ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਸੁਖਪਾਲ ਢਿੱਲੋਂ, ਖੁਰਾਣਾ) - ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੁਬਾਣਿਆਂ ਵਾਲੀ ਦੇ ਕਿਸਾਨ ਸੁਖਜਿੰਦਰ ਸਿੰਘ ਨੇ ਡੇਅਰੀ ਦੇ ਕਿੱਤੇ ਨੂੰ ਮਸ਼ੀਨੀਕਰਨ ਅਤੇ ਚੰਗੀ ਨਸਲ ਦੇ ਜਾਨਵਰਾਂ ਨਾਲ ਨਵੇਂ ਮੁਕਾਮ ਤੱਕ ਪਹੁੰਚਾ ਦਿੱਤਾ ਹੈ। ਇਸ ਕਿਸਾਨ ਪਰਿਵਾਰ ਦੀ ਇਸ ਕਿੱਤੇ ਪ੍ਰਤੀ ਲਗਨ ਹੀ ਹੈ ਕਿ ਉਸ ਦੇ ਪੁੱਤਰ ਬਘੇਲ ਸਿੰਘ ਨੇ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਤੋਂ ਬੀ.ਐੱਸ.ਸੀ. ਐਗਰੀਕਲਚਰ ਦੀ ਪੜਾਈ ਕਰਕੇ ਇਸੇ ਕਿੱਤੇ ਚ ਹੱਥ ਅਜਮਾਉਣ ਦਾ ਫੈਸਲਾ ਕੀਤਾ ਹੈ। ਉਸ ਨੂੰ ਪੰਜਾਬ ਸਰਕਾਰ ਵੱਲੋਂ ਉਸ ਦੀਆਂ ਪਸ਼ੂ ਪਾਲਣ ਚ ਖਾਸ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਸੁਖਜਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਲਗਭਗ 10 ਸਾਲ ਪਹਿਲਾਂ ਕੁਝ ਜਾਨਵਰਾਂ ਤੋਂ ਡੇਅਰੀ ਦਾ ਧੰਦਾ ਸ਼ੁਰੂ ਕੀਤਾ ਸੀ ਅਤੇ ਹੁਣ ਉਸ ਕੋਲ 80 ਦੇ ਕਰੀਬ ਜਾਨਵਰ ਹਨ, ਜਿਨ੍ਹਾਂ ਚੋਂ ਜਿਆਦਾਤਰ ਐੱਚ.ਐੱਫ. ਨਸਲ ਦੀਆਂ ਗਾਵਾਂ ਅਤੇ ਕੁਝ ਜਰਸੀ ਨਸਲ ਦੀ ਗਾਵਾਂ ਹਨ। ਉਸ ਨੇ ਕਿਹਾ ਕਿ ਡੇਅਰੀ ਦੇ ਕਿੱਤੇ ਚ ਚੰਗੀ ਨਸਲ ਦੇ ਜਾਨਵਰ ਅਤੇ ਕਿੱਤੇ ਦਾ ਮਸ਼ੀਨੀਕਰਨ ਬਹੁਤ ਮਹੱਤਵਪੂਰਨ ਹੈ। ਡੇਅਰੀ ਚਾਹੇ ਛੋਟੀ ਹੋਵੇ ਜਾਂ ਵੱਡੀ ਜਾਨਵਰ ਹਮੇਸ਼ਾ ਚੰਗੀ ਨਸਲ ਦੇ ਹੋਣੇ ਚਾਹੀਦੇ ਹਨ ਅਤੇ ਜਿਵੇਂ ਜਿਵੇਂ ਡੇਅਰੀ ਦਾ ਅਕਾਰ ਵੱਡਾ ਹੋਵੇ ਮਸ਼ੀਨੀਕਰਨ ਕਰਦੇ ਰਹਿਣਾ ਚਾਹੀਦਾ ਹੈ। ਆਪਣੇ ਇਸ ਕਿੱਤੇ ਚ ਸਰਕਾਰ ਵੱਲੋਂ ਵੀ ਡੇਅਰੀ ਵਿਕਾਸ ਵਿਭਾਗ ਦੇ ਮਾਰਫਤ ਉਸ ਨੂੰ ਮਦਦ ਮਿਲੀ ਸੀ। ਸੁਖਜਿੰਦਰ ਨੇ ਕਿਹਾ ਕਿ ਪਸ਼ੂ ਪਾਲਣ ਚ ਜਾਨਵਰਾਂ ਨੂੰ ਰੋਗਾਂ ਤੋਂ ਬਚਾਉਣਾ ਬਹੁਤ ਜਰੂਰੀ ਹੈ, ਇਸ ਲਈ ਸਮੇਂ ਸਿਰ ਟੀਕਾਕਰਨ ਨਿਰੋਗੀ ਜਾਨਵਰਾਂ ਲਈ ਮੁੱਖ ਮੰਤਰ ਹੈ, ਜਿਸ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।
ਡੇਅਰੀ ਚ ਪਸ਼ੂ ਖੁਰਾਕ ਦਾ ਮਹੱਤਵ ਦਸੱਦਿਆਂ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਜਾਨਵਰਾਂ ਲਈ ਫੀਡ ਖੁਦ ਆਪਣੀ ਦੇਖਰੇਖ ਚ ਤਿਆਰ ਕਰਵਾਉਂਦੇ ਹਨ। ਉਨ੍ਹਾਂ ਕੋਲ ਹਰੇ ਚਾਰੇ ਦੀ ਕਟਾਈ ਵਾਲੀ ਮਸ਼ੀਨ ਸਮੇਤ ਸਾਰੇ ਕੰਮਾਂ ਲਈ ਵੱਖ-ਵੱਖ ਮਸ਼ੀਨਾਂ ਹਨ। ਸੁਖਜਿੰਦਰ ਸਿੰਘ ਨੇ ਆਪਣੇ ਪੁੱਤਰ ਬਘੇਲ ਸਿੰਘ ਨੂੰ ਵੀ ਖੇਤੀਬਾੜੀ ਦੀ ਪੜਾਈ ਕਰਵਾਈ ਹੈ ਅਤੇ ਹੁਣ ਉਹ ਵੀ ਆਪਣੇ ਪਿਤਾ ਨਾਲ ਖੇਤੀ ਅਤੇ ਡੇਅਰੀ ਵਿਚ ਸਹਿਯੋਗ ਕਰ ਰਿਹਾ ਹੈ। ਬਘੇਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮੱਕੀ ਵੱਡ ਕੇ ਉਸ ਦਾ ਹੁਣ ਅਚਾਰ ਬਣਾ ਲਿਆ, ਜਦ ਕਿ ਇਸ ਤੋਂ ਬਾਅਦ ਉਹ ਘੱਟ ਸਮੇਂ ਚ ਪੱਕਣ ਵਾਲੀ ਬਾਸਮਤੀ ਦੀ ਕਾਸ਼ਤ ਕਰਣਗੇ। ਉਨ੍ਹਾਂ ਦੇ ਜਾਨਵਰ ਵੱਖ-ਵੱਖ ਮੁਕਾਬਲਿਆਂ ਚ ਵੀ ਜੇਤੂ ਰਹਿੰਦੇ ਹਨ। ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਰਣਦੀਪ ਹਾਂਡਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਿਲੇ ਦੇ ਪਿੰਡ ਅਬੁੱਲ ਖੁਰਾਣਾ ਵਿਖੇ ਡੇਅਰੀ ਸਿਖਲਾਈ ਕੇਂਦਰ ਸਥਾਪਿਤ ਕੀਤਾ ਗਿਆ ਹੈ, ਜਿੱਥੋਂ ਸਿਖਲਾਈ ਲੈ ਕੇ ਕਿਸਾਨ ਇਹ ਕਿੱਤਾ ਕਰ ਸਕਦੇ ਹਨ।
Source: Jagbani

 
                                
 
                                         
                                         
                                         
                                         
 
                            
 
                                            