇਖਦਿਆਂ ਜੈਵਿਕ ਖੇਤੀ ਦੀ ਮਹੱਤਤਾ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ। ਕਈ ਕਿਸਾਨ ਇਸ ਨੂੰ ਅਪਣਾ ਕੇ ਲੋਕਾਂ ਦੀ ਸਿਹਤ ਸੁਧਾਰਨ ਦੇ ਨਾਲ-ਨਾਲ ਹੋਰਨਾਂ ਕਿਸਾਨ ਭਰਾਵਾਂ ਲਈ ਵੀ ਮਿਸਾਲ ਬਣ ਰਹੇ ਹਨ।
ਇਸੇ ਤਰ੍ਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬੰਗਾ ਦੇ ਪਿੰਡ ਲੰਗੇਰੀ ਦਾ ਕਿਸਾਨ ਸੁਰਜੀਤ ਸਿੰਘ ਜੈਵਿਕ ਖੇਤੀ ’ਚ ਮੀਲ ਪੱਥਰ ਕਾਇਮ ਕਰ ਰਿਹਾ ਹੈ। ਉਸ ਨੇ ਬਾਰ੍ਹਵੀਂ ਦੀ ਪੜਾਈ ਕਰਨ ਤੋਂ ਬਾਅਦ ਪਿਤਾ ਪੁਰਖੀ ਧੰਦੇ ਖੇਤੀਬਾੜੀ ਨੂੰ ਅਪਣਾਇਆ। ਉਸ ਕੋਲ 5 ਏਕੜ ਜ਼ਮੀਨ ਹੈ। ਉਹ ਆਪਣੇ ਭਰਾ ਗੁਰਦੀਪ ਸਿੰਘ ਨਾਲ ਮਿਲ ਕੇ ਇਕੱਠੀ ਖੇਤੀ ਕਰ ਰਿਹਾ ਹੈ। ਉਸ ਨੇ 2014 ’ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਯੰਗ ਫਾਰਮਰਜ਼ ਦਾ ਸਿਖਲਾਈ ਕੋਰਸ ਕਰ ਕੇ ਖੇਤੀਬਾੜੀ ਦੀਆਂ ਬਾਰੀਕੀਆਂ ਬਾਰੇ ਤਕਨੀਕੀ ਜਾਣਕਾਰੀ ਹਾਸਲ ਕੀਤੀ। ਇਸ ਸਿਖਲਾਈ ਦੌਰਾਨ ਜੈਵਿਕ ਖੇਤੀ ਬਾਰੇ ਲੈਕਚਰ ਸੁਣਨ ਤੋਂ ਬਾਅਦ ਉਸ ਦੇ ਮਨ ’ਚ ਇਸ ਤਰ੍ਹਾਂ ਦੀ ਖੇਤੀ ਸ਼ੁਰੂ ਕਰਨ ਸਬੰਧੀ ਤੀਬਰ ਇੱਛਾ ਜਾਗੀ।
ਉਸ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਫ਼ਲਾਂ ਤੇ ਸਬਜ਼ੀਆਂ ਦੀਆਂ ਪ੍ਰੋਸੈਸਿੰਗ ਤਕਨੀਕਾਂ ਸਬੰਧੀ ਸਿਖਲਾਈ ਲਈ ਹੋਈ ਹੈ। ਉਸ ਨੇ ਐਗਰੀਕਲਚਰ ਐਕਸਟੈਂਸ਼ਨ ਸਰਵਿਸ ਪ੍ਰੋਵਾਈਡਰ ਦਾ ਇਕ ਮਹੀਨੇ ਦਾ ਕੋਰਸ ਕੀਤਾ ਹੋਇਆ ਹੈ। ਉਸ ਨੇ ਇਕ ਸਾਲ ਦਾ ਫਾਇਰ ਐਂਡ ਸੇਫਟੀ ਸਬੰਧੀ ਡਿਪਲੋਮਾ ਕੀਤਾ ਹੋਇਆ ਹੈ। ਉਸ ਨੇ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਵਿਖੇ ਵੀ ਸਿਖਲਾਈ ਲਈ ਹੋਈ ਹੈ। ਉਸ ਨੇ ਮੁੱਢਲੀ ਸਹਾਇਤਾ ਦਾ ਕੋਰਸ ਵੀ ਕੀਤਾ ਹੋਇਆ ਹੈ।
ਜੈਵਿਕ ਖੇਤੀ ਅਧੀਨ ਵਧਾਇਆ ਰਕਬਾ
ਸੁਰਜੀਤ ਸਿੰਘ ਨੇ ਆਪਣੇ 5 ਏਕੜ ਰਕਬੇ ’ਚ ਵੱਖ-ਵੱਖ ਫ਼ਸਲਾਂ ਲਾਉਣ ਦੀ ਯੋਜਨਾ ਬਣਾਈ ਹੋਈ ਹੈ। ਉਸ ਵੱਲੋਂ ਕਣਕ, ਝੋਨਾ, ਸਰ੍ਹੋਂ, ਗੰਨਾ, ਚਾਰਾ ਤੇ ਘਰ ਖਾਣ ਯੋਗ ਸਬਜ਼ੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ। ਉਸ ਨੇ 2 ਕਨਾਲ ਰਕਬੇ ’ਚ ਜੈਵਿਕ ਤਰੀਕੇ ਨਾਲ ਗੰਨੇ ਦੀ ਕਾਸ਼ਤ ਕੀਤੀ। ਉਸ ਦੀ ਮੁਲਾਕਾਤ ਡਾ. ਕਮਲਦੀਪ ਸਿੰਘ ਸੰਘਾ, ਪ੍ਰਾਜੈਕਟ ਡਾਇਰਕੈਟਰ (ਆਤਮਾ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਹੋਈ, ਜਿਸ ਤੋਂ ਬਾਅਦ ਉਸ ਨੇ ਜੈਵਿਕ ਖੇਤੀ ਨੂੰ ਵਧਾਉਣ ਦਾ ਮਨ ਬਣਾਇਆ। ਉਸ ਵੱਲੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਲਾਏ ਜਾਣ ਵਾਲੇ ਸਿਖਲਾਈ ਕੈਂਪ, ਐਕਸਪੋਜ਼ਰ ਵਿਜ਼ਿਟ ਤੇ ਫਾਰਮ ਸਕੂਲ ’ਚ ਜ਼ਰੂਰ ਭਾਗ ਲਿਆ ਜਾਂਦਾ ਹੈ। ਉਹ ਜ਼ਿਲ੍ਹੇ ’ਚ ਆਤਮਾ ਸਕੀਮ ਅਧੀਨ ਬਣਾਏ ਗਏੇ ਨਵਾਂਸ਼ਹਿਰ ਆਰਗੈਨਿਕ ਗਰੁੱਪ ਦਾ ਮੈਂਬਰ ਹੈ। ਉਹ ਪੀ. ਏ. ਯੂ. ਆਰਗੈਨਿਕ ਕਲੱਬ ਤੇ ਪੋ੍ਰਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ, ਪੰਜਾਬ ਦਾ ਵੀ ਮੈਂਬਰ ਹੈ। ਉਸ ਵੱਲੋਂ ਇਨ੍ਹਾਂ ਆਰਗੈਨਿਕ ਗਰੁੱਪਾਂ ਦੀਆਂ ਮਹੀਨਾਵਾਰ ਮੀਟਿੰਗਾਂ ’ਚ ਰੈਗੂਲਰ ਭਾਗ ਲਿਆ ਜਾਂਦਾ ਹੈ।
ਲੋਕਾਂ ਨੇ ਬਹੁਤ ਪਸੰਦ ਕੀਤਾ ਗੁੜ, ਸ਼ੱਕਰ ਤੇ ਸਿਰਕਾ
ਸੁਰਜੀਤ ਸਿੰਘ ਵੱਲੋਂ ਘਰ ’ਚ ਵਰਤਣ ਲਈ ਜੈਵਿਕ ਕਣਕ ਤੇ ਬੀਜ ਰੱਖਣ ਤੋਂ ਇਲਾਵਾ ਬਾਕੀ ਉਪਜ ਦੀ ਖਪਤਕਾਰਾਂ ਨੂੰ ਵਧੀਆ ਰੇਟ ’ਤੇ ਵਿਕਰੀ ਕੀਤੀ ਗਈ। ਉਸ ਨੇ ਸਾਢੇ ਚਾਰ ਮਰਲੇ ਜਗ੍ਹਾ ’ਚ ਝੋਨੇ ਦੀ ਐੱਫ-121 ਕਿਸਮ ਦਾ ਜੈਵਿਕ ਟਰਾਇਲ ਲਾਇਆ ਗਿਆ ਤੇ 40 ਕਿੱਲੋ ਉਪਜ ਪ੍ਰਾਪਤ ਕੀਤੀ। ਉਸ ਨੇ ਗੰਨੇ ਦੀ ਪ੍ਰੋਸੈਸਿੰਗ ਕਰ ਕੇ ਗੁੜ, ਸ਼ੱਕਰ ਬਣਾਉਣ, ਸਟੋਰ ਕਰਨ ਤੇ ਮਾਰਕੀਟਿੰਗ ਕਰਨ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸਿਖਲਾਈ ਹਾਸਲ ਕੀਤੀ ਹੋਈ ਹੈ। ਇਹ ਸਿਖਲਾਈ ਲੈਣ ਤੋਂ ਬਾਅਦ ਉਸ ਨੇ ਦੋ ਕਨਾਲ ਗੰਨੇ ਦੀ ਜੈਵਿਕ ਫ਼ਸਲ ਦੀ ਪੋ੍ਰਸੈਸਿੰਗ ਕਰ ਕੇ ਵਧੀਆ ਗੁਣਵੱਤਾ ਦਾ ਤਿੰਨ ਕੁਇੰਟਲ ਗੁੜ, ਡੇਢ ਕੁਇੰਟਲ ਸ਼ੱਕਰ ਤੇ ਪੰਜ ਲੀਟਰ ਜੈਵਿਕ ਵਿਧੀ ਨਾਲ ਸਿਰਕਾ ਤਿਆਰ ਕੀਤਾ। ਉਸ ਵੱਲੋਂ ਤਿਆਰ ਕੀਤੇ ਗੁੜ ਤੇ ਸ਼ੱਕਰ ਨੂੰ ਖਪਤਕਾਰਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ। ਇਸ ਲਈ ਅਗਲੀ ਵਾਰ ਉਸ ਨੇ ਗੰਨੇ ਦੀ ਕਾਸ਼ਤ ਹੇਠ ਰਕਬਾ ਵਧਾਉਣ ਦਾ ਫ਼ੈਸਲਾ ਕੀਤਾ ਹੈ।
ਕੀਤੀ ਰਸਾਇਣ ਮੁਕਤ ਖੇਤੀ
ਸੁਰਜੀਤ ਸਿੰਘ ਵੱਲੋਂ ਆਪਣੇ ਖੇਤ ’ਚ ਘਰ ਵਰਤਣ ਯੋਗ ਰਸਾਇਣ ਮੁਕਤ ਸਬਜ਼ੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ। ਉਸ ਨੇ ਮਈ 2020 ’ਚ ਜੈਵਿਕ ਤਰੀਕੇ ਨਾਲ ਲਾਏ ਇਕ ਟਮਾਟਰ ਦੇ ਬੂਟੇ ਤੋਂ 54 ਫਲ ਪ੍ਰਾਪਤ ਕੀਤੇ, ਜਿਨ੍ਹਾਂ ਦਾ ਵਜ਼ਨ 5 ਕਿੱਲੋ ਦੇ ਕਰੀਬ ਹੋਇਆ। ਉਸ ਨੇ ਅਰਬੀ, ਅਦਰਕ ਤੇ ਵੱਖ-ਵੱਖ ਤਰ੍ਹਾਂ ਦੀ ਹਲਦੀ ਜਿਵੇਂ ਕਾਲੀ, ਅੰਬਾ, ਚਿੱਟੀ ਤੇ ਪੰਜਾਬ ਨੰਬਰ-1 ਦੀ ਕਾਸ਼ਤ ਕੀਤੀ ਹੋਈ ਹੈ। ਉਸ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਹਰਬਲ ਗਾਰਡਨ ਤੇ ਵੱਖ -ਵੱਖ ਨਰਸਰੀਆਂ ਤੋਂ ਇਕੱਠਾ ਕਰ ਕੇ ਔਸ਼ਧੀ ਵਾਲੇ ਬੂਟੇ ਜਿਵੇਂ ਨਿੰਮ, ਧਤੂਰਾ, ਮਨੀਪਲਾਂਟ, ਕੁਆਰ ਗੰਦਲ, ਹਾਰ ਸ਼ਿੰਗਾਰ, ਲੈਮਨ ਘਾਹ, ਪੱਥਰਚੱਟ, ਗੁੜਮਾਰ, ਬੱਚ, ਇਨਸੂਲਿਨ, ਕੜੀਪੱਤਾ, ਪੁਦੀਨਾ, ਅਕਰਕਾਰਾ ਤੇ ਫ਼ਲਾਂ ਦੇ ਬੂਟੇ ਜਿਵੇਂ ਅਮਰੂਦ, ਪਪੀਤਾ, ਔਲਾ, ਨਿੰਬੂ (ਆਚਾਰੀ, ਬਾਰਾਮਾਸੀ ਤੇ ਕਾਗ਼ਜ਼ੀ), ਅੰਜ਼ੀਰ, ਫਾਲਸਾ, ਆੜੂ ਤੇ ਜਾਮੁਣ ਲਾਏ ਹੋਏ ਹਨ।
ਜੈਵਿਕ ਚਾਰੇ ਦੀ ਪੈਦਾਵਾਰ
ਸੁਰਜੀਤ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇੇ ਸਕਿੱਲ ਡਿਵੈਲਪਮੈਂਟ ਸੈਂਟਰ ਤੋਂ ਇਕ ਮਹੀਨੇ ਦਾ ਪੈਕ ਹਾਊਸ ਵਰਕਰ ਦਾ ਕੋਰਸ ਕੀਤਾ ਹੋਇਆ ਹੈ। ਉਸ ਨੇ ਡੇਅਰੀ ਡਿਵੈਲਪਮੈਂਟ ਬੋਰਡ ਦੇ ਟਰੇਨਿੰਗ ਸੈਂਟਰ ਤੋਂ ਡੇਅਰੀ ਫਾਰਮਿੰਗ ਦਾ 40 ਦਿਨ ਦਾ ਕੋਰਸ ਕੀਤਾ ਹੋਇਆ ਹੈ। ਉਸ ਨੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਤੋਂ 15 ਦਿਨਾਂ ਦੀ ਪਸ਼ੂਆਂ ਦੀ ਸਾਂਭ- ਸੰਭਾਲ ਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਸਿਖਲਾਈ ਲਈ ਹੋਈ ਹੈ। ਉਸ ਨੇ ਪਸ਼ੂਆਂ ਦੀ ਫੀਡ ਤਿਆਰ ਕਰਨ ਸਬੰਧੀ ਵੀ ਸਿਖਲਾਈ ਲਈ ਹੋਈ ਹੈ। ਉਸ ਨੇ ਦੁਧਾਰੂ ਪਸ਼ੂਆਂ ’ਚ ਸਾਹੀਵਾਲ ਨਸਲ ਦੀ ਗਾਂ ਰੱਖੀ ਹੋਈ ਹੈ। ਉਸ ਵੱਲੋਂ ਪਸ਼ੂਆਂ ਲਈ ਆਰਗੈਨਿਕ ਚਾਰੇ ਦੀ ਪੈਦਾਵਾਰ ਕੀਤੀ ਜਾਂਦੀ ਹੈ। ਉਸ ਵੱਲੋਂ ਆਪਣੇ ਪਸ਼ੂਆਂ ਦੀ ਫੀਡ ਵੀ ਆਰਗੈਨਿਕ ਉਪਜ ਦੀ ਵਰਤੋਂ ਕਰ ਕੇ ਖ਼ੁਦ ਹੀ ਤਿਆਰ ਕੀਤੀ ਜਾਂਦੀ ਹੈ। ਉਸ ਵੱਲੋਂ ਆਪਣੀ ਡਾਇਰੀ ’ਚ ਹਰ ਰੋਜ਼ ਖੇਤੀਬਾੜੀ ਦੀ ਲਾਗਤ ਤੇ ਕਮਾਈ ਦਾ ਰਿਕਾਰਡ ਲਿਖਿਆ ਜਾਂਦਾ ਹੈ।
ਤਿਆਰ ਕੀਤਾ ਕਣਕ ਦਾ ਜੈਵਿਕ ਬੀਜ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਆਤਮਾ ਸਕੀਮ ਅਧੀਨ 2020 ’ਚ ਸੁਰਜੀਤ ਸਿੰਘ ਦੇ ਇਕ ਏਕੜ ਰਕਬੇ ’ਚ ਕਣਕ ਦੀ ਜੈਵਿਕ ਫਸਲ ਦਾ ਪ੍ਰਦਰਸ਼ਨੀ ਪਲਾਂਟ ਲਾਇਆ ਗਿਆ। ਇਸ ਪ੍ਰਦਰਸ਼ਨੀ ਪਲਾਂਟ ’ਚ ਉਸ ਵੱਲੋਂ ਕਣਕ ਦੀਆਂ 3 ਕਿਸਮਾਂ ਜਿਵੇਂ ਬੰਸੀ, ਕਾਲੀ ਕਣਕ ਤੇ ਸ਼ਰਬਤੀ ਬੀਜ ਕੇ ਉਪਜ ਦੀ ਵਧੀਆ ਗੁਣਵੱਤਾ ਤੇ ਝਾੜ ਪ੍ਰਾਪਤ ਕੀਤਾ ਗਿਆ ਤੇ ਕਣਕ ਦਾ ਜੈਵਿਕ ਬੀਜ ਤਿਆਰ ਕੀਤਾ ਗਿਆ। ਉਸ ਵੱਲੋਂ ਕਣਕ ਦੇ ਬੀਜ ਦੀ ਸੋਧ ਜੈਵਿਕ ਤਰੀਕੇ ਨਾਲ ਕੀਤੀ ਜਾਂਦੀ ਹੈ। ਜੈਵਿਕ ਫ਼ਸਲਾਂ ਦੀ ਕਾਸ਼ਤ ਦੌਰਾਨ ਉਸ ਵੱਲੋਂ ਘਰ ’ਚ ਹੀ ਤਿਆਰ ਦੇਸੀ ਰੂੜੀ, ਕੰਪੋਸਟ, ਜੀਵ ਅੰਮਿ੍ਰਤ ਤੇ ਪਾਥੀਆਂ ਦੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਵੱਲੋਂ ਫ਼ਸਲਾਂ ’ਚੋਂ ਨਦੀਨਾਂ ਦੀ ਰੋਕਥਾਮ ਖੇਤ ਦੀ ਗੁਡਾਈ ਕਰ ਕੇ, ਨਦੀਨਾਂ ਨੂੰ ਹੱਥਾਂ ਨਾਲ ਪੁੱਟ ਕੇ ਤੇ ਮਲਚਿੰਗ ਦੀ ਵਰਤੋਂ ਕਰ ਕੇ ਕੀਤੀ ਜਾਂਦੀ ਹੈ।
ਹਮੇਸ਼ਾ ਰਹਿੰਦੀ ਹੈ ਜਾਣਕਾਰੀ ਹਾਸਲ ਕਰਨ ਦੀ ਇੱਛਾ
ਸੁਰਜੀਤ ਸਿੰਘ ਦੇ ਮਨ ’ਚ ਹਮੇਸ਼ਾ ਜੈਵਿਕ ਖੇਤੀ ਬਾਰੇ ਨਵੀਂ ਜਾਣਕਾਰੀ ਹਾਸਲ ਕਰਨ ਦੀ ਪ੍ਰਬਲ ਇੱਛਾ ਰਹਿੰਦੀ ਹੈ। ਉਸ ਨੇ ਇਸ ਦੀਆਂ ਬਾਰੀਕੀਆਂ ਨੂੰ ਸਮਝਣ ਲਈ ਪਿੰਗਲਵਾੜਾ ਆਰਗੈਨਿਕ ਫਾਰਮ ਜੰਡਿਆਲਾ ਗੁਰੂ, ਪੀ. ਏ. ਯੂ. ਆਰਗੈਨਿਕ ਫਾਰਮਿੰਗ, ਅਗਾਂਹਵਧੂ ਜੈਵਿਕ ਖੇਤੀ ਕਰਨ ਵਾਲੇ ਕਿਸਾਨ ਮਨਪ੍ਰੀਤ ਗਰੇਵਾਲ ਤੇ ਅਮਰਿੰਦਰ ਸਿੰਘ ਦੇ ਲੁਧਿਆਣਾ ਵਿਖੇ ਫਾਰਮ ਦਾ ਦੌਰਾ ਕੀਤਾ। ਉਸ ਨੇ ਖੇਤੀ ਵਿਰਾਸਤ ਮਿਸ਼ਨ ਵੱਲੋਂ ਕਰਵਾਈ ਆਰਗੈਨਿਕ ਵਰਕਸ਼ਾਪ ’ਚ ਵੀ ਭਾਗ ਲਿਆ।
ਹੋਰਨਾਂ ਕਿਸਾਨ ਭਰਾਵਾਂ ਨੂੰ ਵੀ ਕਰ ਰਿਹਾ ਹੈ ਪ੍ਰੇਰਿਤ
ਸਾਲ 2021-22 ਲਈ ਉਸ ਵੱਲੋਂ ਇਕ ਏਕੜ ਰਕਬੇ ’ਚ ਜੈਵਿਕ ਝੋਨੇ ਦੀ ਕਾਸ਼ਤ ਕੀਤੀ ਗਈ ਹੈ ਤੇ ਜੈਵਿਕ ਗੰਨੇ ਅਧੀਨ ਰਕਬਾ ਵੀ ਵਧਾਇਆ ਗਿਆ ਹੈ। ਉਸ ਵੱਲੋਂ ਕਿਸਾਨਾਂ ਲਈ ਨਾਅਰਾ ਦਿੱਤਾ ਗਿਆ ਹੈ, ‘ਆਓ ਰਲ- ਮਿਲ ਜ਼ੋਰ ਲਗਾਈਏ, ਖੇਤਾਂ ਵਿੱਚੋਂ ਜ਼ਹਿਰਾਂ ਭਜਾਈਏ, ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਈਏ।’ ਉਸ ਵੱਲੋਂ ਖਪਤਕਾਰਾਂ ਨੂੰ ਵੀ ਆਪਣੀ ਰਸੋਈ ’ਚ ਰਸਾਇਣ ਮੁਕਤ ਉਤਪਾਦ ਵਰਤਣ ਸਬੰਧੀ ਸੁਚੇਤ ਕੀਤਾ ਜਾ ਰਿਹਾ ਹੈੈ। ਇਸ ਸਬੰਧੀ ਉਸ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ’ਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਫ਼ਸਲਾਂ ਦੀ ਜੈਵਿਕ ਖੇਤੀ ਸਬੰਧੀ ਲਾਏ ਜਾਂਦੇ ਫਾਰਮ ਸਕੂਲਾਂ ’ਚ ਸ਼ਮੂਲੀਅਤ ਤੇ ਕਿਸਾਨਾਂ ਨੂੰ ਸੰਬੋਧਨ ਕਰ ਕੇੇ ਵੱਧ ਤੋਂ ਵੱਧ ਜੈਵਿਕ ਖੇਤੀ ਨੂੰ ਅਪਣਾਉਣ ਸਬੰਧੀ ਪ੍ਰੇਰਿਤ ਕੀਤਾ ਜਾਂਦਾ ਹੈ। ਉਹ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਕਦੇ ਵੀ ਅੱਗ ਨਹੀਂ ਲਾਉਂਦਾ। ਉਸ ਵੱਲੋਂ ਫ਼ਸਲਾਂ ਦੀ ਰਹਿੰਦ- ਖੂੰਹਦ ਤੇ ਦਰੱਖਤਾਂ ਦੇ ਪੱਤਿਆਂ ਤੋਂ ਆਪਣੇ ਖੇਤ ’ਚ ਹੀ ਦੇਸੀ ਕੰਪੋਸਟ ਖਾਦ ਤਿਆਰ ਕੀਤੀ ਜਾਂਦੀ ਹੈ। ਜੈਵਿਕ ਖੇਤੀ ਨੂੰ ਅਪਣਾ ਕੇ ਉਹ ਸਮੁੱਚੇ ਕਿਸਾਨ ਭਰਾਵਾਂ ਲਈ ਰਾਹ ਦਸੇਰਾ ਸਾਬਤ ਹੋਇਆ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Jagran