ਪੰਜਾਬ ਵਿਚ 2013-2014 ਵਰ੍ਹੇ ਦੌਰਾਨ ਮੂੰਗੀ ਦੀ ਕਾਸ਼ਤ 4.6 ਹਜ਼ਾਰ ਹੈਕਟੇਅਰ ਭੂਮੀ ਵਿਚ ਕੀਤੀ ਗਈ ਤੇ ਇਸ ਦੀ ਕੁੱਲ ਉਪਜ 3.8 ਹਜ਼ਾਰ ਟਨ ਹੋਈ। ਇਸ ਦਾ ਔਸਤ ਝਾੜ 818 ਕਿਲੋ ਪ੍ਰਤੀ ਹੈਕਟੇਅਰ (327 ਕਿਲੋ ਪ੍ਰਤੀ ਏਕੜ) ਰਿਹਾ। ਜਲਵਾਯੂ - ਇਸ ਫ਼ਸਲ ਲਈ ਗਰਮ ਜਲਵਾਯੂ ਦੀ ਲੋੜ ਹੈ। ਇਹ ਫ਼ਸਲ ਹੋਰ ਦਾਲਾਂ ਨਾਲੋਂ ਵਧੇਰੇ ਗਰਮੀ ਅਤੇ ਖੁਸ਼ਕੀ ਸਹਾਰ ਸਕਦੀ ਹੈ। ਗਰਮੀ ਦੀ ਰੁੱਤ ਵਿੱਚ ਬੀਜਣ ਲਈ ਵੀ ਇਹ ਫ਼ਸਲ ਢੁਕਵੀਂ ਹੈ। ਜ਼ਮੀਨ - ਮੂੰਗੀ ਦੀ ਕਾਸ਼ਤ ਲਈ ਚੰਗੇ ਜਲ ਨਿਕਾਸ ਵਾਲੀ ਭਲ ਤੋਂ ਰੇਤਲੀ ਭਲ ਵਾਲੀ ਜ਼ਮੀਨ ਚੰਗੀ ਹੁੰਦੀ ਹੈ। ਕਲਰਾਠੀ ਜਾਂ ਸੇਮ ਵਾਲੀ ਜ਼ਮੀਨ ਮੂੰਗੀ ਲਈ ਢੁਕਵੀਂ ਨਹੀਂ।
ਫ਼ਸਲ ਚੱਕਰ - ਮੂੰਗੀ-ਰਾਇਆ/ਕਣਕ, ਗਰਮੀ ਰੁੱਤ ਦੀ ਮੂੰਗੀ--ਸਾਉਣੀ ਰੁੱਤ ਦੀ ਮੂੰਗੀ-ਰਾਇਆ/ਕਣਕ। ਉੱਨਤ ਕਿਸਮਾਂ - ਪੀ ਏ ਯੂ 911 (2007)
ਇਸ ਕਿਸਮ ਦੇ ਬੂਟੇ ਸਿੱਧੇ, ਗੁੰਦਵੇਂ, ਸਥਿਰ ਵਾਧੇ ਵਾਲੇ ਅਤੇ ਦਰਮਿਆਨੀ ਉੱਚਾਈ (ਤਕਰੀਬਨ 70 ਸੈਂਟੀਮੀਟਰ) ਦੇ ਹੁੰਦੇ ਹਨ। ਫ਼ਲੀਆਂ ਭਰਪੂਰ ਲੱਗਦੀਆਂ ਹਨ ਅਤੇ ਹਰੇਕ ਫ਼ਲੀ ਵਿਚ 9-11 ਦਾਣੇ ਹੁੰਦੇ ਹਨ। ਇਹ ਮੂੰਗੀ ਦੇ ਪੀਲੀ ਚਿਤਕਬਰੀ ਅਤੇ ਪੱਤਿਆਂ ਦੇ ਧੱਬਿਆਂ ਦੇ ਰੋਗਾਂ ਦਾ ਟਾਕਰਾ ਕਰਨ ਦੇ ਕਾਫ਼ੀ ਸਮਰੱਥ ਹੈ। ਇਹ ਕਿਸਮ ਪੱਕਣ ਵਾਸਤੇ ਤਕਰੀਬਨ 75 ਦਿਨ ਲੈਂਦੀ ਹੈ। ਇਸ ਦੇ ਦਾਣੇ ਦਰਮਿਆਨੇ ਮੋਟੇ ਅਤੇ ਹਰੇ ਚਮਕਦਾਰ ਹੁੰਦੇ ਹਨ ਜੋ ਖਾਣ ਵਿੱਚ ਸੁਆਦੀ ਬਣਦੇ ਹਨ। ਇਸ ਕਿਸਮ ਦਾ ਔਸਤ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ।
ਐਮ ਐਲ 819 (2003):- ਇਸ ਦੇ ਬੂਟੇ ਖੜ੍ਹਵੇਂ, ਸਥਿਰ ਅਤੇ ਦਰਮਿਆਨੇ (75 ਸੈਂਟੀਮੀਟਰ) ਕੱਦ ਦੇ ਹੁੰਦੇ ਹਨ। ਫ਼ਲੀਆਂ ਗੁੱਛਿਆਂ ਵਿਚ ਭਰਪੂਰ ਲੱਗਦੀਆਂ ਹਨ ਅਤੇ ਹਰ ਇਕ ਫ਼ਲੀ ਵਿਚ ਤਕਰੀਬਨ 10-11 ਦਾਣੇ ਪੈਂਦੇ ਹਨ। ਇਹ ਕਿਸਮ ਪੀਲੀ ਚਿਤਕਬਰੀ ਅਤੇ ਧੱਬਿਆਂ ਦੇ ਰੋਗ ਦਾ ਮੁਕਾਬਲਾ ਕਰਨ ਦੀ ਸਮਰੱਥਾ ਰੱਖਦੀ ਹੈ। ਇਹ ਕਿਸਮ ਚਿੱਟੀ ਮੱਖੀ ਦਾ ਵੀ ਚੰਗੀ ਤਰ੍ਹਾਂ ਮੁਕਾਬਲਾ ਕਰ ਸਕਦੀ ਹੈ। ਇਹ ਕਿਸਮ 80 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਮੋਟੇ, ਹਰੇ ਰੰਗ ਦੇ ਚਮਕੀਲੇ ਹੁੰਦੇ ਹਨ ਅਤੇ ਦਾਲ ਸੁਆਦ ਬਣਦੀ ਹੈ। ਇਸ ਕਿਸਮ ਦਾ ਔਸਤ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ।
ਐਮ ਐਲ 613 (1995):- ਇਸ ਦੇ ਪੌਦੇ ਸਿੱਧੇ, ਸਥਿਰ ਅਤੇ ਦਰਮਿਆਨੀ ਉਚਾਈ ਵਾਲੇ (75 ਸੈਂਟੀਮੀਟਰ) ਹੁੰਦੇ ਹਨ। ਇਸ ਨੂੰ ਭਰਪੂਰ ਫ਼ਲੀਆਂ ਗੁੱਛਿਆਂ ਵਿੱਚ ਲੱਗਦੀਆਂ ਹਨ ਅਤੇ ਹਰ ਫ਼ਲੀ ਵਿੱਚ ਤਕਰੀਬਨ 11-12 ਦਾਣੇ ਹੁੰਦੇ ਹਨ। ਇਸ ਕਿਸਮ ਵਿਚ ਪੀਲੀ ਚਿਤਕਬਰੀ ਅਤੇ ਪੱਤਿਆਂ ਦੇ ਧੱਬਿਆਂ ਦੇ ਰੋਗਾਂ ਦਾ ਟਾਕਰਾ ਕਰਨ ਦੀ ਸਮਰੱਥਾ ਹੈ। ਇਸ ਵਿੱਚ ਚਿੱਟੀ ਮੱਖੀ ਅਤੇ ਤੇਲੇ ਦਾ ਟਾਕਰਾ ਕਰਨ ਦੀ ਵੀ ਸਮਰੱਥਾ ਹੈ। ਇਹ ਕਿਸਮ ਤਕਰੀਬਨ 85 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦੇ ਦਾਣੇ ਹਰੇ ਰੰਗ ਦੇ ਮੋਟੇ ਹੁੰਦੇ ਹਨ, ਜੋ ਕਿ ਬਹੁਤ ਫੁੱਲਦੇ ਹਨ ਅਤੇ ਦਾਲ ਬਹੁਤ ਸੁਆਦ ਬਣਦੀ ਹੈ। ਇਸ ਦਾ ਔਸਤ ਝਾੜ 4.3 ਕੁਇੰਟਲ ਪ੍ਰਤੀ ਏਕੜ ਹੈ।
Source: Rojana Spokesman

 
                                
 
                                         
                                         
                                         
                                         
 
                            
 
                                            