ਸਰਕਾਰੀ ਅਧਿਆਪਕਾ ਵਿਹਲੇ ਸਮੇਂ ਚ ਖੇਤੀ ਕਰਕੇ ਕਮਾ ਰਹੀ 3 ਲੱਖ ਰੁਪਏ ਮਹੀਨਾ

October 28 2020

ਖੇਤੀ ਜੇਕਰ ਵਿਉਂਤਬੱਧ ਤਰੀਕੇ ਨਾਲ ਕੀਤੀ ਜਾਵੇ ਤਾਂ ਮੁਨਾਫੇ ਦਾ ਕਿੱਤਾ ਹੈ। ਇਸੇ ਲਈ ਹੀ ਹੁਣ ਪੜ੍ਹਿਆ ਲਿਖਿਆ ਵਰਗ ਵੀ ਖੇਤੀ ਚ ਦਿਲਚਸਪੀ ਦਿਖਾਉਣ ਲੱਗਾ ਹੈ। ਇਸੇ ਤਰ੍ਹਾਂ ਦਿੱਲੀ ਦੀ ਰਹਿਣ ਵਾਲੀ ਸੁਪਰਿਆ ਸਰਕਾਰੀ ਸਕੂਲ ਚ ਅਧਿਆਪਕਾ ਹੋਣ ਦੇ ਨਾਲ ਨਾਲ ਖਾਲੀ ਸਮੇਂ ਚ ਖੇਤੀ ਕਰਦੀ ਹੈ।

ਕਰੀਬ ਡੇਢ ਸਾਲ ਪਹਿਲਾਂ ਔਰਗੈਨਿਕ ਸਬਜ਼ੀਆਂ ਦੀ ਖੇਤੀ ਸ਼ੁਰੂ ਕਰਨ ਵਾਲੀ ਸੁਪਰਿਆ ਨੂੰ ਹਰ ਮਹੀਨੇ ਤਿੰਨ ਲੱਖ ਰੁਪਏ ਦੀ ਆਮਦਨ ਹੋ ਰਹੀ ਹੈ। ਉਹ ਪੰਜ ਏਕੜ ਜ਼ਮੀਨ ਚ 17 ਸਬਜ਼ੀਆਂ ਦੀ ਖੇਤੀ ਕਰਦੀ ਹੈ। ਉਨ੍ਹਾਂ ਔਰਗੈਨਿਕ ਖੇਤੀ ਦੇ ਕੁਝ ਸੈਸ਼ਨ ਅਟੈਂਡ ਕੀਤੇ ਹਨ। ਇਸ ਦੌਰਾਨ ਉਨ੍ਹਾਂ ਜਾਣਿਆ ਕਿ ਬਾਹਰੋਂ ਖਰੀਦੀਆਂ ਜਾਣ ਵਾਲੀਆਂ ਸਬਜ਼ੀਆਂ ਵਿੱਚ ਮਿਲਾਵਟ ਤੇ ਕੈਮੀਕਲ ਹੁੰਦਾ ਹੈ।

ਇਸ ਤੋਂ ਬਾਅਦ ਹੀ ਉਨ੍ਹਾਂ ਸੋਚਿਆ ਕਿ ਲੋੜ ਦੀਆਂ ਚੀਜ਼ਾਂ ਖੁਦ ਘਰ ਚ ਉਗਾਈਆ ਜਾ ਸਕਦੀਆਂ ਹਨ। ਫਿਰ ਉਨ੍ਹਾ ਕੁਝ ਖੋਜ ਕੀਤੀ, ਲੋਕਾਂ ਨਾਲ ਗੱਲਬਾਤ ਕੀਤੀ। ਸਭ ਤੋਂ ਜ਼ਿਆਦਾ ਮਦਦ ਯੂਟਿਊਬ ਤੋਂ ਲਈ। ਦਿੱਲੀ ਤੋਂ ਥੋੜ੍ਹੀ ਦੂਰ ਕਰਾਲਾ ਚ ਅਪ੍ਰੈਲ 2019 ਚ ਇੱਕ ਏਕੜ ਜ਼ਮੀਨ ਚ ਆਰਗੈਨਿਕ ਖੇਤੀ ਸ਼ੁਰੂ ਕੀਤੀ।

ਉਨ੍ਹਾਂ ਸਭ ਤੋਂ ਪਹਿਲਾਂ ਸਬਜ਼ੀਆਂ ਉਗਾਈਆਂ। ਇਸ ਤੋਂ ਬਾਅਦ ਖੇਤੀ ਦਾ ਦਾਇਰਾ ਵਧਾ ਕੇ ਪੰਜ ਏਕੜ ਤਕ ਕਰ ਲਿਆ। ਹੁਣ ਉਨ੍ਹਾਂ ਦੀ ਟੀਮ ਚ 10 ਲੋਕ ਸ਼ਾਮਲ ਹਨ। ਸੁਪਰਿਆ ਨੇ ਦੱਸਣ ਮੁਤਾਬਕ ਉਨ੍ਹਾਂ ਨੂੰ ਮਾਰਕੀਟਿੰਗ ਦੀ ਵੀ ਜ਼ਿਆਦਾ ਦਿੱਕਤ ਨਹੀਂ। ਲੋਕਾਂ ਨੂੰ ਆਪਣੇ ਉਤਪਾਦ ਬਾਰੇ ਦੱਸਿਆ ਤਾਂ ਹੱਥੋ ਹੱਥ ਸਬਜ਼ੀਆਂ ਵਿਕਦੀਆਂ ਗਈਆਂ।

ਉਨ੍ਹਾਂ ਫਾਰਮ ਟੂ ਹੋਮ ਨਾਂ ਦਾ ਵਟਸਐਪ ਗਰੁੱਪ ਬਣਾਇਆ ਹੈ। 300 ਤੋਂ ਜ਼ਿਆਦਾ ਲੋਕ ਇਸ ਨਾਲ ਜੁੜੇ ਹਨ। ਜਿਸ ਨੂੰ ਜੋ ਲੋੜ ਹੁੰਦੀ ਹੈ ਉਹ ਗਰੁੱਪ ਚ ਦੱਸ ਦਿੰਦਾ ਹੈ ਤੇ ਉਸ ਦੇ ਘਰ ਸਮਾਨ ਭੇਜ ਦਿੱਤਾ ਜਾਂਦਾ ਹੈ। ਇਸ ਵੇਲੇ ਉਨ੍ਹਾਂ ਦੇ 100 ਦੇ ਕਰੀਬ ਰੈਗੂਲਰ ਗਾਹਕ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live