ਬਾਸਮਤੀ ਦੇ ਝੰਡਾ ਰੋਗ ਸਬੰਧੀ ਮਾਹਿਰਾਂ ਨੇ ਦਿੱਤੇ ਸੁਝਾਅ

July 27 2019

ਝੰਡਾ ਰੋਗ ਬਾਸਮਤੀ ਚ ਇਕ ਅਹਿਮ ਸਮੱਸਿਆ ਹੈ ਬਿਮਾਰੀ ਵਾਲਾ ਬੀਜ ਇਸ ਰੋਗ ਦੀ ਸ਼ੁਰੂਆਤ ਲਈ ਮੁੱਖ ਸੋਮਾ ਬਣਦਾ ਹੈ। ਇਸ ਰੋਗ ਨਾਲ ਪ੍ਰਭਾਵਿਤ ਬੂਟੇ ਦੂਜੇ ਬੂਟਿਆਂ ਨਾਲੋਂ ਉੱਚੇ-ਲੰਬੇ ਹੋ ਕੇ ਪੀਲੇ ਪੈ ਜਾਂਦੇ ਹਨ ਤੇ ਜ਼ਮੀਨ ਉੱਪਰਲੀਆਂ ਪੋਰੀਆਂ ਤੋਂ ਜੜ੍ਹਾਂ ਬਣਾ ਲੈਂਦੇ ਹਨ। ਰੋਗੀ ਬੂਟਿਆਂ ਚ ਦਾਣੇ ਨਹੀਂ ਬਣਦੇ ਤੇ ਬਾਅਦ ਚ ਰੋਗੀ ਬੂਟੇ ਸੁੱਕ ਜਾਂਦੇ ਹਨ, ਜਿਨ੍ਹਾਂ ਦੇ ਤਣੇ ਤੇ ਗੁਲਾਬੀ ਰੰਗ ਦੀ ਉੱਲੀ ਪੈਦਾ ਹੋ ਜਾਂਦੀ ਹੈ। ਇਹ ਰੋਗ ਬੂਟਿਆਂ ਨੂੰ ਨਰਸਰੀ ਤੇ ਖੇਤ ਚ ਲੁਆਈ ਕਰਨ ਤੋਂ ਬਾਅਦ ਵੀ ਪ੍ਰਭਾਵਿਤ ਕਰਦਾ ਰਹਿੰਦਾ ਹੈ। ਪੌਦਾ ਰੋਗ ਵਿਭਾਗ ਦੇ ਮੁਖੀ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਜਿਹੜੇ ਕਿਸਾਨ ਇਸ ਰੋਗ ਨੂੰ ਰੋਕਣ ਲਈ ਵਰਸਿਟੀ ਦੀ ਸਿਫ਼ਾਰਿਸ਼ ਅਨੁਸਾਰ ਬੀਜ ਤੇ ਪਨੀਰੀ ਦੀ ਸੋਧ ਕਰਦੇ ਹਨ, ਉਨ੍ਹਾਂ ਦੇ ਖੇਤਾਂ ਚ ਇਸ ਰੋਗ ਦੀ ਸਮੱਸਿਆ ਵੇਖਣ ਚ ਨਹੀਂ ਮਿਲਦੀ। ਉਨ੍ਹਾਂ ਅੱਗੇ ਦੱਸਿਆ ਕਿ ਜਿਹੜੇ ਕਿਸਾਨਾਂ ਨੇ ਬਾਸਮਤੀ ਅਗੇਤੀ ਬਿਜਾਈ ਕੀਤੀ ਹੈ। ਬੀਜ ਤੇ ਪਨੀਰੀ ਦੀ ਸੋਧ ਦਾ ਉਪਰਾਲਾ ਨਹੀਂ ਕੀਤਾ ਜਾਂ ਇਕੱਲੇ ਬੀਜ ਦੀ ਸੋਧ ਕਰ ਕੇ ਹੀ ਖੇਤਾਂ ਚ ਲੁਆਈ ਕੀਤੀ, ਉਨ੍ਹਾਂ ਦੇ ਖੇਤਾਂ ਵਿੱਚ ਇਸ ਰੋਗ ਦਾ ਹੱਲਾ ਵੇਖਣ ਨੂੰ ਮਿਲਿਆ ਹੈ। ਜੇਕਰ ਇਸ ਰੋਗ ਨੂੰ ਸਮੇਂ ਸਿਰ ਨਾ ਕਾਬੂ ਕੀਤਾ ਜਾਵੇ, ਤਾਂ ਇਹ ਰੋਗ ਬਾਸਮਤੀ ਦੇ ਝਾੜ ਨੂੰ ਘਟਾ ਦਿੰਦਾ ਹੈ ਤੇ ਬਾਅਦ ਚ ਇਸ ਰੋਗ ਦਾ ਕੋਈ ਇਲਾਜ ਵੀ ਨਹੀਂ ਹੈ। ਡਾ. ਨਰਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਰੋਗ ਤੋਂ ਬਚਾਅ ਲਈ ਹਮੇਸ਼ਾ ਰੋਗ ਰਹਿਤ ਬੀਜ ਹੀ ਵਰਤਣ। ਯੂਰੀਆ ਖਾਦ ਦੀ ਸਿਫਾਰਿਸ਼ ਅਨੁਸਾਰ ਵਰਤੋਂ ਤੇ ਪਾਣੀ ਸੁਕਾ ਕੇ ਲਾਉਣ ਨਾਲ ਵੀ ਇਸ ਰੋਗ ਨੂੰ ਘਟਾਇਆ ਜਾ ਸਕਦਾ ਹੈ। ਵੇਖਣ ਚ ਆਇਆ ਕਿ ਕਿਸਾਨ ਭਰਾ ਇਸ ਰੋਗ ਨੂੰ ਰੋਕਣ ਲਈ ਐਵੇਂ ਹੀ ਬਾਵਿਸਟਨ ਨੂੰ ਰੇਤ ਚ ਮਿਲਾ ਕੇ ਖੇਤਾਂ ਚ ਪਾ ਦਿੰਦੇ ਹਨ ਜਾਂ ਇਸ ਦਾ ਛਿੜਕਾਅ ਕਰਦੇ ਹਨ। ਡਾ. ਨਰਿੰਦਰ ਸਿੰਘ ਵੱਲੋਂ ਅਜਿਹੇ ਕਿਸਾਨਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਵਰਸਿਟੀ ਵੱਲੋਂ ਇਸ ਤਰ੍ਹਾਂ ਦੀ ਕੋਈ ਵੀ ਸਿਫ਼ਾਰਿਸ਼ ਨਹੀਂ ਹੈ ਤੇ ਕਿਸਾਨ ਭਰਾ ਐਵੇਂ ਹੀ ਆਪਣਾ ਖੇਤੀ ਖਰਚਾ ਨਾ ਵਧਾਉਣ। ਜੇਕਰ ਬਿਮਾਰੀ ਵਾਲੇ ਬੂਟੇ ਖੇਤ ਚ ਨਜ਼ਰ ਆਉਣ ਤਾਂ ਉਨ੍ਹਾਂ ਨੂੰ ਖੇਤ ਵਿੱਚੋਂ ਪੁੱਟ ਕੇ ਨਸ਼ਟ ਕਰਨਾ ਚਾਹੀਦਾ ਹੈ। ਇਸ ਰੋਗ ਤੋਂ ਬਚਾਅ ਲਈ ਉਨ੍ਹਾਂ ਨੇ ਕਿਸਾਨਾਂ ਨੂੰ ਅਗਲੇ ਸਾਲ ਲਈ ਰੋਗ ਰਹਿਤ ਫ਼ਸਲ ਤੋਂ ਹੀ ਬਾਸਮਤੀ ਦਾ ਆਪਣਾ ਰੋਗ ਰਹਿਤ ਬੀਜ ਤਿਆਰ ਕਰਨ ਦੀ ਵੀ ਸਲਾਹ ਦਿੱਤੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ