ਹੁਣ ਮੌਸਮ ਨੇ ਝੰਬੇ ਕਿਸਾਨ, ਅੱਜ ਵੀ ਹੋਏਗੀ ਸੂਬੇ ਚ ਬਾਰਸ਼ ਤੇ ਗੜ੍ਹੇਮਾਰੀ

March 23 2021

ਵਿਗੜੇ ਮੌਸਮ ਨੇ ਕਿਸਾਨਾਂ ਦਾ ਫਿਕਰ ਵਧਾ ਦਿੱਤਾ ਹੈ। ਸੋਮਵਾਰ ਨੂੰ ਕਈ ਜ਼ਿਲ੍ਹਿਆਂ ਵਿੱਚ ਬਾਰਸ਼ ਹੋਈ ਜਿਸ ਨਾਲ ਕਣਕ ਤੇ ਸਰੋਂ ਦੀਆਂ ਫਸਲਾਂ ਵਿਛ ਗਈਆਂ। ਅੱਜ ਫਿਰ ਸੂਬੇ ਦੇ ਕਈ ਹਿੱਸਿਆਂ ਵਿੱਚੋਂ ਬਾਰਸ਼ ਹੋਣ ਦੀਆਂ ਖਬਰਾਂ ਹਨ। ਮੌਸਮ ਵਿਭਾਗ ਮੁਤਾਬਕ ਅਗਲੇ ਦਿਨਾਂ ਅੰਦਰ ਬਾਰਸ਼ ਹੋਣ ਦੇ ਆਸਾਰ ਹਨ।

ਬੇਸ਼ੱਕ ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ ਮੀਂਹ ਤੇ ਝੱਖੜ ਨਾਲ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ ਪਰ ਖੇਤੀ ਵਿਭਾਗ ਨੇ ਅਜਿਹੀਆਂ ਰਿਪੋਰਟਾਂ ਤੋਂ ਇਨਕਾਰ ਕੀਤਾ ਹੈ। ਖੇਤੀ ਵਿਭਾਗ ਦੇ ਡਾਇਰੈਕਟਰ ਸੁਖਦੇਵ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ ਮਾਮੂਲੀ ਬਾਰਸ਼ ਹੋਈ ਹੈ ਤੇ ਤੇਜ਼ ਹਵਾਵਾਂ ਕਰਕੇ ਪਾਣੀ ਲੱਗੀਆਂ ਫਸਲਾਂ ਜ਼ਰੂਰ ਵਿਛ ਗਈਆਂ ਹਨ ਪਰ ਕਿਧਰੇ ਵੀ ਕੋਈ ਨੁਕਸਾਨ ਨਹੀਂ ਹੋਇਆ।

ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਪੰਜਾਬ ਵਿੱਚ ਔਸਤਨ 10 ਐਮਐਮ ਬਾਰਸ਼ ਹੋਈ ਹੈ। ਪੰਜਾਬ ਦੇ ਲੁਧਿਆਣਾ, ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਫਰੀਦਕੋਟ ਤੇ ਮਾਨਸਾ ’ਚ ਜ਼ਿਲ੍ਹੇ ਵਿੱਚ ਬਾਰਸ਼ ਰਿਕਾਰਡ ਕੀਤੀ ਗਈ।

ਅੱਜ ਵੀ ਕਈ ਇਲਾਕਿਆਂ ਵਿੱਚ ਬੱਦਲਵਾਈ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਪੌਣਾਂ ਦੀ ਗੜਬੜੀ ਕਰਕੇ ਬਾਰਸ਼ ਹੋ ਰਹੀ ਹੈ। ਮੰਗਲਵਾਰ ਵੀ ਇਸੇ ਤਰ੍ਹਾਂ ਦਾ ਮੌਸਮ ਬਣਿਆ ਰਹੇਗਾ ਤੇ ਬੁੱਧਵਾਰ ਨੂੰ ਮੌਸਮ ਸਾਫ਼ ਹੋਣ ਦਾ ਅਨੁਮਾਨ ਹੈ। ਖੇਤੀ ਮਹਿਕਮੇ ਅਨੁਸਾਰ ਸੋਮਵਾਰ ਨੂੰ ਪੰਜਾਬ ਵਿੱਚ ਔਸਤਨ 1.97 ਐਮਐਮ ਬਾਰਸ਼ ਹੋਈ ਹੈ।

ਸਭ ਤੋਂ ਵੱਧ ਫਰੀਦਕੋਟ ਜ਼ਿਲ੍ਹੇ ਵਿਚ 8.6 ਐਮਐਮ, ਗੁਰਦਾਸਪੁਰ ਵਿਚ 3.1 ਐਮਐਮ, ਰੋਪੜ ਵਿਚ 3.0 ਐਮਐਮ, ਤਰਨ ਤਾਰਨ ਵਿਚ 3.5 ਐਮਐਮ ਅਤੇ ਹੁਸ਼ਿਆਰਪੁਰ ਵਿੱਚ ਢਾਈ ਐਮਐਮ ਮੀਂਹ ਪਿਆ ਹੈ। ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਤੇ ਬਰਨਾਲਾ ਨੂੰ ਛੱਡ ਕੇ ਬਾਕੀ ਪੰਜਾਬ ਵਿਚ ਕਿਤੇ ਹਲਕਾ ਤੇ ਕਿਤੇ ਕਿਣ-ਮਿਣ ਹੋਣ ਦੀਆਂ ਖ਼ਬਰਾਂ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live