ਫ਼ਸਲੀ ਚੱਕਰ ਚੋਂ ਨਿਕਲ ਕੇ ਕਿਸਾਨ ਨੇ ਢਾਈ ਏਕੜ ਜ਼ਮੀਨ ਚੋਂ ਕੀਤੀ 100 ਕੁਇੰਟਲ ਪਿਆਜ਼ਾਂ ਦੀ ਪੈਦਾਵਾਰ

June 07 2021

ਬਹੁਤ ਸਾਰੇ ਕਿਸਾਨ ਕਣਕ-ਝੋਨੇ ਤੇ ਗੰਨੇ ਦੀ ਫ਼ਸਲੀ ਚੱਕਰ ਵਿਚ ਫਸੇ ਨਜ਼ਰ ਆਉਂਦੇ ਹਨ ਪਰ ਜਿਨ੍ਹਾਂ ਕਿਸਾਨ ਹੰਭਲਾ ਮਾਰ ਕੇ ਫ਼ਸਲੀ ਚੱਕਰ ਵਿੱਚੋਂ ਬਾਹਰ ਨਿਕਲੇ ਹਨ, ਉਹ ਬਾਕੀ ਕਿਸਾਨਾਂ ਲਈ ਮਿਸਾਲ ਬਣ ਗਏ ਹਨ। ਇਵੇਂ ਹੀ ਵਕੀਲ ਤੇ ਕਿਸਾਨ ਜਗਰੂਪ ਸਿੰਘ ਜੋ ਮੁਕੇਰੀਆਂ ਤਹਿਤ ਪੈਂਦੇ ਪਿੰਡ ਰਾਮਗੜ੍ਹ ਕੁੱਲੀਆਂ ਦਾ ਵਾਸੀ ਹੈ, ਨੇ ਢਾਈ ਏਕੜ ਵਿੱਚੋਂ ਪਿਆਜ਼ ਦੀ ਬੰਪਰ ਫ਼ਸਲ ਹਾਸਿਲ ਕਰ ਲਈ ਹੈ।

ਇਸ ਬਾਰੇ ਵਕੀਲ ਜਗਰੂਪ ਸਿੰਘ ਨੇ ਦੱਸਿਆ ਕਿ ਮੁਕੇਰੀਆਂ ਵਿਚ ਬਹੁਤੇ ਕਿਸਾਨ ਕਣਕ, ਝੋਨਾ ਤੇ ਗੰਨੇ ਦੀ ਕਾਸ਼ਤ ਕਰਦੇ ਹਨ ਜਦਕਿ ਕਿਸਾਨਾਂ ਨੂੰ ਇਨ੍ਹਾਂ ਫ਼ਸਲਾਂ ਦੇ ਮੰਡੀਕਰਨ ਅਤੇ ਅਦਾਇਗੀ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਕਾਰਨ ਲਾਗੂ ਪਿਛਲੇ ਲਾਕਡਾਊਨ ਦੌਰਾਨ ਜਦੋਂ ਉਹ ਪਿੰਡ ਪਰਤਿਆ ਤਾਂ ਉਸ ਨੇ ਫ਼ਸਲੀ ਚੱਕਰ ਤੋਂ ਬਾਹਰ ਨਿਕਲਣ ਤੇ ਕੁਝ ਵੱਖਰਾ ਕਰਨ ਬਾਰੇ ਸੋਚਿਆ। 

ਖੇਤੀਬਾੜੀ ਮਾਹਰਾਂ ਦੇ ਸੁਝਾਅ ਤੇ ਪਿਆਜ਼ ਦੀ ਕਾਸ਼ਤ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਆਪਣੀ ਢਾਈ ਏਕੜ ਜ਼ਮੀਨ ਵਿਚ ਦੇਸੀ ਰੂੜੀ ਪਾਉਣ ਤੋਂ ਬਾਅਦ ਖੇਤ ਦੀ ਚੰਗੀ ਤਰ੍ਹਾਂ ਗਹਾਈ ਕਰ ਦਿੱਤੀ ਤੇ ਫਰਵਰੀ ਦੇ ਪਹਿਲੇ ਹਫ਼ਤੇ ਦੌਰਾਨ ਪਿਆਜ਼ ਦੀ ਬਿਜਾਈ ਅਰੰਭ ਕੀਤੀ। ਪਿਆਜ਼ ਦੀ ਫ਼ਸਲ ਲਈ ਪਨੀਰੀ ਉਨ੍ਹਾਂ ਨੇ ਕਪੂਰਥਲਾ ਦੇ ਫਾਰਮ ਹਾਊਸ ਤੋਂ ਲਿਆਂਦੀ ਤੇ ਕਿਸੇ ਕਿਸਮ ਦੇ ਨੁਕਸਾਨਦੇਹ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਿਨਾਂ ਸਿਰਫ਼ ਧਰਤੀ ਲਈ ਜ਼ਰੂਰੀ ਤੱਤਾਂ ਦੀ ਵਰਤੋਂ ਕੀਤੀ।

ਜਗਰੂਪ ਮੁਤਾਬਕ ਉਨ੍ਹਾਂ ਨੇ ਢਾਈ ਏਕੜ ਵਿੱਚੋਂ ਚੰਗੀ ਕੁਆਲਟੀ ਦੀ ਲਗਭਗ 100 ਕੁਇੰਟਲ ਪਿਆਜ਼ ਦੀ ਫ਼ਸਲ ਹਾਸਿਲ ਕੀਤੀ ਹੈ। ਕਿਸਾਨ ਮੁਤਾਬਕ ਜਗਰੂਪ ਅਨੁਸਾਰ ਪਿਆਜ਼ ਦੇ ਮੰਡੀਕਰਨ ਵਿਚ ਕੋਈ ਤੰਗੀ ਨਹੀਂ ਆਈ ਤੇ ਆਪਣੀ ਸਿਹਤ ਪ੍ਰਤੀ ਸੁਚੇਤ ਲੋਕਾਂ ਅਤੇ ਵਪਾਰੀਆਂ ਨੇ ਚੰਗੀ ਕੀਮਤ ਤੇ ਹੱਥੋ-ਹੱਥ ਖ਼ਰੀਦ ਲਿਆ ਤੇ ਵਧੀਆ ਮੁਨਾਫ਼ਾ ਹੋਇਆ।

ਹਲਕੇ ਅੰਦਰ ਪਹਿਲੀ ਵਾਰੀ ਤਿਆਰ ਕੀਤੀ ਪਿਆਜ਼ ਦੀ ਫ਼ਸਲ

ਖੇਤੀਬਾੜੀ ਵਿਕਾਸ ਅਫ਼ਸਰ ਡਾ. ਕੰਵਲਦੀਪ ਸਿੰਘ ਅਤੇ ਐੱਚਡੀਓ ਲਖਬੀਰ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਕਿਸਾਨ ਆਪਣੇ ਘਰੇਲੂ ਲੋੜਾਂ ਲਈ ਥੋੜ੍ਹੀ ਜਿਹੀ ਪਿਆਜ਼ ਦੀ ਕਾਸ਼ਤ ਕਰਦੇ ਹਨ। ਮੁਕੇਰੀਆਂ ਦੀ ਗੱਲ ਕਰੀਏ ਤਾਂ ਸ਼ਾਇਦ ਪਹਿਲੀ ਵਾਰ ਕਿਸੇ ਕਿਸਾਨ ਨੇ ਢਾਈ ਏਕੜ ਵਿਚ ਪਿਆਜ਼ ਦੀ ਫ਼ਸਲ ਤਿਆਰ ਕੀਤੀ ਹੈ ਤੇ ਚੰਗਾ ਮੁਨਾਫ਼ਾ ਕਮਾਇਆ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran