ਜ਼ਿਲ੍ਹਾ ਖੇਤੀਬਾੜੀ ਅਫਸਰ ਵੱਲੋਂ ਨਰਮੇ ਦੀ ਬਿਜਾਈ ਸੰਬੰਧੀ ਕੁੱਝ ਜ਼ਰੂਰੀ ਸੂਚਨਾਵਾਂ

April 11 2018

ਸ੍ਰੀ ਮੁਕਤਸਰ ਸਾਹਿਬ — ਜ਼ਿਲਾ ਖੇਤੀਬਾੜੀ ਅਫਸਰ ਬਲਜਿੰਦਰ ਸਿੰਘ ਬਰਾੜ ਨੇ ਜ਼ਿਲੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਰਮੇ ਦੀਆਂ ਕੇਵਲ ਪ੍ਰਮਾਣਿਤ ਕਿਸਮਾਂ ਦੀ ਹੀ ਬਿਜਾਈ ਕਰਨ ਅਤੇ ਨਰਮੇ ਦਾ ਬੀਜ ਖੇਤੀਬਾੜੀ ਮਹਿਕਮੇ ਤੋਂ ਮਾਨਤਾ ਪ੍ਰਾਪਤ ਡੀਲਰ ਤੋਂ ਹੀ ਖਰੀਦਣ। ਉਨ੍ਹਾਂ ਨੇ ਕਿਸਾਨਾਂ ਨੂੰ ਗੈਰ ਪ੍ਰਮਾਣਿਤ ਨਰਮੇ ਦੀਆਂ ਬੀਜਾਂ ਦੀ ਬਿਜਾਈ ਤੋਂ ਸੁਚੇਤ ਕਰਦਿਆਂ ਆਖਿਆ ਕਿ ਅਜਿਹੇ ਗੈਰ ਮਿਆਰੀ ਬੀਜ ਕਿਸਾਨਾਂ ਲਈ ਵੱਡੇ ਘਾਟੇ ਦਾ ਕਾਰਨ ਬਣ ਸਕਦੇ ਹਨ। ਮਾਨਤਾ ਪ੍ਰਾਪਤ ਕਿਸਮਾਂ ਦੀ ਸੂਚੀ ਖੇਤੀਬਾੜੀ ਵਿਭਾਗ ਦੇ ਬਲਾਕ ਦਫਤਰਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਜ਼ਿਲਾ ਖੇਤੀਬਾੜੀ ਅਫਸਰ ਨੇ ਕਿਹਾ ਕਿ ਜ਼ਿਲੇ ਵਿਚ 70 ਹਜਾਰ ਹੈਕਟੇਅਰ ਵਿਚ ਨਰਮੇ ਦੀ ਬਿਜਾਈ ਦਾ ਟੀਚਾ ਮਿੱਥਿਆ ਗਿਆ ਅਤੇ ਪੰਜਾਬ ਸਰਕਾਰ ਵੱਲੋਂ ਨਰਮੇ ਦੇ ਬੀਜਾਂ ਦਾ ਲੋੜ ਅਨੁਸਾਰ ਪ੍ਰਬੰਧ ਕੀਤਾ ਗਿਆ ਹੈ। ਇਸ ਲਈ ਕਿਸਾਨ ਕਿਸੇ ਵੀ ਘਬਰਾਹਟ ਵਿੱਚ ਨਾ ਆਉਣ। ਉਨ੍ਹਾਂ ਨੇ ਦੱਸਿਆ ਕਿ ਨਰਮੇ ਦੀ ਬਿਜਾਈ ਦਾ ਢੁਕਵਾਂ ਸਮਾਂ 15 ਅਪ੍ਰੈਲ ਤੋਂ 15 ਮਈ ਤੱਕ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਿਜਾਈ ਸਮੇਂ ਸਿਰ ਕੀਤੀ ਜਾਵੇ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਰਮੇ ਦੀ ਕਾਸਤ ਕਰਨ ਵਾਲੇ ਪਿੰਡਾਂ ਵਿੱਚ ਸਰਕਾਰ ਵੱਲੋਂ ਟਿਉਬਵੈਲ ਲਈ ਬਿਜਲੀ ਵੀ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਜ਼ਿਲਾ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਬੀਟੀ 1 ਦਾ ਪ੍ਰਤੀ ਪੈਕਟ ਰੇਟ 635 ਰੁਪਏ ਅਤੇ ਬੀਟੀ 2 ਦਾ ਪ੍ਰਤੀ ਪੈਕਟ ਰੇਅ 740 ਰੁਪਏ ਸਰਕਾਰ ਵੱਲੋਂ ਨਿਰਧਾਰਤ ਕੀਤਾ ਗਿਆ ਹੈ ਜੇਕਰ ਕੋਈ ਦੁਕਾਨਦਾਰ ਇਸ ਤੋਂ ਵਧੇਰੇ ਰੇਟ ਵਸੂਲਦਾ ਹੈ ਤਾਂ ਇਸ ਦੀ ਸ਼ਿਕਾਇਤ ਤੁਰੰਤ ਖੇਤੀਬਾੜੀ ਮਹਿਕਮੇ ਕੋਲ ਕੀਤੀ ਜਾ ਸਕਦੀ ਹੈ। ਬੀਟੀ ਬੀਜ ਦੇ ਇਕ ਪੈਕਟ ਚ 450 ਗ੍ਰਾਮ ਬੀਟੀ ਬੀਜ ਅਤੇ 120 ਗ੍ਰਾਮ ਨਾਨ ਬੀਟੀ ਬੀਜ ਹੁੰਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਬੀਟੀ ਬੀਜ ਦੇ ਨਾਲ-ਨਾਲ ਪੈਕਟ ਵਿੱਚੋ ਨਿਕਲਣ ਵਾਲੇ ਨਾਨ ਬੀਟੀ ਬੀਜ ਦੀ ਬਿਜਾਈ ਖੇਤਾਂ ਦੁਆਲੇ ਜ਼ਰੂਰ ਕਰਨ।

ਉਨ੍ਹਾਂ ਨੇ ਹੋਰ ਦੱਸਿਆ ਕਿ ਕਿਸਾਨਾਂ ਨੂੰ ਨਰਮੇ ਦੀ ਕਾਸਤ ਸਬੰਧੀ ਜਾਣਕਾਰੀ ਦੇਣ ਲਈ ਵਿਭਾਗ ਵੱਲੋਂ 11 ਅਪ੍ਰੈਲ ਨੂੰ ਬਲਾਕ ਖੇਤੀਬਾੜੀ ਦਫਤਰ ਲੰਬੀ 12 ਅਪ੍ਰੈਲ ਨੂੰ ਕੋਟਨ ਯਾਰਡ ਦਾਨਾ ਮੰਡੀ ਮਲੋਟ, 17 ਅਪ੍ਰੈਲ ਨੂੰ ਗਿਦੜਬਾਹਾ ਬਲਾਕ ਵਿੱਚ ਅਤੇ 18 ਨੂੰ ਲੱਖੇਵਾਲੀ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ। ਕਿਸਾਨ ਇੰਨ੍ਹਾਂ ਕੈਂਪਾਂ ਵਿਚ ਪੁੱਜ ਕੇ ਨਰਮੇ ਦੀ ਕਾਸਤ ਸਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source:Punjab Kesari