ਵੱਡੀ ਗਿਣਤੀ ਕਿਸਾਨਾਂ ਨੇ ਦਿੱਲੀ ਜਾਣ ਲਈ ਤਿਆਰੀ ਖਿੱਚੀ

January 30 2021

ਇੱਥੇ ਪਿੰਡ ਚੱਕ ਸਿੰਘਾ ਦੇ ਗੁਰਦੁਆਰਾ ਵਿਖੇ ਇਲਾਕੇ ਦੇ ਵੱਖ ਵੱਖ ਕਿਸਾਨਾਂ ਦੀ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਹਿੰਮਤ ਸਿੰਘ ਚੱਕ ਸਿੰਘਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਸਬੰਧੀ ਆਗੂਆਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਵਿੱਚ ਛੱਬੀ ਜਨਵਰੀ ਤੋਂ ਬਾਅਦ ਦੀਆਂ ਘਟਨਾਵਾਂ ਤੇ ਵਿਸਤਾਰ ਨਾਲ ਚਰਚਾ ਕਰਦਿਆਂ ਕੇਂਦਰ ਸਰਕਾਰ ਦੁਆਰਾ ਸੰਘਰਸ਼ ਨੂੰ ਕੋਝੀਆਂ ਚਾਲਾਂ ਨਾਲ ਖਤਮ ਕਰਨ ਦੇ ਮਨਸੂਬਿਆਂ ਖਿਲਾਫ਼ ਡਟ ਕੇ ਸੰਘਰਸ਼ ਕਰਨ ਤੇ ਵੱਡੀ ਗਿਣਤੀ ਚ ਦਿੱਲੀ ਨੁੂੰ ਚਾਲੇ ਪਾਏ ਜਾਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿਚ ਸਤਨਾਮ ਸਿੰਘ, ਸੰਤੋਖ ਸਿੰਘ, ਤੀਰਥ ਸਿੰਘ, ਮਨਜੀਤ ਸਿੰਘ, ਗਿਆਨ ਸਿੰਘ, ਰਜਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਜ਼ਿਲ੍ਹੇ ਦੇ ਕਈ ਪਿੰਡਾਂ ਦੇ ਨੌਜਵਾਨਾਂ ਨੇ ਦਿੱਲੀ ਦੇ ਬਾਰਡਰਾਂ ਤੇ ਅੰਦੋਲਨ ਕਰਦੇ ਕਿਸਾਨ ਧਿਰਾਂ ਦੇ ਸਮਰਥਨ ਵਿੱਚ ਕਿਸਾਨਾਂ ਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਗਰਮੀਆਂ ਚਾਲੂ ਰੱਖੀਆਂ ਹੋਈਆਂ ਹਨ| ਪਿਛਲੇ ਤਿੰਨ ਦਿਨਾਂ ਤੋਂ ਪਿੰਡ ਕੈਰੋਂ ਦੀ ਬਾਬਾ ਬਸਤਾ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਜੰਟ ਸਿੰਘ ਦੀ ਅਗਵਾਈ ਵਿੱਚ ਪਿੰਡਾਂ ਅੰਦਰ ਕੇਂਦਰ ਸਰਕਾਰ ਖਿਲਾਫ਼ ਸ਼ੁਰੂ ਕੀਤੀ ਟਰੈਕਟਰ ਮਾਰਚ ਤਹਿਤ ਅੱਜ ਨੌਜਵਾਨਾਂ ਨੇ ਕੈਰੋਂ ਪਿੰਡ ਤੋਂ ਮਾਰਚ ਸ਼ੁਰੂ ਕਰਕੇ ਲੌਹੁਕਾ, ਜੌੜਾ, ਤਖਤੁਚੱਕ, ਸਖੀਰਾ, ਮਾਨੋਚਾਹਲ ਕਲਾਂ, ਸ਼ਾਹਬਾਜ਼ਪੁਰ ਆਦਿ ਤੱਕ ਜਾ ਕੇ ਕਿਸਾਨ ਅੰਦੋਲਨ ਨੂੰ ਪਹਿਲਾਂ ਦੀ ਤਰ੍ਹਾਂ ਹੀ ਸਮਰਥਨ ਦਿੰਦੇ ਰਹਿਣ ਦੀ ਅਪੀਲ ਕੀਤੀ।

ਕਿਸਾਨਾਂ ਦੀ ਪਿੱਠ ’ਤੇ ਆਏ ਖ਼ਾਲੜਾ ਮਿਸ਼ਨ ਤੇ ਮਨੁੱਖੀ ਅਧਿਕਾਰ ਸੰਗਠਨ

ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਜਲੰਧਰ ’ਚ ਕਿਸਾਨਾਂ ਦੇ ਹੱਕ ’ਚ ਪੈ੍ਸ ਕਾਨਫਰੰਸ ਕਰਕੇ ਦਿੱਲੀ ਚੱਲਣ ਦਾ ਹੋਕਾ ਦਿੰਦੇ ਹੋਏ। ਇਸ ਮੌਕੇ ਸ੍ਰੀ ਬੈਂਸ ਨੇ ‘ਦਿੱਲੀ ਚੱਲੋ-ਮੋਰਚਾ ਮੱਲੋ’ ਮੁਹਿੰਮ ਤਹਿਤ ਪੰਜਾਬ ਤੋਂ ਪਾਰਟੀ ਕਾਰਕੁਨਾਂ ਦੇ ਦਿੱਲੀ ਚੱਲਣ ਦੇ ਪ੍ਰੋਗਰਾਮ ਦਾ ਖੁਲਾਸਾ ਕੀਤਾ।

ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਕਿਹਾ ਹੈ ਕਿ ਭਾਜਪਾ ਸਰਕਾਰ ਨੇ ਸ਼ਾਂਤਮਈ ਕਿਸਾਨ ਮੋਰਚੇ ਦੀ ਸਫਲਤਾ ਅਤੇ ਦਿੱਲੀ ਦੇ ਲੋਕਾਂ ਵਲੋਂ ਕਿਸਾਨਾਂ ਦਾ ਸਵਾਗਤ ਕੀਤੇ ਜਾਣ ਤੋਂ ਘਬਰਾ ਕੇ ਮੋਰਚੇ ਨੂੰ ਫੇਲ੍ਹ ਕਰਨ ਲਈ ਤਸ਼ੱਦਦ ਕਰਨ ’ਤੇ ਉਤਰ ਆਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਾਣ ਬੁੱਝ ਕੇ ਤਿਰੰਗੇ ਦਾ ਅਪਮਾਨ ਕਰਨ ਤੇ ਕੇਸਰੀ ਝੰਡਾ ਝੁਲਾਉਣ ਖਿਲਾਫ ਕੂੜ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਉਪਰ ਦਰਜ ਕੀਤੇ ਪਰਚੇ ਰੱਦ ਕਰਕੇ ਕਿਸਾਨਾਂ ਨਾਲ ਗੱਲਬਾਤ ਕਰੇ ਅਤੇ ਕਾਲੇ ਕਾਨੂੰਨ ਰੱਦ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਹਾਕਮਾਂ ਵਲੋਂ ਸੰਵਿਧਾਨ, ਕਾਨੂੰਨ ਦੀ ਪਾਲਣਾ ਕੀਤੀ ਹੁੰਦੀ ਤਾਂ ਦੇਸ਼ ਦੀ ਲੋਕਾਈ ਦਾ ਅੱਜ ਇਹ ਹਾਲ ਨਾ ਹੁੰਦਾ।

ਵਕੀਲਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਹੜਤਾਲ

ਕਸਬੇ ਵਿੱਚ ਵਕੀਲਾਂ ਦੀ ਬਾਰ ਐਸੋਸੀਏਸਨ ਨੇ ਕਿਸਾਨਾਂ ਦੇ ਹੱਕ ਵਿੱਚ ਤੇ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਗੁੰਮਰਾਹਕੁਨ ਪ੍ਰਚਾਰ ਵਿਰੁੱਧ ਇਕ ਦਿਨ ਲਈ ਸਿਵਲ ਤੇ ਕਾਰਜਕਾਰੀ ਅਦਾਲਤਾਂ ਦਾ ਬਾਈਕਾਟ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ ਸਹਿਗਲ ਨੇ ਦੱਸਿਆ ਕਿ 26 ਜਨਵਰੀ ਵਾਲੇ ਦਿਨ ਕੇਂਦਰੀ ਸਰਕਾਰ ਵੱਲੋਂ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਨੂੰ ਖਤਮ ਤੇ ਬਦਨਾਮ ਕਰਨ ਲਈ ਜੋ ਗੈਰ ਕਾਨੂੰਨੀ ਹੱਥਕੰਡੇ ਅਪਣਾਏ ਗਏ ਉਸ ਦੀ ਬਾਰ ਐਸੋਸੀਏਸ਼ਨ ਘੋਰ ਨਿੰਦਾ ਕਰਦੀ ਹੈ। ਉਨ੍ਹਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਵੀ ਕੀਤੀ। ਅੱਜ ਦੀ ਮੀਟਿੰਗ ਵਿੱਚ ਐਡਵੋਕੇਟ ਮੋਹਿਤ ਕਪੂਰ, ਸੁਖਦੇਵ ਸਿੰਘ, ਸ਼ਮਸ਼ੇਰ ਸਿੰਘ, ਬਲਵੀਰ ਸਿੰਘ, ਕੋਮਲ ਚੀਮਾ, ਪੰਥਜੀਤ ਸਿੰਘ ਪੱਡਾ, ਮਨਦੀਪ ਸਿੰਘ, ਸਤਪਾਲ ਵਧਾਵਨ ਤੇ ਹੋਰ ਹਾਜ਼ਰ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune