ਸਰਕਾਰ ਲੱਭਣ ਲੱਗੀ ਹੱਲ, ਕਿਸਾਨ ਲਿਖਤੀ ਸੱਦੇ ਤੋਂ ਬਿਨਾਂ ਨਹੀਂ ਕਰਨਗੇ ਗੱਲ

December 01 2020

ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰਾਜਧਾਨੀ ਦਿੱਲੀ ਨੂੰ ਚੁਫੇਰਿਓਂ ਘੇਰੀ ਬੈਠੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕੇਂਦਰ ਸਰਕਾਰ ਨਰਮ ਹੋਣ ਲੱਗੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਰਾਜ਼ੀ ਹੋ ਗਏ ਹਨ, ਪਰ ਕਿਸਾਨ ਆਗੂਆਂ ਨੇ ਸ਼ਰਤਾਂ ਰਹਿਤ ਅਤੇ ਲਿਖਤੀ ਸੱਦਾ ਨਾ ਮਿਲਣ ਤਕ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਭਾਜਪਾ ਦੇ ਸੂਤਰਾਂ ਮੁਤਾਬਿਕ ਦੇਰ ਰਾਤ ਤਕ ਕਿਸਾਨਾਂ ਨੂੰ ਲਿਖਤੀ ਸੱਦਾ ਦਿੱਤਾ ਜਾ ਸਕਦਾ ਹੈ ਕਿਉਂਕਿ ਪ੍ਰਧਾਨ ਮੰਤਰੀ ਦੀ ਸਹਿਮਤੀ ਤੋਂ ਬਾਅਦ ਹੀ ਅਗਲਾ ਫ਼ੈਸਲਾ ਲਿਆ ਜਾਣਾ ਹੈ। ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਕੇਂਦਰ ਸਰਕਾਰ ਅਤੇ ਪੰਜਾਬ ਦੇ ਕਿਸਾਨਾਂ ਵਿਚਕਾਰ ਪੁਲ਼ ਦਾ ਕੰਮ ਕਰ ਰਹੇ ਹਨ। ਜਿਆਣੀ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਹਾਂ-ਪੱਖੀ ਹੁੰਗਾਰਾ ਮਿਲ ਸਕਦਾ ਹੈ। ਉਧਰ ਖਾਪ ਪੰਚਾਇਤਾਂ ਵੀ ਕਿਸਾਨਾਂ ਦੇ ਹੱਕ ਵਿਚ ਨਿੱਤਰ ਆਈਆਂ ਹਨ। ਉੱਤਰ-ਪ੍ਰਦੇਸ਼ ਤੇ ਉਤਰਾਖੰਡ ਦੇ ਕਿਸਾਨਾਂ ਨੇ ਗਾਜੀਪੁਰ ਹੱਦ ਵੀ ਜਾਮ ਕਰ ਦਿੱਤੀ ਹੈ ਜਦੋਂ ਕਿ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੇ ਕਿਸਾਨ ਵੀ ਰਾਜਧਾਨੀ ਪੁੱਜ ਗਏ ਹਨ।

ਦੇਸ਼ ਭਰ ਦੇ ਕਿਸਾਨਾਂ ਦੇ ਦਿੱਲੀ ਵਿਚ ਪੁੱਜਣ ਨਾਲ ਸਰਕਾਰ ਤੇ ਦਬਾਅ ਵੱਧਣ ਲੱਗਿਆ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਅਤੇ ਕਿਸਾਨ ਆਗੂ ਡਾ. ਦਰਸ਼ਨ ਪਾਲ ਦਾ ਕਹਿਣਾ ਹੈ ਕਿ ਕਿਸਾਨ ਦਿੱਲੀ ਵਿਚ ਫ਼ੈਸਲਾਕੁੰਨ ਲੜਾਈ ਲੜਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਾਂ ਗ੍ਹਿ ਮੰਤਰੀ ਵੱਲੋਂ ਅਜੇ ਤਕ ਲਿਖਤੀ ਸੁਨੇਹਾ ਨਹੀਂ ਮਿਲਿਆ। ਲਿਖਤੀ ਅਤੇ ਸ਼ਰਤਾਂ ਰਹਿਤ ਸੁਨੇਹਾ ਮਿਲਣ ਤੋਂ ਬਾਅਦ ਹੀ ਕਿਸਾਨ ਗੱਲਬਾਤ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਕਦੇ ਵੀ ਗੱਲਬਾਤ ਤੋਂ ਪਿੱਛੇ ਨਹੀਂ ਹਟੇ।

ਟਰਾਂਸਪੋਰਟ ਯੂਨੀਅਨਾਂ ਵੀ ਹੱਕ ਚ ਨਿੱਤਰੀਆਂ

ਦਿੱਲੀ ਦੀਆਂ ਟੈਕਸੀਆਂ ਅਤੇ ਟਰੱਕ ਯੂਨੀਅਨਾਂ ਨੇ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਹੈ। ਟੈਕਸੀ ਚਾਲਕਾਂ ਅਤੇ ਟਰੱਕ ਯੂਨੀਅਨਾਂ ਦੇ ਆਗੂਆਂ ਨੇ ਕਿਸਾਨਾਂ ਨੂੰ ਸਮਰਥਨ ਦਿੰਦਿਆਂ ਕਿਹਾ ਕਿ ਆਮ ਲੋਕਾਂ ਲਈ ਟੈਕਸੀ ਦੀ ਸਰਵਿਸ ਬੰਦ ਕਰ ਦਿਆਂਗੇ ਅਤੇ ਕਿਸਾਨਾਂ ਲਈ 24 ਘੰਟੇ ਸੇਵਾਵਾਂ ਜਾਰੀ ਰਹਿਣਗੀਆਂ। ਟੈਕਸੀ ਚਾਲਕਾਂ ਦੇ ਇਸ ਫ਼ੈਸਲੇ ਨਾਲ ਕੇਂਦਰ ਸਰਕਾਰ ਤੇ ਜਿੱਥੇ ਦਬਾਅ ਵੱਧ ਜਾਵੇਗਾ ਉੱਥੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

ਕਿਸਾਨਾਂ ਨੇ ਗੁਰਪੁਰਬ ਮਨਾਇਆ

ਟਿਕਰੀ, ਕੁੰਡਲੀ ਅਤੇ ਬੁਰਾੜੀ ਚ ਬੈਠੇ ਕਿਸਾਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੇ ਸਬੰਧ ਵਿਚ ਪਾਠ ਤੇ ਕੀਰਤਨ ਕੀਤਾ। ਕਿਸਾਨਾਂ ਨੇ ਦੱਸਿਆ ਕਿ ਕੀਰਤਨ ਦੀ ਸਮਾਪਤੀ ਅਤੇ ਅਰਦਾਸ ਕਰਨ ਤੋਂ ਬਾਅਦ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ। ਕਿਸਾਨਾਂ ਨੇ ਬੈਰੀਕੇਡ ਤੋਂ ਪਰਲੇ ਪਾਸੇ ਖੜ੍ਹੇ ਪੁਲਿਸ ਤੇ ਸੁਰੱਖਿਆ ਮੁਲਾਜ਼ਮਾਂ ਨੂੰ ਪ੍ਰਸ਼ਾਦ ਲੈਣ ਲਈ ਇਕ ਜਾਂ ਦੋ ਪੁਲਿਸ ਮੁਲਾਜ਼ਮ ਭੇਜਣ ਦੀ ਅਨਾਉਂਸਮੈਂਟ ਕੀਤੀ, ਪਰ ਸੁਰੱਖਿਆ ਮੁਲਾਜ਼ਮਾਂ ਨੇ ਕਿਸਾਨਾਂ ਤੋਂ ਪ੍ਰਸ਼ਾਦ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੂੰ ਆਗਿਆ ਨਹੀਂ ਹੈ, ਪਰ ਮੀਡੀਆ ਵੱਲੋਂ ਪ੍ਰਸ਼ਾਦ ਨਾ ਲੈਣ ਬਾਰੇ ਸਵਾਲ ਕਰਨ ਤੋਂ ਬਾਅਦ ਹੀ ਸੁਰੱਖਿਆ ਮੁਲਾਜ਼ਮ ਪ੍ਰਸ਼ਾਦ ਲੈਣ ਲਈ ਅੱਗੇ ਆ ਗਏ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran