ਨਰਮੇ ਨੂੰ ਸੁੰਡੀ, ਖੇਤੀ ਮਾਹਿਰਾਂ ਨੂੰ ਕਿਸਾਨ ‘ਪਏ’

September 09 2021

ਮਾਲਵਾ ਪੱਟੀ ਵਿੱਚ ਨਰਮੇ ਉਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ ਹੁਣ ਖੇਤੀਬਾੜੀ ਮਹਿਕਮੇ ਦੀ ਹਾਲਤ ਬੂਹੇ ਆਈ ਜੰਝ, ਵਿੰਨੋ ਕੁੜੀ ਦੇ ਕੰਨ ਵਾਲੀ ਹੋ ਗਈ ਹੈ। ਇਸ ਹਮਲੇ ਦਾ ਕਿਸਾਨ ਜਥੇਬੰਦੀਆਂ ਵੱਲੋਂ ਸਿੱਧਮ-ਸਿੱਧਾ ਦੋਸ਼ ਖੇਤੀ ਅਧਿਕਾਰੀਆਂ ’ਤੇ ਮੜਨ ਤੋਂ ਬਾਅਦ ਮਹਿਕਮੇ ਵੱਲੋਂ ਪਿੰਡਾਂ ਵਿੱਚ ਤੇਜ਼ੀ ਨਾਲ ਕੈਂਪ ਲਾਉਣੇ ਆਰੰਭ ਕਰ ਦਿੱਤੇ ਗਏ ਹਨ। ਭਾਵੇਂ ਮਹਿਕਮੇ ਵੱਲੋਂ ਇਸ ਸੁੰਡੀ ਤੋਂ ਬਚਾਅ ਲਈ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ ਕੀਤੀਆਂ ਕੀਤੀਆਂ ਜ਼ਹਿਰਾਂ ਛਿੜਕਣ ਦਾ ਸੱਦਾ ਦਿੱਤਾ ਜਾ ਰਿਹਾ ਹੈ, ਪਰ ਕੈਂਪਾਂ ਵਿੱਚ ਕਿਸਾਨ ਖੇਤੀ ਅਧਿਕਾਰੀਆਂ ਤੋਂ ਸਬਸਿਡੀ ਵਾਲੀਆਂ ਅਸਰਦਾਰ ਦਵਾਈਆਂ ਦੀ ਮੰਗ ਕੀਤੀ ਜਾਣ ਲੱਗੀ ਹੈ, ਜਿਸ ਦਾ ਖੇਤੀ ਅਧਿਕਾਰੀਆਂ ਕੋਲ ਫ਼ਿਲਹਾਲ ਕੋਈ ਜਵਾਬ ਨਹੀਂ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਪਰੇਆਂ ਦੇ ਛਿੜਕਾਅ ਦੇ ਬਾਵਜੂਦ ਸੁੰਡੀ ਮਰਨ ਵਿੱਚ ਨਹੀਂ ਆ ਰਹੀ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੀਨੀਅਰ ਸੂਬਾਈ ਆਗੂ ਗੋਰਾ ਸਿੰਘ ਭੈਣੀਬਾਘਾ ਨੇ ਦੋਸ਼ ਲਾਇਆ ਕਿ ਮਹਿਕਮੇ ਦੇ ਅਧਿਕਾਰੀਆਂ ਕੋਲ ਅਜੇ ਤੱਕ ਇਸ ਸੁੰਡੀ ਤੋਂ ਫ਼ਸਲ ਦੇ ਬਚਾਅ ਲਈ ਕੋਈ ਇੱਕ ਅਜਿਹੀ ਦਵਾਈ ਦੀ ਕਿਸਾਨਾਂ ਨੂੰ ਦੱਸ ਨਹੀਂ ਪਾਈ ਗਈ ਹੈ, ਜਿਸ ਨਾਲ ਸੁੰਡੀ ਦਾ ਖਾਤਮਾ ਹੋ ਸਕੇ ਅਤੇ ਕਿਸਾਨ ਨੂੰ ਸੁੱਖ ਦੀ ਨੀਂਦ ਆ ਸਕੇ। ਉਨ੍ਹਾਂ ਕਿਹਾ ਕਿ ਜਿਹੜੀਆਂ ਕਿਤਾਬਾਂ ਨੂੰ ਪੜ੍ਹ ਕੇ ਖੇਤੀ ਮਾਹਿਰ ਕਿਸਾਨਾਂ ਨੂੰ ਕੈਂਪਾਂ ਵਿੱਚ ਭਾਸ਼ਨ ਦੇ ਕੇ ਜਾਂਦੇ ਹਨ, ਉਹ ਕਿਤਾਬ ਪਹਿਲਾਂ ਹੀ ਅਗਾਂਹਵਧੂ ਕਿਸਾਨਾਂ ਕੋਲ ਹਨ ਅਤੇ ਉਹ ਪਾਠ ਕਿਸਾਨਾਂ ਦੇ ਕਿਸੇ ਕੰਮ ਨਹੀਂ ਆ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁਲਵੰਤ ਸਿੰਘ ਕ੍ਰਿਸ਼ਨਗੜ੍ਹ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਨਰਮੇ ਦੀ ਫ਼ਸਲ ਬਚਾਉਣ ਲਈ ਗੁਲਾਬੀ ਸੁੰਡੀ ਨੂੰ ਇੱਕ ਮਹਾਂਮਾਰੀ ਮੰਨ ਕੇ ਤੁਰੰਤ ਸੌ ਫੀਸਦੀ ਸਬਸਿਡੀ ਵਾਲੀਆਂ ਦਵਾਈਆਂ ਕਿਸਾਨਾਂ ਤੱਕ ਪਹੁੰਚਾਉਣ ਦੀ ਲੋੜ ਹੈ, ਤਾਂ ਜੋ ਰਾਜ ਦੀ ਆਰਥਿਕਤਾ ਨੂੰ ਬਚਾਇਆ ਜਾ ਸਕੇ। ਇਸੇ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ. ਮਨਜੀਤ ਸਿੰਘ ਦੀਆਂ ਹਦਾਇਤਾਂ ’ਤੇ ਪਿੰਡ ਰਾਏਪੁਰ, ਟਾਂਡੀਆਂ, ਝੇਰਿਆਂਵਾਲੀ, ਡੇਲੂਆਣਾ, ਤਾਮਕੋਟ, ਘਰਾਂਗਣਾ, ਖੋਖਰ ਕਲਾਂ, ਟਿੱਬੀ ਹਰੀ ਸਿੰਘ, ਸਰਦੂਲੇਵਾਲਾ ਵਿਖੇ ਗੁਲਾਬੀ ਸੁੰਡੀ ਤੋਂ ਬਚਾਅ ਲਈ ਵਿਸ਼ੇਸ਼ ਕੈਂਪ ਲਗਾਏ ਹਨ। ਉਨ੍ਹਾਂ ਦੱਸਿਆ ਕਿ ਖੇਤ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਜੋ ਪਹਿਲਾਂ ਆਰਥਿਕ ਕਗਾਰ ਤੋਂ ਵੱਧ ਸੀ, ਵਿਭਾਗ ਦੁਆਰਾ ਸਿਫ਼ਾਰਸ ਕੀਤੀ ਗਈ ਸਾਈਪਰਮੈਥਰਿਨ ਦੀ ਸਪਰੇਅ ਤੋਂ ਬਾਅਦ ਆਰਥਿਕ ਕਗਾਰ ਤੋਂ ਘੱਟ ਹੋ ਗਿਆ ਹੈ।

ਗੁਲਾਬੀ ਸੁੰਡੀ ਦੇ ਹਮਲੇ ਤੋਂ ਘਬਰਾਏ ਕਿਸਾਨ

ਹਲਕੇ ਦੇ ਦਰਜਨਾਂ ਪਿੰਡਾਂ ਵਿੱਚ ਨਰਮੇ ਵਰਗੀ ਮੁੱਖ ਫਸਲ ਤੇ ਬੀਤੇ ਕਈ ਦਿਨਾਂ ਤੋਂ ਗੁਲਾਬੀ ਸੁੰਡੀ ਦਾ ਹਮਲਾ ਤੇਜ਼ ਹੋਣ ਕਾਰਨ ਨਰਮਾ ਉਤਪਾਦਕਾਂ ਵਿੱਚ ਕਾਫੀ ਘਬਰਾਹਟ ਪੈਦਾ ਹੋ ਗਈ ਹੈ ਕਿਉਂਕਿ ਜੇਕਰ ਗੁਲਾਬੀ ਸੁੰਡੀ ਦਾ ਹਮਲਾ ਨਾ ਰੋਕਿਆ ਤਾਂ ਨਰਮੇ ਦੀ ਫ਼ਸਲ ਬਰਬਾਦ ਹੋਣ ਨਾਲ ਕਿਸਾਨਾਂ ਦੀ ਆਰਥਿਕਤਾ ਨੂੰ ਭਾਰੀ ਸੱਟ ਲੱਗਣ ਦੀ ਸੰਭਾਵਨਾ ਹੈ। ਬਜ਼ੁਰਗ ਕਿਸਾਨ ਹਰਦੇਵ ਸਿੰਘ ਕੋਟਧਰਮੂ, ਜੱਗਰ ਸਿੰਘ ਰਾਇਪੁਰ, ਕਰਨੈਲ ਸਿੰਘ, ਦਰਸ਼ਨ ਸਿੰਘ, ਗੁਰਨੈਬ ਸਿੰਘ, ਭੋਲਾ ਸਿੰਘ ਮਾਖਾ, ਜਗਮੇਲ ਸਿੰਘ ਪੇਰੋਂ ਅਤੇ ਬਹਾਦਰ ਸਿੰਘ ਬੁਰਜ ਆਦਿ ਕਿਸਾਨਾਂ ਨੇ ਦੱਸਿਆ ਕਿ ਕਸਬਾ ਰਾਇਪੁਰ ਦੇ ਨਜ਼ਦੀਕੀ ਪਿੰਡ ਪੇਰੋਂ, ਝੇਰਿਆਂਵਾਲੀ, ਬਾਜੇਵਾਲਾ, ਭਲਾਈਕੇ, ਦਸੋਂਦੀਆਂ ਆਦਿ ਪਿੰਡਾਂ ਵਿੱਚ ਗੁਲਾਬੀ ਸੁੰਡੀ ਨੇ ਨਰਮੇ ਦੀ ਫ਼ਸਲ ’ਤੇ ਤਕੜਾ ਹਮਲਾ ਕਰ ਦਿੱਤਾ ਹੈ, ਜਿਸ ਕਾਰਨ ਨਰਮੇ ਦੇ ਟੀਂਡੇ ਅੰਦਰ ਬਿਲਕੁਲ ਖੋਖਲੇ ਹੋ ਰਹੇ ਹਨ ਅਤੇ ਟੀਂਡੇ ਦਾ ਫੈਲਾਅ ਬਿਲਕੁਲ ਹੀ ਰੁਕ ਗਿਆ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune