ਹੈਪੀਸੀਡਰ ਨਾਲ ਕੀਤੀ ਬਿਜਾਈ, ਲਾਗਤ ਘਟੀ ਹੋਈ ਮੋਟੀ ਕਮਾਈ

August 28 2019

ਪਰਾਲੀ ਫੂਕਣੀ ਛੱਡ ਕੇ ਆਧੁਨਿਕ ਮਸ਼ੀਨਰੀ ਨਾਲ ਕਣਕ ਦੀ ਬਿਜਾਈ ਸਦਕਾ ਜਿਥੇ ਪਿੰਡ ਬਰੌਂਗਾ ਜ਼ੇਰ ਦੇ ਕਿਸਾਨ ਪਲਵਿੰਦਰ ਸਿੰਘ ਨੇ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਉਣ ਚ ਯੋਗਦਾਨ ਪਾਇਆ ਹੈ, ਉਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਣ ਨਾਲ ਉਸ ਦੀ ਆਮਦਨ ਚ ਵਾਧਾ ਵੀ ਹੋਇਆ ਹੈ। ਉਕਤ ਕਿਸਾਨ ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਲਈ ਰਾਹ-ਦਸੇਰਾ ਬਣਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਕਿਸਾਨ ਪਲਵਿੰਦਰ ਸਿੰਘ ਨੇ ਸਾਲ 2011 ਚ ਹੈਪੀਸੀਡਰ ਖਰੀਦਿਆ ਸੀ ਤੇ ਉਦੋਂ ਤੋਂ ਹੀ ਉਸ ਨੇ ਪਰਾਲੀ ਨੂੰ ਅੱਗ ਲਾਉਣੀ ਬੰਦ ਕਰ ਦਿੱਤੀ। ਹੈਪੀਸੀਡਰ ਨਾਲ ਉਕਤ ਕਿਸਾਨ ਹੋਰਨਾਂ ਕਿਸਾਨਾਂ ਦੇ ਖੇਤਾਂ ਚ ਕਿਰਾਏ ਤੇ ਬਿਜਾਈ ਕਰਦਾ ਹੈ, ਜਿਸ ਨਾਲ ਉਸ ਦੀ ਆਮਦਨ ਚ ਚੌਖਾ ਵਾਧਾ ਹੋਇਆ ਹੈ। ਉਸ ਦੀ ਆਪਣੀ ਜ਼ਮੀਨ 5 ਏਕੜ ਹੈ, ਜਦਕਿ 7 ਏਕੜ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ ਹੈ। 

ਅਗਾਂਹਵਧੂ ਕਿਸਾਨ ਨੇ ਦੱਸਿਆ ਕਿ ਉਹ 1998 ਤੋਂ ਲਗਾਤਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਲਾਏ ਜਾਂਦੇ ਕਿਸਾਨ ਮੇਲਿਆਂ ਚ ਸ਼ਾਮਲ ਹੁੰਦਾ ਆ ਰਿਹਾ ਹੈ ਤੇ ਇਸ ਦੇ ਨਾਲ-ਨਾਲ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਕਿ੍ਸ਼ੀ ਵਿਗਿਆਨ ਕੇਂਦਰ ਦੇ ਵੀ ਸੰਪਰਕ ਚ ਰਹਿੰਦਾ ਹੈ, ਜਿਸ ਸਦਕਾ ਉਸ ਨੂੰ ਆਧੁਨਿਕ ਖੇਤੀ ਤਕਨੀਕਾਂ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ। ਕਿਸਾਨ ਨੇ ਦੱਸਿਆ ਕਿ ਹੈਪੀਸੀਡਰ ਨਾਲ ਬਿਜਾਈ ਕਰਨ ਨਾਲ ਝੋਨੇ ਦੀ ਪਰਾਲੀ ਖੇਤ ਚ ਹੀ ਰਲ਼ ਜਾਂਦੀ ਹੈ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਫ਼ਸਲਾਂ ਦੇ ਝਾੜ ਚ ਵਾਧਾ ਹੁੰਦਾ ਹੈ। 

ਇਸ ਢੰਗ ਨਾਲ ਬਿਜਾਈ ਕਰਨ ਨਾਲ ਜਿਥੇ ਫ਼ਸਲ ਨੂੰ ਪਾਣੀ ਘੱਟ ਲਾਉਣਾ ਪੈਂਦਾ ਹੈ, ਉਥੇ ਹੀ ਬੇਮੌਸਮੀ ਮੀਂਹ ਨਾਲ ਹੋਣ ਵਾਲੇ ਨੁਕਸਾਨ ਦਾ ਖਦਸ਼ਾ ਵੀ ਘੱਟ ਜਾਂਦਾ ਹੈ। ਉਸ ਅਨੁਸਾਰ ਹੈਪੀਸੀਡਰ ਨਾਲ ਬੀਜੀ ਫ਼ਸਲ ਚ ਨਦੀਨ ਘੱਟ ਹੁੰਦੇ ਹਨ ਤੇ ਡੀਜ਼ਲ ਦੀ ਕੁੱਲ ਖਪਤ ਘੱਟ ਹੋਣ ਕਾਰਨ ਖੇਤੀ ਲਾਗਤ ਵੀ ਘੱਟ ਜਾਂਦੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ