ਚਮਕੌਰ ਸਾਹਿਬ ਇਲਾਕੇ ਦੇ ਪਿੰਡਾਂ ’ਚ ਅੱਜ ਪਏ ਭਾਰੀ ਮੀਂਹ ਤੇ ਗੜੇਮਾਰੀ ਦੌਰਾਨ ਚੱਲੀ ਤੇਜ਼ ਹਵਾ ਨੇ ਕਈ ਥਾਵਾਂ ’ਤੇ ਕਣਕ ਦੀ ਪੱਕਣ ’ਤੇ ਆਈ ਕਣਕ ਦੀ ਫ਼ਸਲ ਨੂੰ ਧਰਤੀ ’ਤੇ ਵਿਛਾ ਦਿੱਤਾ, ਜਿਸ ਕਾਰਨ ਕਿਸਾਨ ਪ੍ਰੇਸ਼ਾਨੀ ਦੇ ਆਲਮ ’ਚ ਹਨ। ਇਲਾਕੇ ’ਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਨਾਲ ਹੋਈ ਭਾਰੀ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਕਿਸਾਨ ਆਗੂ ਬਾਈ ਪਰਮਿੰਦਰ ਸਿੰਘ ਸੇਖੋਂ, ਗੁਰਮੀਤ ਸਿੰਘ ਚੂਹੜ ਮਾਜਰਾ, ਨੰਬਰਦਾਰ ਅਮਰੀਕ ਸਿੰਘ, ਗੁਰਬਚਨ ਸਿੰਘ ਬੇਲਾ ਆਦਿ ਨੇ ਦੱਸਿਆ ਕਿ ਮੀਂਹ ਤੇ ਗੜੇਮਾਰੀ ਕਾਰਨ ਉਨ੍ਹਾਂ ਦੇ ਖੇਤਾਂ ’ਚ ਕਣਕ ਨੂੰ ਨੁਕਸਾਨ ਪਹੁੰਚਿਆਂ ਤੇ ਧਰਤੀ ’ਤੇ ਡਿੱਗਣ ਕਾਰਨ ਜਿੱਥੇ ਕਣਕ ਦਾ ਦਾਣਾ ਹਲਕਾ ਪੈ ਜਾਵੇਗਾ, ਉੱਥੇ ਕਣਕ ਦਾ ਝਾੜ ਘੱਟ ਨਿਕਲਣ ਦਾ ਖਦਸ਼ਾ ਹੈ। ਮੀਂਹ ਕਾਰਨ ਖੜ੍ਹੀਆਂ ਸਬਜ਼ੀਆਂ ਨੂੰ ਵੀ ਜਿੱਥੇ ਨੁਕਸਾਨ ਪੁੱਜਾ, ਉੱਥੇ ਅੰਬਾਂ ਦੀ ਫ਼ਸਲ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਤੇ ਤੇਜ਼ ਹਵਾ ਕਾਰਨ ਅੰਬਾਂ ਦਾ ਬੂਰ ਕਈ ਥਾਵਾਂ ’ਤੇ ਝੜ ਗਿਆ ਹੈ। ਖੇਤਾਂ ਵਿੱਚ ਖੜ੍ਹੀ ਤੇ ਵੱਢੀ ਸਰ੍ਹੋਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ।
ਰੂਪਨਗਰ (ਪੱਤਰ ਪ੍ਰੇਰਕ) ਅੱਜ ਸਵੇਰੇ ਰੂਪਨਗਰ ਤੇ ਆਲੇ ਦੁਆਲੇ ਦੇ ਖੇਤਰਾਂ ’ਚ ਤੇਜ਼ ਮੀਂਹ ਨਾਲ ਗੜ੍ਹੇਮਾਰੀ ਹੋਣ ਤੇ ਹਨੇਰੀ ਚੱਲਣ ਨਾਲ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ। ਤੇਜ਼ ਮੀਂਹ ਨਾਲ ਖੇਤਾਂ ’ਚ ਪੱਕਣ ਲਈ ਤਿਆਰ ਖੜ੍ਹੀ ਸੈਂਕੜੇ ਏਕੜ ਕਣਕ ਦੀ ਫਸਲ ਢਹਿਢੇਹੀ ਹੋ ਗਈ, ਜਿਸ ਨਾਲ ਕਿਸਾਨਾਂ ਦੇ ਮਿਹਨਤ ’ਤੇ ਪਾਣੀ ਫਿਰ ਗਿਆ।
ਖਰੜ (ਪੱਤਰ ਪ੍ਰੇਰਕ): ਖਰੜ ਦੇ ਵਿਧਾਇਕ ਕੰਵਰ ਸੰਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਜੋ ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਹੋਈ ਹੈ। ਇਸ ਨਾਲ ਖਰੜ ਦੇ ਕਈ ਪਿੰਡਾਂ ’ਚ ਕਣਕ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਹੈ। ਇਸਦੀ ਸਪੈਸ਼ਲ ਗਿਰਦਾਵਰੀ ਕਰਵਾਈ ਜਾਵੇ। ਇਸ ਸਬੰਧੀ ਕੰਵਰ ਸੰਧੂ ਨੇ ਜ਼ਿਲ੍ਹਾ ਮੁਹਾਲੀ ਦੀ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਦਰਜਨਾਂ ਪਿੰਡਾਂ ’ਚ ਹੋਏ ਨੁਕਸਾਨ ਸੰਬੰਧੀ ਦੱਸਿਆ। ਉਨ੍ਹਾਂ ਕਿਹਾ ਕਿ ਮਾਜਰੀ ਬਲਾਕ ਦੇ 30 ਪਿੰਡਾਂ ’ਚ ਕਣਕ ਦਾ ਬਹੁਤ ਨੁਕਸਾਨ ਹੋਇਆ ਹੈ।
ਮੋਰਿੰਡਾ (ਪੱਤਰ ਪ੍ਰੇਰਕ): ਮੋਰਿੰਡਾ ਇਲਾਕੇ ’ਚ ਹੋਈ ਗੜੇਮਾਰੀ ਕਾਰਨ ਪਿੰਡ ਰੌਣੀ ਖੁਰਦ, ਰੌਣੀ ਕਲਾਂ, ਅਮਰਾਲੀ, ਕੋਟਲੀ, ਸੱਖੋਮਾਜਰਾ, ਡੂਮਛੇੜ੍ਹੀ, ਸੰਗਤਪੁਰਾ, ਮਾਜਰੀ ਆਦਿ ਪਿੰਡਾਂ ’ਚ ਹਜ਼ਾਰਾਂ ਏਕੜ ਫਸਲ ਦਾ ਨੁਕਸਾਨ ਹੋਇਆ ਹੈ| ਇਸ ’ਚ ਕਣਕ ਦੀ ਫਸਲ ਨਾਲ ਗੋਭੀ ਸਰੋਂ ਤੇ ਚਾਰਾ ਸ਼ਾਮਲ ਹੈ।
60 ਫੀਸਦੀ ਫ਼ਸਲ ਖ਼ਰਾਬ ਹੋਣ ਦਾ ਖ਼ਦਸ਼ਾ
ਘਨੌਲੀ (ਪੱਤਰ ਪ੍ਰੇਰਕ) ਅੱਜ ਇੱਥੇ ਤੇਜ਼ ਮੀਂਹ, ਹਨ੍ਹੇਰੀ ਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਮੰਡੀ ’ਚ ਪੁੱਜਣ ਤੋਂ ਪਹਿਲਾਂ ਹੀ ਤਹਿਸ ਨਹਿਸ ਹੋ ਗਈ। ਘਨੌਲੀ ਭਰਤਗੜ੍ਹ ਖੇਤਰ ਦੇ ਪਿੰਡਾਂ ’ਚ ਜਿੱਥੇ ਖੇਤਾਂ ਵਿੱਚ ਖੜ੍ਹੀ ਕਣਕ ਡੇਢ ਕੁ ਘੰਟੇ ਦੇ ਮੌਸਮੀ ਕਹਿਰ ਦੌਰਾਨ ਧਰਤੀ ’ਤੇ ਵਿਛ ਗਈ, ਉੱਥੇ ਹੀ ਕਿਸਾਨਾਂ ਦੇ ਖੇਤਾਂ ਵਿੱਚ ਖੜ੍ਹੀ ਬਰਸੀਮ ਵੀ ਗੜ੍ਹੇਮਾਰੀ ਨੇ ਬੁਰੀ ਤਰ੍ਹਾਂ ਝੰਬ ਦਿੱਤੀ ਹੈ। ਪਿੰਡ ਡੰਗੌਲੀ ਦੇ ਸਰਪੰਚ ਸਵਰਨ ਸਿੰਘ, ਪਿੰਡ ਆਸਪੁਰ ਦੇ ਸਰਪੰਚ ਰਣਬੀਰ ਸਿੰਘ, ਪਿੰਡ ਕੋਟਬਾਲਾ ਦੇ ਸਰਪੰਚ ਹਰਭਜਨ ਸਿੰਘ ਨੇ ਦੱਸਿਆ ਕਿ ਕਣਕ ਦੀ ਫਸਲ 60 ਤੋਂ 70 ਫੀਸਦੀ ਬਰਬਾਦ ਹੋ ਗਈ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਪੰਜਾਬੀ ਟ੍ਰਿਬਿਊਨ

                                
                                        
                                        
                                        
                                        
 
                            