By: Ajit Date: 1 August 2017
ਨਵੀਂ ਦਿੱਲੀ,1 ਅਗਸਤ (ਏਜੰਸੀ)-ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਉਹ ਡੇਢ ਮਹੀਨੇ 'ਚ ਇਹ ਫੈਸਲਾ ਲੈ ਲਵੇਗੀ ਕਿ ਕੀ ਦੇਸ਼ 'ਚ ਜੀ.ਐਮ. ਸਰ੍ਹੋਂ ਦੀ ਫਸਲ ਨੂੰ ਵਪਾਰਕ ਉਪਯੋਗ ਲਈ ਸਵੀਕਾਰ ਕੀਤਾ ਜਾਵੇ | ਚੀਫ ਜਸਟਿਸ ਜੇ.ਐਸ. ਖੇਹਰ ਤੇ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਵਧੀਕ ਸਾਲਿਸਟਰ ਜਨਰਲ ਪੀ.ਐਸ. ਨਰਸਿਮ੍ਹਾ ਨੂੰ ਕਿਹਾ ਕਿ ਜੇਕਰ ਸਰਕਾਰ ਜੀ.ਐਮ. ਸਰ੍ਹੋਂ ਦੇ ਪੱਖ 'ਚ ਫੈਸਲਾ ਲੈਂਦੀ ਹੈ ਤਾਂ ਅਦਾਲਤ ਇਸ ਦੀ ਵਪਾਰਕ ਉਪਯੋਗਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰੇਗੀ | ਬੈਂਚ ਨੇ ਕਿਹਾ ਕਿ ਦੇਸ਼ 'ਚ ਸਰ੍ਹੋਂ ਦੀ ਬਿਜਾਈ ਅਕਤੂਬਰ 'ਚ ਸ਼ੁਰੂ ਹੋ ਜਾਂਦੀ ਹੈ, ਇਸ ਲਈ ਜੀ.ਐਮ. ਸਰ੍ਹੋਂ ਦੇ ਵਪਾਰਕ ਉਪਯੋਗ ਬਾਰੇ ਲਿਆ ਗਿਆ ਕੋਈ ਵੀ ਫੈਸਲਾ ਅਦਾਲਤ ਵੱਲੋਂ ਇਸ ਦੇ ਵਿਸਲੇਸ਼ਣ ਕਰਨ ਤੋਂ ਬਾਅਦ ਹੀ ਲਾਗੂ ਹੋਏਗਾ | ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਸਤੰਬਰ ਦੇ ਦੂਸਰੇ ਹਫਤੇ ਲਈ ਨਿਸਚਿਤ ਕਰ ਦਿੱਤੀ ਹੈ | ਇਸ ਤੋਂ ਪਹਿਲਾਂ ਬੈਂਚ ਨੇ ਕੇਂਦਰ ਸਰਕਾਰ ਨੂੰ ਇਸ ਸਬੰਧ 'ਚ ਇਹ ਦੱਸਣ ਲਈ ਕਿਹਾ ਸੀ ਕਿ ਉਹ ਇਸ ਮਾਮਲੇ 'ਚ ਕਦੋਂ ਤੱਕ ਫੈਸਲਾ ਲੈ ਲਵੇਗੀ | ਜ਼ਿਕਰਯੋਗ ਹੈ ਕਿ ਜੀ.ਐਮ. ਸਰ੍ਹੋਂ ਨੂੰ ਲੈ ਕੇ ਅਰੁਣਾ ਰੋਡਰਿਗਜ਼ ਨੇ ਅਦਾਲਤ 'ਚ ਪਟੀਸ਼ਨ ਦਾਇਰ ਕਰ ਰੱਖੀ ਹੈ | ਜਿਸ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਪਿਛਲੇ ਸਾਲ 17 ਅਕਤੂਬਰ ਨੂੰ ਜੀ.ਐਮ. ਸਰ੍ਹੋਂ ਦੀ ਫਸਲ ਦੇ ਵਪਾਰਕ ਉਪਯੋਗ 'ਤੇ ਅਗਲੇ ਆਦੇਸ਼ਾਂ ਤੱਕ ਰੋਕ ਲਗਾ ਦਿੱਤੀ ਸੀ|
ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

 
                                
 
                                         
                                         
                                         
                                         
 
                            
 
                                            