ਸੰਭੂ ਰੇਲਵੇ ਲਾਈਨਾਂ ਤੇ ਕਿਸਾਨ ਜਥੇਬੰਦੀਆਂ ਦਾ ਧਰਨਾ 21ਵੇਂ ਦਿਨ ਜਾਰੀ

October 22 2020

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਸੰਭੂ ਰੇਲਵੇ ਸਟੇਸ਼ਨ ਤੇ ਰੇਲਵੇ ਲਾਈਨਾਂ ਤੇ ਕਿਸਾਨ ਜਥੇਬੰਦੀਆਂ ਦਾ ਧਰਨਾ 21ਵੇਂ ਦਿਨ ਜਾਰੀ ਰਿਹਾ ਤੇ ਕਿਸਾਨਾਂ ਦੇ ਇਕੱਠ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਰੋਸ ਮੁਜ਼ਾਹਰਾ ਕੀਤਾ।

ਇਕੱਠ ਦੌਰਾਨ ਸੰਚਾਲਨ ਕਮੇਟੀ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਬਲਬੇੜਾ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਜੂਰਾ ਸਿੰਘ ਸੰਧਾਰਸੀ ਤੇ ਕਿਸਾਨ ਆਗੂਆਂ ਨੇ ਮੋਦੀ ਸਰਕਾਰ ਖ਼ਿਲਾਫ਼ ਅਕਾਸ਼ ਗੁੰਜਾਊ ਨਾਅਰੇ ਲਗਾ ਕੇ ਰੋਸ ਮੁਜ਼ਾਹਰਾ ਹੋਰ ਤਿੱਖਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਖੇਤੀ ਸੁਧਾਰ ਕਾਨੂੰਨਾਂ ਨੁੂੰ ਰੱਦ ਕਰਨਾ ਚਾਹੀਦਾ ਹੈ। ਜੇ ਪੰਜਾਬ ਅੰਦਰ ਕਿਸਾਨ ਦੀ ਖੇਤੀ ਹੀ ਸੁਰੱਖਿਅਤ ਨਹੀਂ ਰਹੇਗੀ ਤਾਂ ਪਹਿਲਾਂ ਤੋਂ ਮੰਦੀ ਦੀ ਮਾਰ ਝੱਲ ਰਿਹਾ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਤੁਰ ਪਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੀ ਏਕਤਾ ਦੇ ਮੱਦੇਨਜ਼ਰ ਪੰਜਾਬ ਵਿਧਾਨ ਸਭਾ ਦੇ ਇਜਲਾਸ ਵਿਚ ਮਤੇ ਪਾਸ ਕੀਤੇ ਹਨ, ਜਦਕਿ ਭਾਜਪਾ ਨੇ ਇਸ ਨੂੰ ਹਮਾਇਤ ਨਹੀਂ ਦਿੱਤੀ, ਇਹ ਯਾਦ ਰਹੇਗਾ। ਉਨ੍ਹਾਂ ਕਿਹਾ ਕਿ ਇਹ ਮਤੇ ਕਿਸਾਨ ਜਥੇਬੰਦੀਆਂ ਦੀ ਜਿੱਤ ਹਨ। ਇਸ ਮੌਕੇ ਦਰਬਾਰਾ ਸਿੰਘ ਆਕੜ, ਬਿਰਜ ਲਾਲ ਬਠੌਣੀਆਂ, ਸੁਖਵਿੰਦਰ ਸਿੰਘ ਤੁਲੇਵਾਲ, ਚਰਨਜੀਤ ਕੁਮਾਰ ਮੰਡੋਲੀ, ਹਰਿੰਦਰ ਸਿੰਘ ਲਾਖਾ, ਗੁਰਮੀਤ ਸਿੰਘ ਬਹਾਵਲਪੁਰ, ਅਮਰਜੀਤ ਸਿੰਘ ਘਨੌਰ, ਪਵਨ ਕੁਮਾਰ ਸੋਗਲਪੁਰ, ਹਰਪ੍ਰੀਤ ਸਿੰਘ ਮਦਨਪੁਰ ਆਦਿ ਹਾਜ਼ਰ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran