ਲੁਧਿਆਣਾ 24 ਜੁਲਾਈ - ਪੀਏਯੂ ਵਿਖੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ 'ਟਿਕਾਊ ਖੇਤੀ ਲਈ ਭੋਜਨ ਤਕਨਾਲੋਜੀ ਵਿੱਚ ਕਿਸਾਨਾਂ ਨੂੰ ਉਦਮੀ ਅਤੇ ਸਮਰੱਥ ਬਣਾਉਣ ਲਈ' 27 ਜੂਨ ਤੋਂ 17 ਜੁਲਾਈ ਤੱਕ ਸਮਰ ਕੈਂਪ ਲਗਾਇਆ ਗਿਆ। ਕੋਰਸ ਦੇ ਡਾਇਰੈਕਟਰ ਡਾ. ਅਮਰਜੀਤ ਕੌਰ ਦੀ ਅਗਵਾਈ ਵਿੱਚ ਇਸ ਕੋਰਸ ਵਿੱਚ ਭਾਰਤ ਦੇ ਵੱਖ-ਵੱਖ ਅਦਾਰਿਆਂ ਤੋਂ 21 ਵਿਗਿਆਨੀਆਂ ਨੇ ਭਾਗ ਲਿਆ ਜਿਨ•ਾਂ ਵਿੱਚੋਂ 6 ਗੁਜਰਾਤ ਤੋਂ, 4 ਰਾਜਸਥਾਨ ਤੋਂ, 4 ਗਡਵਾਸੂ ਤੋਂ, 2 ਪੀਏਯੂ ਤੋਂ, ਇੱਕ-ਇੱਕ ਵਿਗਿਆਨੀ ਯੂ ਪੀ, ਪਰਬਨੀ-ਮਹਾਂਰਾਸ਼ਟਰ, ਗਵਾਲੀਅਰ-ਮੱਧ ਪ੍ਰਦੇਸ਼, ਪੰਤ ਨਗਰ ਅਤੇ ਸੀਫੇਟ-ਅਬੋਹਰ ਤੋਂ ਆਏ ਸਨ।
ਡਾ. ਨੀਲਮ ਗਰੇਵਾਲ, ਡੀਨ ਪੀਜੀਐਸ, ਪੀਏਯੂ ਲੁਧਿਆਣਾ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਸਨ। ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵਾ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਰਸਮੀ ਤੌਰ ਤੇ ਸਵਾਗਤ ਕੀਤਾ।
ਡਾ. ਕਰਮਜੀਤ ਕੌਰ ਕੋਰਸ ਦੇ ਕੁਆਰਡੀਨੇਟਰ ਨੇ ਹਿੱਸੇਦਾਰਾਂ, ਵਿਸ਼ਾ-ਸੂਚੀ ਅਤੇ ਭਾਸ਼ਾਵਾਂ ਦੀ ਸਮਾਂ ਸਾਰਣੀ, ਮੁਆਇਨਾ ਆਦਿ ਬਾਰੇ ਜਾਣਕਾਰੀ ਦਿੱਤੀ। ਇਸ ਸਿਖਲਾਈ ਪ੍ਰੋਗਰਾਮ ਵਿੱਚ ਅਨਾਜ, ਦਾਲਾਂ, ਫ਼ਲ ਅਤੇ ਸਬਜ਼ੀਆਂ, ਦੁੱਧ, ਮੀਟ ਉਤਪਾਦਨ, ਭੋਜਨ-ਸੁਰੱਖਿਆ ਅਤੇ ਗੁਣਵੱਤਾ ਦੀਆਂ ਤਕਨੀਕਾਂ ਬਾਰੇ ਭਾਸ਼ਣ ਦਿੱਤੇ ਗਏ। ਇਸ ਤੋਂ ਇਲਾਵਾ ਮੰਡੀਕਰਨ ਦੇ ਨਾਲ ਪ੍ਰੋਸੈਸਿੰਗ, ਪ੍ਰੋਜੈਕਟ ਰਿਪੋਰਟ ਬਨਾਉਣ ਬਾਰੇ ਜਾਣਕਾਰੀ ਦਿੱਤੀ। ਅਮਲੀ ਜਾਣਕਾਰੀ ਲਈ ਉਦਯੋਗ, ਪ੍ਰਯੋਗਸ਼ਾਲਾ, ਪੀਏਯੂ ਅਤੇ ਗਡਵਾਸੂ ਦੇ ਖੇਤਾਂ ਦੇ ਦੌਰੇ ਕਰਵਾਏ ਗਏ। ਸਿਖਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਵੱਲੋਂ ਭੋਜਨ ਤਕਨਾਲੋਜੀ, ਭੋਜਨ ਇੰਜਨੀਅਰਿੰਗ, ਪ੍ਰੋਸੈਸਿੰਗ, ਭੋਜਨ ਅਤੇ ਪੋਸ਼ਣ, ਪਸ਼ੂ ਉਤਪਾਦਨ ਤਕਨੀਕ, ਮਾਈਕ੍ਰੋਬਾਇਆਲੋਜੀ, ਵਪਾਰਕ ਸਿਖਲਾਈ, ਫ਼ਸਲ ਵਿਗਿਆਨ ਆਦਿ ਬਾਰੇ ਟਿਕਾਊ ਖੇਤੀ ਦੇ ਵਿਕਾਸ ਸੰਬੰਧੀ ਚਰਚਾ ਕੀਤੀ ਗਈ। ਇਹ ਸਿਖਲਾਈ ਪ੍ਰੋਗਰਾਮ ਵਿਚਾਰਾਂ ਦੇ ਆਦਾਨ-ਪ੍ਰਦਾਨ ਲਈ ਇੱਕ ਢੁੱਕਵਾਂ ਸਥਾਨ ਸੀ, ਜਿਸ ਵਿੱਚ ਸਿੱਖਿਅਕਾਂ, ਸਾਇੰਸਦਾਨਾਂ ਮਾਹਿਰਾਂ ਅਤੇ ਬੁਲਾਰਿਆਂ ਨੇ ਗਿਆਨ ਸਾਂਝਾ ਕੀਤਾ।
ਸਿਖਿਆਰਥੀਆਂ ਵਿੱਚ ਡਾ. ਸੁਨੀਲ ਕੁਮਾਰ ਨੇ ਇਸ ਕੋਰਸ ਦੇ ਤਜ਼ਰਬਿਆਂ ਤੇ ਅਧਾਰਿਤ ਵੀਡੀਓ ਪੇਸ਼ ਕੀਤੀ। ਇਸ ਤੋਂ ਇਲਾਵਾ ਡਾ. ਸਿਮਰਨ ਅਤੇ ਡਾ. ਰਵੀ ਗੁਪਤਾ ਨੇ ਇਸ ਕੋਰਸ ਦੇ ਵਿਸ਼ਿਆਂ, ਉਪਯੋਗਤਾ ਅਤੇ ਆਪਣੇ ਤਜ਼ਰਬੇ ਸਾਂਝੇ ਕੀਤੇ।
ਡਾ. ਨੀਲਮ ਗਰੇਵਾਲ, ਡੀਨ ਪੀਜੀਐਸ ਨੇ ਸਿਖਿਆਰਥੀਆਂ ਅਤੇ ਭੋਜਨ ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਅਧਿਆਪਕਾ ਨੂੰ ਦੱਸਿਆ ਕਿ ਆਪਣੇ ਪੇਸ਼ੇ ਲਈ ਜੋਸ਼ੀਲੇ ਕਿਵੇਂ ਹੋਈਦਾ ਹੈ। ਉਹਨਾਂ ਨੇ ਸਾਰਿਆਂ ਨੂੰ ਜ਼ਿੰਦਗੀ ਵਿੱਚ ਇੱਕ ਚੰਗੇ ਸਿਖਿਆਰਥੀ ਬਣਨ ਲਈ ਕਿਹਾ। ਡਾ. ਅਮਰਜੀਤ ਕੌਰ ਤੇ ਉਹਨਾਂ ਦੀ ਟੀਮ ਨੂੰ ਇਸ ਕੋਰਸ ਦੀ ਸਫ਼ਲਤਾ ਪੂਰਵਕ ਸਮਾਪਨ ਦੀ ਵਧਾਈ ਵੀ ਦਿੱਤੀ।
ਅਖੀਰ ਵਿੱਚ ਡਾ. ਅਮਰਜੀਤ ਕੌਰ, ਕੋਰਸ ਡਾਇਰੈਕਟਰ ਨੇ ਸਾਰਿਆਂ ਦਾ ਧੰਨਵਾਦ ਕੀਤਾ।


