ਵਰ੍ਹਦੇ ਮੀਂਹ ’ਚ ਵੀ ਡਟੇ ਰਹੇ ਕਿਸਾਨ

May 14 2021

ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਇੱਥੇ ਰੇਲਵੇ ਸਟੇਸ਼ਨ ਵਿੱਚ ਡਟੇ ਕਿਸਾਨਾਂ ਦਾ ਰੋਹ ਅੱਜ 225ਵੇਂ ਦਿਨ ਖ਼ਰਾਬ ਮੌਸਮ ਤੇ ਮੀਂਹ ਵੀ ਨਾ ਠਾਰ ਸਕਿਆ। ਇੱਥੇ ਧਰਨਾ ਬੁੁਲੰਦ ਹੌਂਸਲੇ ਨਾਲ ਜਾਰੀ ਰਿਹਾ ਅਤੇ ਅੱਜ ਕਰੋਨਾ ਪ੍ਰਬੰਧਨ ਬਾਰੇ ਸਰਕਾਰਾਂ ਦੀ ਨਾਕਾਮੀ ਦਾ ਮੁੱਦਾ ਭਾਰੂ ਰਿਹਾ।

ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਬਾਬੂ ਸਿੰਘ ਖੁੱਡੀ ਕਲਾਂ, ਦਰਸ਼ਨ ਸਿੰਘ ਉਗੋਕੇ, ਗੁੁਰਦੇਵ ਮਾਂਗੇਵਾਲ, ਮਨਜੀਤ ਰਾਜ, ਹਰਚਰਨ ਚੰਨਾ, ਗੁੁਰਚਰਨ ਭੋਤਨਾ, ਬਲਜੀਤ ਚੌਹਾਨਕੇ, ਅਮਰਜੀਤ ਕੌਰ ਤੇ ਬਿੱਕਰ ਸਿੰਘ ਔਲਖ ਨੇ ਸੰਬੋਧਨ ਕੀਤਾ। ਬੁੁਲਾਰਿਆਂ ਨੇ ਕਿਹਾ ਕਿ ਸਿਹਤ ਸਹੂਲਤਾਂ ਦੀ ਘਾਟ ਨੇ ਸਰਕਾਰਾਂ ਦੇ ਲੋਕ-ਵਿਰੋਧੀ ਚਿਹਰੇ ਨੂੰ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਸਰਕਾਰਾਂ ਨੂੰ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਕੋਈ ਸਰੋਕਾਰ ਨਹੀਂ। ਸਰਕਾਰਾਂ ਸਿਰਫ਼ ਚੰਦ ਕੁੁ ਚਹੇਤੇ ਕਾਰਪੋਰੇਟਸ ਦੇ ਹਿੱਤਾਂ ਦੀ ਰਾਖੀ ਕਰ ਰਹੀਆਂ ਹਨ। ਆਮ ਲੋਕਾਂ ਨੂੰ ਆਪਣੀ ਰਾਖੀ ਆਪ ਕਰਨੀ ਪੈਣੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦਾ ਅੜੀਅਲ ਵਤੀਰਾ ਸਾਡੇ ਇਰਾਦੇ ਨੂੰ ਹੋਰ ਮਜਬੂਤੀ ਬਖਸ਼ ਰਿਹਾ ਹੈ। ਸਰਕਾਰ ਇਖਲਾਕੀ ਤੌਰ ’ਤੇ ਹਾਰ ਚੁੱਕੀ ਹੈ ਅਤੇ ਕਾਲੇ ਖੇਤੀ ਕਾਨੂੰਨਾਂ ਬਾਰੇ ਉਠਾਏ ਸਵਾਲਾਂ ਦਾ ਸਰਕਾਰ ਕੋਲ ਕੋਈ ਜਵਾਬ ਨਹੀਂ| ਇਸ ਦੌਰਾਨ ਗੁੁਰਚਰਨ ਸਿੰਘ ਭੋਤਨਾ ਤੇ ਭੋਲਾ ਸਿੰਘ ਨੇ ਗੀਤ ਸੁੁਣਾਏ।

ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਰੇਲਵੇ ਦੀ ਪਾਰਕਿੰਗ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪੈਟਰੋਲ ਪੰਪ ’ਤੇ ਲਾਇਆ ਧਰਨਾ ਅੱਜ ਵੀ ਜਾਰੀ ਰਿਹਾ। ਕਿਸਾਨਾਂ-ਮਜ਼ਦੂਰਾਂ ਨੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅੱਜ ਦੋਵੇਂ ਥਾਈਂ ਚੱਲ ਰਹੇ ਧਰਨਿਆਂ ਨੂੰ ਰਾਮਫਲ ਸਿੰਘ ਬਹਾਦਰਪੁਰ, ਸ਼ੇਰ ਸਿੰਘ ਧੰਨਪੁਰਾ, ਰਾਵੀ ਕੌਰ ਬਹਾਦਰਪੁਰ, ਸੁਰਜੀਤ ਕੌਰ ਕਿਸ਼ਨਗੜ੍ਹ, ਚਰਨਜੀਤ ਕੌਰ ਧੰਨਪੁਰਾ, ਬਲਜੀਤ ਕੌਰ ਧੰਨਪੁਰਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਭੀਮ ਸਿੰਘ ਮੰਡੇਰ, ਅਮਰਜੀਤ ਕੌਰ ਬਹਾਦਰਪੁਰ, ਗੁਰਦੀਪ ਕੌਰ ਬਰੇਟਾ ਅਤੇ ਦਸੌਂਦਾ ਸਿੰਘ ਬਹਾਦਰਪੁਰ ਨੇ ਸੰਬੋਧਨ ਕੀਤਾ।

ਉਗਰਾਹਾਂ ਧੜੇ ਵੱਲੋਂ ਦਿੱਲੀ ਮੋਰਚੇ ਲਈ ਲਾਮਬੰਦੀ

ਬੀਕੇਯੂ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਇਲਾਕੇ ਦੇ ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਨੂੰ ਅਪੀਲ ਕੀਤੀ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਬਾਰਡਰ ਨੇੜੇ ਪਕੌੜਾ ਚੌਕ ਵਿੱਚ ਲੱਗੇ ਮੋਰਚੇ ਵਿੱਚ ਸ਼ਾਮਲ ਹੋਣ। ਉਹ ਮਾਨਸਾ ਨੇੜਲੇ ਪਿੰਡ ਕੋਟਲੱਲੂ ਵਿੱਚ ਕੀਤੀ ਰੈਲੀ ਦੌਰਾਨ ਸੰਬੋਧਨ ਕਰ ਰਹੇ ਸਨ। ਜਥੇਬੰਦੀ ਨੇ ਅੱਜ ਪਿੰਡ ਦਲੇਲ ਸਿੰਘ ਵਾਲਾ, ਰਾਮਾਨੰਦੀ ਅਤੇ ਭੰਮੇ ਕਲਾਂ ਵਿੱਚ ਵੀ ਰੈਲੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਕਿਸਾਨ ਮੋਰਚਾ ਖੇਤੀ ਕਾਨੂੰਨਾਂ ਦੇ ਖਾਤਮੇ ਤੱਕ ਚੱਲਦਾ ਰਹੇਗਾ। ਇਸ ਮੌਕੇ ਮਲਕੀਤ ਸਿੰਘ, ਲੀਲੂ ਸਿੰਘ, ਉਤਮ ਸਿੰਘ ਰਾਮਾਂਨੰਦੀ ਨੇ ਵੀ ਸੰਬੋਧਨ ਕੀਤਾ।

ਬਲਾਕ ਝੁਨੀਰ ਦੇ ਪਿੰਡ ਭੰਮੇ ਕਲਾਂ ਵਿੱਚ ਕਿਸਾਨਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਕੇਯੂ (ਉਗਰਾਹਾਂ) ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਹਾਲੇ ਤੱਕ ਕਣਕ ਦੀ ਅਦਾਇਗੀ ਨਾ ਕਰਨ ਅਤੇ ਕਰੋਨਾ ਨਾਲ ਨਜਿੱਠਣ ਲਈ ਢਿੱਲੇ ਪ੍ਰਬੰਧਾਂ ਦੀ ਨਿਖੇਧੀ ਕੀਤੀ। ਇਸ ਮੌਕੇ ਬਲਾਕ ਪ੍ਰਧਾਨ ਮਲਕੀਤ ਸਿੰਘ ਕੋਟਧਰਮੂ, ਉੱਤਮ ਸਿੰਘ ਰਾਮਾਨੰਦੀ, ਲੀਲਾ ਸਿੰਘ ਭੰਮਾ, ਰਾਣੀ ਕੌਰ, ਸੁਖਵਿੰਦਰ ਕੌਰ ਰਾਮਾਨੰਦੀ, ਪਿਆਰਾ ਸਿੰਘ, ਰਾਜਵਿੰਦਰ ਕੌਰ ਅਤੇ ਸਰਬਜੀਤ ਕੌਰ ਨੇ ਵੀ ਸੰਬੋਧਨ ਕੀਤਾ।

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਨੇ ਦੱਸਿਆ ਕਿ 14 ਮਈ ਨੂੰ ਪੰਜਾਬ ਦੇ ਮਾਲਵੇ ਦੇ 3 ਜ਼ਿਲ੍ਹਿਆਂ ਫਿਰੋਜ਼ਪੁਰ, ਮੋਗਾ, ਬਠਿੰਡਾ ਤੋ ਕਿਸਾਨਾਂ ਦੇ ਵੱਡੇ ਕਾਫ਼ਲੇ ਸਿੰਘੂ ਮੋਰਚੇ ਲਈ ਰਵਾਨਾ ਹੋਣਗੇ। ਜਰਨਲ ਸਕੱਤਰ ਨੇ ਦੱਸਿਆ 20 ਮਈ ਨੂੰ ਗੁਰਦਾਸਪੁਰ, ਪਟਿਆਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ ਦੇ ਕਿਸਾਨ ਮੋਰਚੇ ਵਿਚ ਪਹੁੰਚਣਗੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune