ਹੁਣ ਕਿਸਾਨ ਖੇਤੀ ਸੰਦਾਂ ਤੇ ਲੈ ਸਕਣਗੇ 80 ਫੀਸਦ ਤਕ ਸਬਸਿਡੀ

August 28 2019

ਝੋਨੇ ਦੀ ਪਰਾਲੀ ਅਤੇ ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਤੇ ਵਾਤਾਵਰਣ ਦੇ ਹੋ ਰਹੇ ਨੁਕਸਾਨ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਪਰਾਲੀ ਦੇ ਖੇਤਾਂ ਵਿਚ ਹੀ ਨਿਪਟਾਰੇ ਲਈ ਸ਼ੁਰੂ ਕੀਤੀ ਵਿਆਪਕ ਮੁਹਿੰਮ ਤਹਿਤ ਸੂਬਾ ਸਰਕਾਰ ਵੱਲੋਂ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਉਸੇ ਹੀ ਥਾਂ ਤੇ ਖ਼ਤਮ ਕਰਨ ਦੀ ਸਕੀਮ 2019-20 ਦੇ ਜ਼ਰੀਏ ਕਿਸਾਨਾਂ ਨੂੰ ਸਬਸਿਡੀ ਤੇ ਖੇਤੀ ਮਸ਼ੀਨਰੀ ਤੇ ਖੇਤੀ ਸੰਦ ਮੁਹੱਈਆ ਕਰਾਉਣ ਲਈ ਮੰਗੀਆਂ ਅਰਜ਼ੀਆਂ ਕਾਰਨ ਹੁਣ ਤੱਕ ਜ਼ਿਲ੍ਹੇ ਦੇ 934 ਦੇ ਕਰੀਬ ਕਿਸਾਨਾਂ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੂੰ ਅਰਜ਼ੀਆਂ ਦੇ ਕੇ ਇਹ ਮਸ਼ੀਨਰੀ ਹਾਸਲ ਕਰਨ ਲਈ ਪਹੁੰਚ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਤੇ ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਹੀ ਅੱਗ ਲਗਾਉਣ ਕਾਰਨ ਜਿੱਥੇ ਕਿਸਾਨਾਂ ਦੇ ਮਿੱਤਰ ਕੀੜੇ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਨਸ਼ਟ ਹੋ ਜਾਂਦੀ ਹੈ ਉਥੇ ਹੀ ਵਾਤਾਵਰਣ ਵਿਚ ਧੂੰਏਂ ਕਾਰਨ ਜ਼ਹਿਰੀਲੀਆਂ ਗੈਸਾਂ ਦੇ ਫੈਲਾਅ ਕਾਰਨ ਮਨੁੱਖੀ ਤੇ ਪਸ਼ੂ ਪੰਛੀਆਂ ਦੀ ਸਿਹਤ ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਵਿਭਾਗ ਨੇ ਸੂਬੇ ਨੂੰ ਮੌਜੂਦਾ ਵਿੱਤੀ ਸਾਲ ਵਿਚ ਪਹਿਲੇ ਪੜਾਅ ਅਧੀਨ ਕਿਸਾਨਾਂ ਨੂੰ 28 ਹਜ਼ਾਰ ਤੋਂ ਵੱਧ ਖੇਤੀ ਮਸ਼ੀਨਾਂ/ਸੰਦ ਮੁਹੱਈਆ ਕਰਵਾਉਣ ਲਈ ਵਿਆਪਕ ਪੱਧਰ ਤੇ ਮੁਹਿੰਮ ਸੂਬੇ ਵਿਚ ਸ਼ੁਰੂ ਕਰ ਦਿੱਤੀ ਹੈ। 278 ਕਰੋੜ ਰੁਪਏ ਦੀ ਸਬਸਿਡੀ ਨਾਲ ਮੁਹੱਈਆ ਕਰਵਾਏ ਜਾ ਰਹੇ। ਇਹ ਖੇਤੀ ਸੰਦ ਫ਼ਸਲ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਹੀ ਖਪਾਉਣ ਲਈ ਸਹਾਈ ਹੋਣਗੇ। ਕਿਸਾਨਾਂ ਨੂੰ ਖੇਤੀ ਸੰਦਾਂ ਤੇ 50 ਫੀਸਦੀ ਤੋਂ ਲੈ ਕੇ 80 ਫ਼ੀਸਦੀ ਤੱਕ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਤਹਿਤ ਸਹਿਕਾਰੀ ਸਭਾਵਾਂ ਤੇ ਕਿਸਾਨ ਗਰੁੱਪਾਂ ਨੂੰ 80 ਫੀਸਦੀ ਜਦਕਿ ਕਿਸਾਨਾਂ ਨੂੰ ਵਿਅਕਤੀਗਤ ਰੂਪ ਵਿਚ 50 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਜਿਸ ਨਾਲ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਆਲਾ ਦਰਜੇ ਦੀ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾਵੇਗੀ। ਜਿਸ ਵਿਚ ਸੁਪਰ ਐਸ.ਐਮ.ਐਸ., ਹੈਪੀ ਸੀਡਰ, ਪੈਡੀ ਸਟਰਾਅ ਚੌਪਰ/ਸ਼ਰੈਡਰ/ਮਲਚਰ, ਉਲਟਾਵੇਂ ਹਨ ਅਤੇ ਜ਼ੀਰੋ ਟਿੱਲ ਡਰਿੱਲ ਮਸ਼ੀਨਾਂ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਨੂੰ 15 ਸਤੰਬਰ ਤੱਕ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਮਸ਼ੀਨਰੀ ਦੀ ਵਰਤੋਂ ਕਰਨ ਅਤੇ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਰੁਝਾਨ ਨੂੰ ਖਤਮ ਕਰਨ। ਮੁੱਖ ਖੇਤੀਬਾੜੀ ਅਫ਼ਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਮੁੱਢਲੀ ਖੇਤੀਬਾੜੀ ਸਹਿਕਾਰਤਾ ਸੁਸਾਇਟੀ ਵੱਲੋਂ 549 ਅਰਜ਼ੀਆਂ ਪ੍ਰਰਾਪਤ ਹੋ ਚੁੱਕੀਆਂ ਹਨ ਅਤੇ 400 ਅਰਜ਼ੀਆਂ ਵੱਖ ਵੱਖ ਕਿਸਾਨਾਂ ਵੱਲੋਂ ਪ੍ਰਰਾਪਤ ਹੋਈਆਂ ਹਨ। ਸੁਸਾਇਟੀ ਵੱਲੋਂ ਪ੍ਰਰਾਪਤ ਹੋਈਆਂ 549 ਅਰਜ਼ੀਆਂ ਵਿਚੋਂ 126 ਬਲਾਕ ਮਾਨਸਾ, 111 ਬਲਾਕ ਭੀਖੀ, 152 ਬਲਾਕ ਬੁਢਲਾਡਾ, 90 ਬਲਾਕ ਝੁਨੀਰ ਅਤੇ 70 ਸਰਦੂਲਗੜ੍ਹ ਬਲਾਕ ਦੀਆਂ ਹਨ। ਸੁਸਇਟੀ ਵੱਲੋਂ ਕੁੱਲ 75 ਹੈਪੀ ਸੀਡਰ, 239 ਪਰਾਲੀ ਕੁਤਰਨ ਵਾਲੀਆਂ ਮਸ਼ੀਨਾਂ, 6 ਮਲਚਰ, 20 ਉਲਟਾਵੇਂ ਹੱਲ, 295 ਜ਼ੀਰੋ ਡਰਿੱਲ, 19 ਐਸ.ਐਮ.ਐਸ. ਅਤੇ ਇਕ ਰੋਟਰੀ ਸਲੈਸ਼ਰ ਦੀ ਮੰਗ ਕੀਤੀ ਗਈ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ