ਪੰਜਾਬ ’ਚ ਕਿਸਾਨਾਂ ਦਾ ਸਤਰੰਗੇ ਇਨਕਲਾਬ ਭਾਵ ‘ਫੁੱਲਾ ਦੀ ਕਾਸ਼ਤ’ ਵੱਲ ਵੱਧ ਰਿਹਾ ਰੁਝਾਨ ਦੂਸ਼ਿਤ ਹੋ ਰਹੇ ਵਾਤਾਵਰਣ ਦੀ ਰੋਕਥਾਮ’ਚ ਮੀਲ ਪੱਥਰ ਸਾਬਤ ਹੋ ਸਕਦਾ ਹੈ। ਪਿੰਡ ਖੋਸਾ ਪਾਂਡੋ ਦੇ ਉੱਦਮੀ ਨੌਜਵਾਨ ਕਿਸਾਨਾਂ ਤੋਂ ਇਲਾਵਾ ਆਈਜੀ ਅਮਰ ਸਿੰਘ ਚਾਹਲ ਨੇ ਰਿਵਾਇਤੀ ਖੇਤੀ ਝੋਨਾ ਤੇ ਕਣਕ ਫਸਲ ਨਾਲ ਖੇਤਾ ਵਿਚ ਫੁੱਲਾਂ ਦੀ ਖੇਤੀ ਦੀ ਕਾਸ਼ਤ ਸ਼ੁਰੂ ਕੀਤੀ ਹੈ।
ਉਹ ਕਿਸਾਨਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਖੇਤੀਬਾੜੀ ਵਿਚ ਹੋਰਾਂ ਦਾ ਮੁਕਾਬਲਾ ਨਹੀਂ ਕਰਨਾ ਚਾਹੁੰਦੇ ਪਰ ਜੇ ਤੁਸੀਂ ਆਪਣਾ ਕੰਮ ਪੂਰੀ ਲਗਨ ਅਤੇ ਮਿਹਨਤ ਨਾਲ ਕਰ ਰਹੇ ਹੋ ਤਾਂ ਬਹੁਤ ਵਧੀਆ ਕਮਾਈ ਕਰਨ ਦੇ ਯੋਗ ਹੋ ਸਕਦੇ ਹੋ। ਉਨ੍ਹਾਂ ਦੇਜੀ, ਨਸਟਰਸ਼ੀਅਮ, ਕਲਾਰਕੀਆ, ਕੋਰੀਓਪਸਿਸ,ਗੇਂਦਾ ਤੋਂ ਇਲਾਵਾ ਹੋਰ ਕਿਸਮ ਦੇ ਫੁੱਲ ਬੀਜੇ ਹਨ। ਉਨ੍ਹਾਂ ਕਿਹਾ ਕਿ ਫੁੱਲਾਂ ਦਾ ਬੀਜ ਤਿਆਰ ਕਰਕੇ ਖੇਤੀ ਮਾਹਿਰਾਂ ਤੇ ਵਿਗਿਆਨੀਆਂ ਦੀ ਸਹਾਇਤਾ ਨਾਲ ਵਿਦੇਸ਼ਾਂ ਨੂੰ ਭੇਜਣਗੇ।
ਉਨ੍ਹਾਂ ਕਿਹਾ ਕਿ ਸਾਨੂੰ ਆਸ ਹੈ ਕਿ ਫੁੱਲਾਂ ਦੀ ਕਾਸ਼ਤ ਤੋਂ 75 ਤੋਂ 80 ਹਜ਼ਾਰ ਦੀ ਆਮਦਨ ਹੋਵੇਗੀ ਜਦੋਂਕਿ ਕਣਕ ਝੋਨੇ ਤੋਂ 40-45 ਹਜ਼ਾਰ ਦੇ ਕਰੀਬ ਆਮਦਨ ਹੁੰਦੀ ਹੈ। ਖੇਤੀ ਮਾਹਰ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਫੁੱਲਾਂ ਦਾ ਵਪਾਰ ਵਿਸ਼ਵ ਪੱਧਰ ’ਤੇ ਸਨਅਤੀ ਦਰਜਾ ਰੱਖਦਾ ਹੈ। ਘਰੇਲੂ ਮੰਡੀਆਂ ’ਚ ਵੀ ਫੁੱਲਾਂ ਦੀ ਖਪਤ ਕਾਫੀ ਰਹਿੰਦੀ ਹੈ ਜਿਸ ਕਰਕੇ ਫੁੱਲਾਂ ਦੀ ਖੇਤੀ ਦੀਆਂ ਬਹੁਤ ਸੰਭਾਵਨਾਵਾਂ ਹਨ। ਉਨ੍ਹਾਂ ਦੱਸਿਆ ਮੋਗਾ ਜ਼ਿਲ੍ਹੇ ’ਚ ਇਸ ਵਾਰ ਕਿਸਾਨਾਂ ਨੇ ਤਕਰੀਬਨ 25 ਏਕੜ ਰਕਬੇ ’ਚ ਫੁੱਲਾਂ ਦੀ ਕਾਸ਼ਤ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਫੁੱਲਾਂ ਦੀ ਕਾਸ਼ਤ ਨਾਲ ਪਾਣੀ, ਖਾਦਾ ਦੀ ਬੱਚਤ ਹੁੰਦੀ ਹੈ। ਪੰਜਾਬ ਦਾ ਪੌਣ ਪਾਣੀ ਫੁੱਲਾਂ ਦੀ ਕਾਸ਼ਤ ਲਈ ਬਹੁਤ ਅਨੁਕੂਲ ਹੈ। ਉਨ੍ਹਾਂ ਕਿਹਾ ਕਿ ਫੁੱਲਾਂ ਦੀ ਖੇਤੀ ਲਾਹੇਵੰਦ ਹੈ ਕਿਉਂਕਿ ਫੁੱਲਾਂ ਦੀ ਕਾਸ਼ਤ ਕਰਕੇ ਤਾਜ਼ੇ-ਫੁੱਲ, ਸੁਕਾਏ ਹੋਏ ਫੁੱਲ, ਫੁੱਲਾਂ ਦੇ ਬੀਜ਼, ਫੁੱਲਾਂ ਦੇ ਗੰਢੇ, ਟਿਸ਼ੂ ਕਲਚਰ ਰਾਹੀਂ ਤਿਆਰ ਜਾਂ ਗਮਲਿਆਂ ’ਚ ਵੀ ਫੁੱਲਾਂ ਦੇ ਪੌਦੇ ਤਿਆਰ ਕਰਕੇ ਵੇਚੇ ਜਾ ਸਕਦੇ ਹਨ। ਕਿਸਾਨਾਂ ਨੂੰ ਕੁਦਰਤੀ ਖੇਤੀ ਨਾਲ ਜੋੜ ਰਹੇ ਵਾਤਵਰਣ ਪ੍ਰੇਮੀ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਨੇ ਨੌਜਵਾਨ ਕਿਸਾਨਾਂ ਦੀ ਪ੍ਰਸ਼ੰਸਾਂ ਕਰਦੇ ਕਿਹਾ ਕਿ ਸਰਕਾਰ ਖੇਤੀ ਫਸਲਾਂ ਦੇ ਬਦਲਾਅ ਨੂੰ ਕਾਮਯਾਬ ਕਰਨ ਲੲਈ ਫੁੱਲਾਂ ਦਾ ਮੰਡੀਕਰਨ ਯਕੀਨੀ ਬਣਾਵੇ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਰੋਜ਼ਾਨਾ ਸਪੋਕਸਮੈਨ

                                
                                        
                                        
                                        
                                        
 
                            