This content is currently available only in Punjabi language.
ਕੌਮਾਂਤਰੀ ਮੰਡੀ ਦੇ ਦਬਾਅ ਕਰਕੇ ਦੁੱਧ ਦੀ ਸਰਕਾਰੀ ਖ਼ਰੀਦ ਵਿਚ ਆਈ ਭਾਰੀ ਗਿਰਾਵਟ ਕਾਰਨ ਪੈਦਾ ਹੋਏ ਸੰਕਟ ਵਿਚੋਂ ਦੁੱਧ ਉਤਪਾਦਕਾਂ ਨੂੰ ਕੱਢਣ ਲਈ ਪ੍ਰੋਗਰੈਸਿਵ ਡੇਅਰੀ ਫ਼ਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ਵਿਚ ਪੀਡੀਐਫ਼ਏ ਦਾ ਇਕ ਵਫ਼ਦ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲਿਆ, ਇਸ ਮੌਕੇ ਮਿਲਕਫ਼ੈਡ ਐਮ.ਡੀ. ਵੀ ਮੌਜੂਦ ਸਨ। ਬੈਠਕ ਤੋਂ ਬਾਅਦ ਸ. ਸਦਰਪੁਰਾ ਨੇ ਦੱਸਿਆ ਕਿ ਸ਼੍ਰੀ ਰੰਧਾਵਾ ਨੇ ਭਰੋਸਾ ਦਿਵਾਇਆ ਹੈ ਕਿ ਆਉਂਦੇ ਕੱਲ੍ਹ ਹੀ ਬੈਠਕ ਕਰਕੇ ਇਸ ਮਸਲੇ ਦਾ ਹੱਲ ਕੱਢਣ ਦਾ ਯਤਨ ਕੀਤਾ ਜਾਵੇਗਾ। ਮੌਜੂਦਾ ਸੰਕਟ ਬਾਰੇ ਜਾਣਕਾਰੀ ਦਿੰਦੇ ਹੋਏ ਸ. ਸਦਰਪੁਰਾ ਨੇ ਦੱਸਿਆ ਪਿਛਲੇ ਡੇਢ ਸਾਲ ਤੋਂ ਦੇਸ਼ ਅੰਦਰ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਦਾ ਆਰਥਿਕ ਸੰਕਟ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ ਪਰ ਸਰਕਾਰਾਂ ਅਤੇ ਪੰਜਾਬ ਵਿਚ ਮਿਲਕਫ਼ੈਡ ਇਨ੍ਹਾਂ ਦੀ ਸਾਰ ਨਹੀਂ ਲੈ ਰਹੇ। ਡੇਢ ਸਾਲ ਪਹਿਲਾਂ ਕੌਮਾਂਤਰੀ ਬਾਜ਼ਾਰ ਵਿਚ ਸੰਕਟ ਪੈਦਾ ਹੋਣ ਕਰਕੇ ਸੁੱਕੇ ਦੁੱਧ ਦਾ ਜਿਹੜਾ ਮੁੱਲ ਘਟਿਆ ਸੀ, ਅੱਜ ਫ਼ੇਰ ਸੁੱਕਾ ਦੁੱਧ ਉਸੇ ਪੁਰਾਣੇ ਭਾਅ ਤੱਕ ਪਹੁੰਚ ਚੁੱਕਾ ਹੈ ਪਰ ਇਸ ਦੌਰਾਨ ਦੁੱਧ ਦੇ ਸਰਕਾਰੀ ਖ਼ਰੀਦ ਰੇਟ ਵਿਚ ਜਿਹੜੀ ਕਰੀਬ ਸੱਤ ਰੁਪਏ ਫ਼ੀ ਕਿੱਲੋ ਤੱਕ ਕਟੌਤੀ ਕੀਤੀ ਗਈ ਸੀ, ਹੁਣ ਉਸ ਨੂੰ ਵਾਪਸ ਨਹੀਂ ਵਧਾਇਆ ਜਾ ਰਿਹਾ। ਦੂਜੇ ਪਾਸੇ ਪਸ਼ੂ ਫ਼ੀਡ ਦੇ ਭਾਅ ਵਿਚ 300 ਰੁਪਏ ਫ਼ੀ ਕੁਇੰਟਲ ਤੱਕ ਦਾ ਵਾਧਾ ਹੋਣ ਕਰਕੇ ਦੁੱਧ ਦੀ ਲਾਗਤ ਹੋਰ ਵੀ ਜ਼ਿਆਦਾ ਵਧ ਗਈ ਹੈ। ਸਦਰਪੁਰਾ ਨੇ ਕਿਹਾ ਕਿ ਸਰਕਾਰੀ ਨੀਤੀਆਂ ਕਰਕੇ ਕਿਸਾਨੀ ਅਤੇ ਦੁੱਧ ਉਤਪਾਦਨ ਦੇ ਸਹਾਇਕ ਧੰਦੇ ਵਿਚ ਲੱਗੇ ਹੋਏ ਕਿਸਾਨਾਂ ਦਾ ਆਰਥਿਕ ਸੰਕਟ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਅੱਜ ਸਹਿਕਾਰਤਾ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਮਸਲੇ ਦਾ ਹੱਲ ਹੋਣ ਦੀ ਉਮੀਦ ਬੱਝੀ ਹੈ। ਜ਼ਿਕਰਯੋਗ ਹੈ ਕਿ ਕਰੀਬ ਡੇਢ ਸਾਲਾਂ ਤੋਂ ਲਗਾਤਾਰ ਦੁੱਧ ਦੀਆਂ ਡਿੱਗਦੀਆਂ ਖ਼ਰੀਦ ਕੀਮਤਾਂ ਬਾਰੇ ਰੋਸ ਦਾ ਪ੍ਰਗਟਾਵਾ ਕਰਨ ਅਤੇ ਆਪਣੀ ਮੰਗਾਂ ਸਰਕਾਰ ਤੱਕ ਪਹੁੰਚਾਉਣ ਲਈ ਆਲ ਇੰਡੀਆ ਪ੍ਰੋਗ੍ਰੈਸਿਵ ਡੇਅਰੀ ਫ਼ਾਰਮਰਜ਼ ਐਸੋਸੀਏਸ਼ਨ ਦੇ ਝੰਡੇ ਥੱਲੇ ਦਿੱਲੀ ਦੇ ਜੰਤਰ-ਮੰਤਰ ਵਿਖੇ ਦੇਸ਼ ਭਰ ਦੇ ਦੁੱਧ ਉਤਪਾਦਕਾਂ ਅਤੇ ਕਿਸਾਨਾਂ ਨੇ ਭਰਵਾਂ ਮੁਜ਼ਾਹਰਾ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਮੰਗ ਪੱਤਰ ਭੇਜਿਆ ਸੀ, ਇਸ ਦੇ ਬਾਵਜੂਦ ਇਸ ਦੇ ਹਾਲੇ ਤੱਕ ਇਸ ਸੰਕਟ ਦੀ ਸਥਿਤੀ ਨਾਲ ਨਜਿੱਠਣ ਲਈ ਕੋਈ ਲੋੜੀਂਦੇ ਕਦਮ ਨਹੀਂ ਚੁੱਕੇ ਗਏ। ਸ. ਸਦਰਪੁਰਾ ਨੇ ਕਿਹਾ ਕਿ ਜਦੋਂ ਕੌਮਾਂਤਰੀ ਬਾਜ਼ਾਰ ਵਿਚ ਸੁੱਕੇ ਦੁੱਧ ਦੀ ਕੀਮਤ ਵਧ ਕੇ ਫੇਰ ਡੇਢ ਸਾਲ ਪੁਰਾਣੇ ਭਾਅ ਤੱਕ ਪਹੁੰਚ ਗਈ ਹੈ ਤਾਂ ਮਿਲਕਫ਼ੈਡ ਕਿਸਾਨਾਂ ਦੇ ਦੁੱਧ ਦਾ ਖ਼ਰੀਦ ਮੁੱਲ ਕਿਉਂ ਨਹੀਂ ਵਧਾ ਰਿਹਾ? ਪਸ਼ੂਆਂ ਦੀ ਫ਼ੀਡ ਦਾ ਖ਼ਰਚਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ ਅਤੇ ਮਹਿੰਗਾਈ ਦੀ ਮਾਰ ਦਾ ਝੰਬਿਆ ਦੁੱਧ ਉਤਪਾਦਕ ਕਿਸਾਨ ਆਪਣੀ ਲਾਗਤ ਵੀ ਪੂਰੀ ਨਹੀਂ ਕਰ ਸਕਦਾ। ਇਸ ਨਾਲ ਉਸ ਦੇ ਸਿਰ ਉਤੇ ਕਰਜ਼ੇ ਦੀ ਪੰਡ ਹੋਰ ਵੀ ਭਾਰੀ ਹੁੰਦੀ ਜਾ ਰਹੀ ਹੈ। ਉਨ੍ਹਾਂ ਉਮੀਦ ਜਤਾਈ ਕਿ ਮਿਲਕਫ਼ੈਡ ਸਮੇਂ ਸਿਰ ਕਿਸਾਨਾਂ ਨੂੰ ਆਰਥਿਕ ਸੰਕਟ ਵਿਚੋਂ ਬਾਹਰ ਕੱਢਣ ਲਈ ਆਪਣੀ ਜ਼ਿੰਮੇਵਾਰੀ ਨਿਭਾਵੇਗਾ ਅਤੇ ਦੁੱਧ ਉਤਪਾਦਕਾਂ ਦੀ ਬਾਂਹ ਫੜੇਗਾ। ਉਨ੍ਹਾਂ ਸਮੁੱਚੇ ਕਿਸਾਨ ਅਤੇ ਦੁੱਧ ਉਤਪਾਦਕ ਭਾਈਚਾਰੇ ਨੂੰ ਅਪੀਲ ਕੀਤੀ ਕਿ ਇਸ ਸੰਕਟ ਦੀ ਘੜੀ ਵਿਚ ਇਕਜੁਟਤਾ ਸਮੇਂ ਦੀ ਮੰਗ ਹੈ ਤਾਂ ਜੋ ਸਰਕਾਰ ਅਤੇ ਮਿਲਕਫ਼ੈਡ ਅੱਗੇ ਆਪਣੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਦੁੱਧ ਦੇ ਸਰਕਾਰੀ ਖ਼ਰੀਦ ਮੁੱਲ ਵਿਚ 5 ਰੁਪਏ ਫ਼ੀ ਕਿੱਲੋ ਦਾ ਵਾਧਾ ਕਰਵਾਉਣ ਲਈ ਪੀਡੀਐਫ਼ਏ ਸਰਕਾਰ ਨਾਲ ਗੱਲਬਾਤ ਕਰ ਰਿਹਾ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjab Times