ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖਰੀਦ ਅੱਜ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਪੰਜਾਬ ਸਰਕਾਰ ਨੇ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਹੈ ਪਰ ਮੰਡੀਆਂ ਵਿੱਚ ਪਹਿਲੇ ਦਿਨ ਫ਼ਸਲ ਨਹੀਂ ਪਹੁੰਚੀ। ਇਸ ਦਾ ਕਾਰਨ ਮੌਸਮ ਦੀ ਤਬਦੀਲੀ ਕਰਕੇ ਫ਼ਸਲ ਦਾ ਲੇਟ ਪੱਕਣਾ ਹੈ।
ਉਧਰ, ਇਸ ਵਾਰ ਚੋਣਾਂ ਕਣਕ ਦੇ ਸੀਜ਼ਨ ਵਿੱਚ ਆ ਜਾਣ ਕਰਕੇ ਸਰਕਾਰ ਵੱਲੋਂ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਉਣ ਦੇਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਵਾਰ ਕਣਕ ਦੇ ਚੰਗੇ ਝਾੜ ਦੀ ਆਸ ਤਹਿਤ 190 ਲੱਖ ਟਨ ਕਣਕ ਦੀ ਪੈਦਾਵਾਰ ਦਾ ਅਨੁਮਾਨ ਹੈ ਪਰ ਇਸ ਵਿੱਚੋਂ ਮੰਡੀਆਂ ਵਿੱਚ 130 ਲੱਖ ਟਨ ਕਣਕ ਦੀ ਆਮਦ ਦਾ ਹੀ ਅੰਦਾਜ਼ਾ ਹੈ। ਇਸ ਸਬੰਧੀ ਪੰਜਾਬ ਭਰ ਵਿੱਚ 1835 ਮੰਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ।
ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਅਨਿੰਦਿੱਤਾ ਮਿੱਤਰਾ (ਆਈਏਐਸ) ਦਾ ਕਹਿਣਾ ਸੀ ਕਿ 31 ਮਈ ਤੱਕ ਚੱਲਣ ਵਾਲ਼ੇ ਇਸ ਸੀਜ਼ਨ ਦੌਰਾਨ 130 ਲੱਖ ਟਨ ਕਣਕ ਦੀ ਮੰਡੀਆਂ ਵਿੱਚ ਆਮਦ ਦਾ ਅੰਦਾਜ਼ਾ ਹੈ। ਇਸ ਤਹਿਤ ਸਰਕਾਰ ਨੂੰ ਲੋੜੀਂਦੇ ਕਰੀਬ 28,000 ਕਰੋੜ ਵਿੱਚੋਂ ਅਪ੍ਰੈਲ ਮਹੀਨੇ ਵਿੱਚ ਲੋੜੀਂਦੇ 19,241 ਕਰੋੜ ਦੀ ਰਾਸ਼ੀ ਦਾ ਪ੍ਰਬੰਧ ਕਰ ਲਿਆ ਗਿਆ।
ਉਨ੍ਹਾਂ ਹੋਰ ਦੱਸਿਆ ਕਿ ਕੇਂਦਰ ਸਰਕਾਰ ਦੀ ਖਰੀਦ ਏਜੰਸੀ ਐਫ਼ਸੀਆਈ ਸਮੇਤ ਪੰਜਾਬ ਸਰਕਾਰ ਦੀਆਂ ਪੰਜੇ ਖਰੀਦ ਏਜੰਸੀਆਂ ਨੂੰ ਵੀ ਫ਼ਸਲ ਦੀ ਖਰੀਦ ਸਬੰਧੀ ਮਾਪਦੰਡ ਤੈਅ ਕਰ ਦਿੱਤੇ ਗਏ ਹਨ। ਐਫਸੀਆਈ ਸਮੇਤ ਪੰਜਾਬ ਸਰਕਾਰ ਦੀਆਂ ਏਜੰਸੀਆਂ ਮਾਰਕਫੈਡ, ਪਨਗਰੇਨ ਤੇ ਪਨਸਪ ਵੱਲੋਂ 26-26 ਲੱਖ ਮੀਟ੍ਰਿਕ ਟਨ (20-20 ਫੀਸਦੀ) ਮਾਲ ਦੀ ਖਰੀਦ ਕੀਤੀ ਜਾਵੇਗੀ। ਜਦਕਿ ਪੰਜਾਬ ਰਾਜ ਗੁਦਾਮ ਨਿਗਮ ਵੱਲੋਂ 11 ਫੀਸਦੀ, ਭਾਵ 14.30 ਲੱਖ ਮੀਟਰਿਕ ਟਨ ਅਤੇ ਪੰਜਾਬ ਐਗਰੋ ਖੁਰਾਕ ਨਿਗਮ ਪੰਜਾਬ ਵੱਲੋਂ 9 ਫੀਸਦੀ (11.70 ਲੱਖ ਮੀਟਰਿਕ ਟਨ) ਕਣਕ ਦੀ ਖਰੀਦ ਕੀਤੀ ਜਾਵੇਗੀ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਏ.ਬੀ.ਪੀ. ਸਾਂਝਾ

                                
                                        
                                        
                                        
                                        
 
                            