ਸਾਬਕਾ IFS ਅਧਿਕਾਰੀ ਬਣਿਆ ਕਿਸਾਨ, ਕਰ ਰਿਹਾ ਮਿੱਟੀ ਰਹਿਤ ਖੇਤੀ

March 01 2021

ਖੇਤੀ ਕਰਮਾਂ ਸੇਤੀ ਪੰਜਾਬ ਅੰਦਰ ਖੇਤੀਬਾੜੀ ਨੂੰ ਲੈ ਕਿ ਇਹ ਕਹਾਵਤ ਆਮ ਪ੍ਰਚਲਿਤ ਹੈ ਪਰ ਇਸ ਅਖਾਣ ਨੂੰ ਝੂਠਾ ਸਾਬਤ ਕਰ ਵਿਖਾਇਆ ਫਰੀਦਕੋਟ ਜਿਲ੍ਹੇ ਦੇ ਅਗਾਂਹ ਵਧੂ ਕਿਸਾਨ ਅਤੇ ਭਾਰਤ ਸਰਕਾਰ ਦੇ ਸਾਬਕਾ ਆਈਐਫਐਸ ਅਧਿਕਾਰੀ ਹਰਦੀਪ ਸਿੰਘ ਕਿੰਗਰਾ ਨੇ। ਆਈਐਫਐਸ ਵਜੋਂ ਰਿਟਾਇਡ ਹੋਣ ਤੋਂ ਬਾਅਦ ਹਰਦੀਪ ਸਿੰਘ ਕਿੰਗਰਾ ਨੇ ਮਾਡਰਨ ਤਰੀਕੇ ਨਾਲ ਖੇਤੀ ਕਰਨ ਨੂੰ ਤਰਜੀਹ ਦਿੱਤੀ ਅਤੇ ਆਪਣੇ ਘਰ ਦੇ ਨਾਲ ਹੀ ਆਪਣੀ ਅੱਧਾ ਏਕੜ ਜਮੀਨ ਵਿਚ ਹਾਈਡ੍ਰੋਪੌਨਕ ਵਿਧੀ ਨਾਲ ਖੇਤੀ ਕਰਨੀ ਸ਼ੁਰੂ ਕੀਤੀ।

ਕਰੀਬ 2 ਸਾਲ ਪਹਿਲਾਂ ਸ਼ੁਰੂ ਕੀਤੀ ਖੇਤੀ ਤੋਂ ਹਰਦੀਪ ਸਿੰਘ ਕਿੰਗਰਾ ਕਾਫੀ ਖੁਸ਼ ਨਜ਼ਰ ਆ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਪੁੱਤ ਮਿੱਟੀ ਨਾਲ ਮਿੱਟੀ ਹੋਣ ਤੋਂ ਡਰਦੇ ਹੀ ਖੇਤੀ ਨੂੰ ਤਿਆਗ ਗਏ ਪਰ ਉਹਨਾਂ ਮਿੱਟੀ ਰਹਿਤ ਖੇਤੀ ਸ਼ੁਰੂ ਕਰ ਕੇ ਇਕ ਨਵੀਂ ਪਰਤ ਪਾਈ ਹੈ ਅਤੇ ਉਹਨਾਂ ਦਾ ਮੰਨਣਾ ਹੈ ਕਿ ਕਿਸਾਨ ਦਾ ਪੁੱਤ ਹੁਣ ਟਾਈ ਲਗਾ ਕੇ ਤੇ ਕੋਟਪੈਂਟ ਪਾ ਕੇ ਵੀ ਖੇਤੀ ਕਰ ਸਕਦਾ।

ਫਰੀਦਕੋਟ ਦੇ ਪਿੰਡ ਕੰਮੇਆਣਾ ਵਿਚ ਬਣੇ ਹਾਈਡ੍ਰੋਪੌਨਿਕ ਪੌਲੀ ਹਾਊਸ ਵਿਚ ਹਰਦੀਪ ਸਿੰਘ ਕਿੰਗਰਾ ਨੇ ਚੈਰੀ ਟਮਾਟਰ ਦੀਆਂ ਕਈ ਕਿਸਮਾਂ, ਸਲਾਦ ਵਿਚ ਵਰਤੇ ਜਾਂਦੇ ਪੱਤਗੋਭੀ (ਬੰਦ ਗੋਭੀ) ਦੀਆਂ ਕਈ ਕਿਸਮਾਂ,5 ਕਿਸਮ ਦੀ ਲੈਟਸ ਅਤੇ ਸਟ੍ਰੋਬਰੀ ਆਦਿ ਲਗਾ ਕੇ ਜਿਥੇ ਵਧੀਆਂ ਕਮਾਈ ਕਰ ਰਿਹਾ ਉਥੇ ਹੀ ਉਹਨਾਂ ਵੱਲੋਂ ਜ਼ਹਿਰ ਮੁਕਤ ਅਤੇ ਮਿੱਟੀ ਦੇ ਸੰਪਰਕ ਤੋਂ ਬਿਨਾਂ ਵਾਲੀ ਖੇਤੀ ਕੀਤੀ ਜਾ ਰਹੀ ਹੈ। 

ਇਸ ਮੌਕੇ ਗੱਲਬਾਤ ਕਰਦਿਆ ਹਰਦੀਪ ਸਿੰਘ ਕਿੰਗਰਾ ਨੇ ਕਿਹਾ ਕਿ ਇਹ ਟੈਕਨੀਕ ਜੋ ਹੈ ਇਹ ਖੇਤੀ ਦਾ ਭਵਿੱਖ ਹੈ  ਤੇ ਉਹ ਇਸੇ ਵਿਧੀ ਨਾਲ ਹੀ ਸੰਭਵ ਹੈ। ਉਹਨਾਂ ਕਿਹਾ ਕਿ ਉਹ ਇਸ ਤਕਨੀਕ ਤੇ ਕੰਮ ਕਰ ਰਹੇ ਹਨ ਕਿ ਜਿਥੇ ਤੁਹਾਡੀ ਫਸਲ ਵਿਕਣੀ ਹੈ ਉਹ ਉਥੇ ਹੀ ਪੈਦਾ ਕੀਤੀ ਜਾਵੇ ਤਾਂ ਜੋ ਫਸਲ ਦੀ ਪ੍ਰੋਡਕਸਨ ਕੌਸਟ ਘੱਟ ਜਾਵੇ।

ਉਹਨਾਂ ਕਿਹਾ ਕਿ ਇਸ ਵਿਧੀ ਨਾਲ ਨਾ ਤਾਂ ਉਹ ਮਿੱਟੀ ਵਰਤ ਰਹੇ ਹਨ ਅਤੇ ਨਾ ਹੀ ਪਾਣੀ ਵੇਸਟ ਕਰ ਰਹੇ ਹਨ। ਉਹਨਾਂ ਕਿਹਾ ਪਾਣੀ ਵੀ ਆਰਓ ਦਾ ਵਰਤਿਆ ਜਾ ਰਿਹਾ, ਇਸ ਖੇਤੀ ਨੂੰ ਛੱਤ ਉਪਰ ਵੀ ਕੀਤਾ ਜਾ ਸਕਦਾ,ਇਸ ਨਾਲ ਜਿੱਥੇ ਪੈਦਾ ਕਰਨ ਵਾਲੇ ਨੂੰ ਲਾਭ ਹੁੰਦਾ ਉਥੇ ਹੀ ਖਾਣ ਵਾਲੇ ਨੂੰ ਇਸ ਨਾਲ ਲਾਭ ਮਿਲਦਾ। ਉਹਨਾਂ ਕਿਹਾ ਕਿ ਇਸ ਵਿਧੀ ਨੂੰ ਹਾਈਡ੍ਰੋਪੌਨਿਕ ਐਗਰੀਕਲਚਰ ਕਿਹਾ ਜਾਂਦਾ।

ਉਹਨਾਂ ਦੱਸਿਆ ਕਿ ਇਸ ਵਿਧੀ ਨਾਲ ਤੁਸੀ 1 ਏਕੜ ਵਿਚੋਂ 30 ਏਕੜ ਦੇ ਬਰਾਬਰ ਫਸਲ ਕੱਢ ਸਕਦੇ ਹੋ। ਉਹਨਾਂ ਕਿਹਾ ਕਿ ਇਸ ਵਿਧੀ ਲਈ ਨਾ ਟਰੈਕਟਰ ਦੀ ਲੋੜ ਹੈ ਨਾ ਟਰਾਲੀ ਦੀ ਲੋੜ ਹੈ ਨਾ ਕਹੀ ਦੀ ਲੋੜ ਨਾ ਰੰਬੇ ਦੀ ਲੋੜ ਹੈ। ਕਿਸੇ ਵੀ ਖੇਤੀ ਦੇ ਸੰਦ ਦੀ ਲੋੜ ਨਹੀਂ ਉਹਨਾਂ ਕਿਹਾ ਕਿ ਇਸ ਤੇ ਕੋਈ ਰੇਅ ਸਪਰੇਅ ਨਹੀਂ ਕਰਨੀ , ਇਸ ਤੇ ਕੋਈ ਕੀੜਾ ਨਹੀਂ ਆਉਂਦਾ ਕਿਉਂਕਿ ਇਹ ਚਾਰ- ਚੁਫੇਰਿਓ ਕਵਰ ਹੈ ਇਸ ਵਿਚ ਮਿਹਨਤ ਨਹੀਂ ਬਲਕਿ ਸਮਾਰਟ ਵਰਕ ਦੀ ਲੋੜ ਹੈ।

ਉਹਨਾਂ ਕਿਹਾ ਕਿ ਰਿਵਾਇਤੀ ਖੇਤੀ ਦੇ ਮੁਕਾਬਲੇ ਇਹ ਵਿਧੀ ਦੇਖਭਾਲ ਜਿਆਦਾ ਭਾਲਦੀ ਹੈ। ਇਸ ਦੀ ਪੈਦਾਵਾਰ ਤੁਸੀਂ ਜਿੰਨੀ ਮਰਜੀ ਕਰ ਲਵੋ, ਉਹਨਾਂ ਦੱਸਿਆ ਕਿ ਉਹਨਾਂ ਨੇ ਹੁਣ ਤੱਕ ਇਥੇ 26 ਫਸਲਾਂ ਪੈਦਾ ਕਰ ਚੁੱਕੇ ਹਨ।  ਉਹਨਾਂ ਇਸ ਪੌਲੀਹਾਊਸ ਨੂੰ ਬਣਾਉਣ ਬਾਰੇ ਦੱਸਦਿਆ ਕਿਹਾ ਕਿ ਜੋ ਵੀ ਇਸ ਤੇ ਖਰਚ ਆਉਂਦਾ ਉਸ ਨੂੰ ਤੁਸੀ 3 ਸਾਲ ਵਿਚ  ਪੂਰਾ ਕਰ ਸਕਦੇ  ਹੋ ਅਤੇ ਬਾਅਦ ਵਿਚ ਇਸ ਤੋਂ ਇਨਕਮ ਹੀ ਇਨਕਮ ਹੈ।

ਆਈਐਫਐਸ ਤੋਂ ਕਿਸਾਨ ਬਣਨ ਬਾਰੇ ਉਹਨਾਂ ਕਿਹਾ ਕਿ ਉਹਨਾਂ ਨੂੰ ਸ਼ੁਰੂ ਤੋਂ ਸੌਕ ਸੀ ਕਿ ਉਹ ਖੇਤੀ ਕਰਨ ਉਹਨਾਂ ਕਿਹਾ ਕਿ ਬਸ ਇਸ ਦਾ ਤਰੀਕਾ ਬਦਲਿਆ ਹੈ ਉਹਨਾਂ ਕਿਹਾ ਕਿ ਅਸੀ ਖੇਤੀ ਵਿਚੋਂ ਮਿੱਟੀ ਕੱਢ ਕੇ ਮਿੱਟੀ ਦੀ ਜਗ੍ਹਾ ਪਾਲੀਹਾਊਸ ਨੂੰ ਦਿੱਤੀ ਹੈ ਅਤੇ ਮਿੱਟੀ ਰਹਿਤ ਖੇਤੀ ਸੁਰੂ ਕੀਤੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman