ਰੁੱਖਾਂ ਦੀ ਦੇਖਭਾਲ ਨੂੰ ਲੈ ਕੇ ਵਣ ਵਿਭਾਗ ਅਤੇ ਰੁੱਖਾਂ ਦੇ ਰਾਖੇ ਆਹਮੋ-ਸਾਹਮਣੇ

May 27 2021

ਫਰੀਦਕੋਟ ਸ਼ਹਿਰ ਅਤੇ ਆਸ ਪਾਸ ਦੇ ਇਲਾਕੇ ਵਿਚ ਜ਼ਿਆਦਤਰ ਦਰਖ਼ਤ ਹੋਣ ਕਾਰਨ ਇਸ ਸ਼ਹਿਰ ਦੀ ਆਬੋ ਹਵਾ ਪੰਜਾਬ ਦੇ ਬਾਕੀ ਸ਼ਹਿਰਾਂ ਨਾਲੋਂ ਕਾਫੀ ਚੰਗੀ ਹੈ ਅਤੇ ਇਸ ਦਾ ਸਿਹਰਾ ਇਥੋਂ ਦੀਆਂ ਉਹਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਜਾਂਦਾ ਜੋ ਸਮੇਂ ਸਮੇਂ ਤੇ ਸ਼ਹਿਰ ਅਤੇ ਇਸ ਦੇ ਆਲੇ ਦੁਆਲੇ ਹਰ ਖੁਸੀ ਗਮੀਂ ਦੇ ਵੇਲੇ ਪੌਦੇ ਲਗਾ ਕੇ ਉਹਨਾਂ ਨੂੰ ਪਾਲਦੇ ਹਨ ਅਤੇ ਰੁੱਖ ਬਣਨ ਤੱਕ ਉਹਨਾਂ ਦੀ ਨਿਰਸੁਆਰਥ ਸੇਵਾ ਕਰਦੇ ਹਨ। ਇਸੇ ਲਈ ਉਹਨਾਂ ਨੂੰ ਸ਼ਹਿਰ ਵਿਚ ਸਤਿਕਾਰਿਆ ਵੀ ਜਾਂਦਾ।

ਪਰ ਬੀਤੇ ਕੁਝ ਦਿਨਾਂ ਤੋਂ ਸ਼ਹਿਰ ਅੰਦਰ ਪੰਛੀਆਂ ਅਤੇ ਰੁੱਖਾਂ ਦੀ ਸਾਂਭ ਸੰਭਾਲ ਵਿਚ ਲੱਗੀ ਸੰਸਥਾ ਬੀੜ ਸੁਸਾਇਟੀ ਦੇ ਪ੍ਰਮੁੱਖ ਗੁਰਪ੍ਰੀਤ ਸਿੰਘ ਵੱਲੋਂ ਸ਼ਹਿਰ ਵਿਚ ਰੁੱਖਾਂ ਦੀ ਹੋ ਰਹੀ ਕਟਾਈ ਅਤੇ ਇਹਨਾਂ ਰੁੱਖਾਂ ਨੂੰ ਲਗਾਉਣ ਵਾਲੇ ਵਣ ਵਿਭਾਗ ਦੀ ਇਹਨਾਂ ਪ੍ਰਤੀ ਵਰਤੀ ਜਾ ਰਹੀ ਕਥਿਤ ਅਣਗਹਿਲੀ ਕਾਰਨ ਦਾ ਮੁੱਦਾ ਉਠਾਇਆ ਜਾ ਰਿਹਾ ਅਤੇ ਵਣ ਵਿਭਾਗ ਫਰੀਦਕੋਟ ਦੇ ਅਧਿਕਾਰੀਆਂ ਤੇ ਵੱਡੇ ਸਵਾਲ ਉਠਾਏ ਜਾ ਰਹੇ ਹਨ। ਜਿਥੇ ਉਹਨਾਂ ਵੱਲੋਂ ਵਿਭਾਗ ਤੇ ਪਲਾਂਟੇਸ਼ਨ ਲਈ ਆਏ ਪੈਸੇ ਦੀ ਕਥਿਤ ਦੁਰਵਰਤੋਂ ਦੇ ਇਲਜਾਮ ਲਗਾਏ ਜਾ ਰਹੇ ਹਨ ਉਥੇ ਹੀ ਲਗਾਏ ਗਏ ਪੌਦਿਆ ਦੀ ਸਹੀ ਦੇਖਭਾਲ ਨਾ ਕਰਨ ਲਈ ਵੀ ਉਹਨਾਂ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ।

ਉਧਰ ਦੂਸਰੇ ਪਾਸੇ ਵਣ ਵਿਭਾਗ ਵੱਲੋਂ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਪਲਾਂਟੇਸਨ ਵਧੀਆ ਤਰੀਕੇ ਨਾਲ ਚੱਲਣ ਦੀ ਗੱਲ ਕਹੀ ਜਾ ਰਹੀ। ਇਸ ਮੌਕੇ ਗੱਲਬਾਤ ਕਰਦਿਆ ਬੀੜ ਸੁਸਾਇਟੀ ਦੇ ਪ੍ਰਮੁੱਖ ਗੁਰਪ੍ਰੀਤ ਸਿੰਘ ਅਤੇ ਸ਼ਹਿਰ ਵਾਸੀ ਗੁਰਬਿੰਦਰ ਸਿੰਘ ਨੇ ਕਿਹਾ ਕਿ ਫਰੀਦਕੋਟ ਵਿਚੋਂ ਲੰਘਦੀ ਰਾਜਸਥਾਨ ਨਹਿਰ ਦੀ ਪਟੜੀ ਤੇ ਗਰਨਿ ਬੇਲਟ ਡਿਵੈਲਪ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਪੌਦੇ ਲਗਾਉਣ ਲਈ ਕੁਝ ਸਾਲ ਪਹਿਲਾਂ ਵਣ ਵਿਭਾਗ ਨੂੰ ਫੰਡ ਦਿੱਤੇ ਗਏ ਸਨ।

ਜਿਸ ਤਹਿਤ ਨਹਿਰ ਦੀ ਪਟੜੀ ਦੇ ਨਾਲ ਨਾਲ ਹਜਾਰਾਂ ਦੀ ਗਿਣਤੀ ਵਿਚ ਪੌਦੇ ਲਗਾਏ ਜਾਣੇ ਸਨ ਪਰ ਵਿਭਾਗੀ ਅਧਿਕਾਰੀਆ ਵੱਲੋਂ ਇਹਨਾਂ ਪੌਦਿਆ ਦੀ ਲਵਾਈ ਵਿਚ ਵੱਡੀ ਕੁਤਾਹੀ ਵਰਤੀ ਗਈ ਅਤੇ ਜਿਥੇ ਪੌਦੇ ਲਗਾਏ ਗਏ ਉਥੇ ਟੋਏ ਤਾਂ ਪੁੱਟੇ ਗਏ ਪਰ ਪੌਦੇ ਨਿਰਧਾਰਿਤ ਮਾਤਰਾ ਵਿਚ ਨਹੀਂ ਲਗਾਏ ਗਏ।

ਉਹਨਾਂ ਪੌਦਿਆ ਦੇ ਖਾਲੀ ਪਏ ਸਥਾਨ ਦਿਖਾਉਂਦਿਆ ਕਿਹਾ ਕਿ ਵਿਭਾਗੀ ਅਧਿਕਾਰੀਆ ਨੇ ਪੌਦੇ ਲਗਾਉਣ ਦੇ ਨਾਮ ਤੇ ਫੰਡਾਂ ਵਿਚ ਵੱਡੀ ਹੇਰਾ ਫੇਰੀ ਕੀਤੀ ਹੈ। ਉਹਨਾਂ ਹੋਰ ਦੋਸ਼ ਲਗਾਉਂਦਿਆਂ ਕਿਹਾ ਕਿ ਜੋ ਪੌਦੇ ਲਗਾਏ ਗਏ ਹਨ ਉਹਨਾਂ ਦੀ ਵੀ ਧੜੱਲੇ ਨਾਲ ਕਥਿਤ ਨਜ਼ਾਇਜ ਕਟਾਈ ਕੀਤੀ ਜਾ ਰਹੀ ਹੈ ਜਿਸ ਦਾ ਸਬੂਤ ਥਾਂ ਥਾਂ ਤੋਂ ਕੱਟੇ ਹੋਏ ਦਰੱਖਤਾਂ ਦੀਆਂ ਜੜਾਂ ਹਨ।

ਉਹਨਾਂ ਕਿਹਾ ਕਿ ਵਿਭਾਗੀ ਅਧਿਕਾਰੀਆ ਦੀ ਕਥਿਤ ਮਿਲੀ ਭੁਗਤ ਨਾਲ ਦਰੱਖਤਾਂ ਦੀ ਨਜਾਇਜ ਕਟਾਈ ਸ਼ਰੇਆਮ ਹੋ ਰਹੀ ਹੈ ਅਤੇ ਸਰਕਾਰੀ ਖਜਾਨੇ ਨੂੰ ਚੂਨਾਂ ਲਗਾਇਆ ਜਾ ਰਿਹਾ। ਉਹਨਾਂ ਇਸ ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕਰਦਿਆ ਕਿਹਾ ਕਿ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਵਾਤਾਵਰਨ ਦੀ ਸ਼ੁਧਤਾ ਲਈ ਲਗਾਏ ਗਏ ਪੌਦਿਆ ਦੀ ਸਹੀ ਦੇਖਭਾਲ ਹੋ ਸਕੇ।

ਇਸ ਪੂਰੇ ਮਾਮਲੇ ਬਾਰੇ ਜਦ ਜਿਲ੍ਹਾ ਵਣ ਰੇਂਜ ਅਫਸਰ ਤੇਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਏ ਪ੍ਰੋਜੈਕਟ ਦੇ ਤਹਿਤ ਫਰੀਦਕੋਟ ਜਿਲ੍ਹੇ ਦੀ ਹਦੂਦ ਅੰਦਰ ਨਹਿਰ ਦੀ ਪਟੜੀ ਦੇ ਨਾਲ ਨਾਲ ਕਰੀਬ 1 ਲੱਖ ਪੌਦਾ ਲਗਾਇਆ ਗਿਆ ਹੈ ਜੋ ਬਹੁਤ ਵਧੀਆ ਢੰਗ ਨਾਲ ਚੱਲ ਰਹੇ ਹਨ  ਅਤੇ ਉਹਨਾਂ ਦੀ ਵਿਭਾਗ ਵੱਲੋਂ ਵਧੀਆ ਦੇਖ ਭਾਲ ਕੀਤੀ ਜਾ ਰਹੀ ਹੈ।

ਫਰੀਦਕੋਟ ਸ਼ਹਿਰ ਦੇ ਨੇੜਿਓ ਦਰੱਖਤਾਂ ਦੀ ਹੋ ਰਹੀ ਨਜਾਇਜ਼ ਕਟਾਈ ਅਤੇ ਕਈ ਥਾਂਵਾਂ ਤੋਂ ਦਰੱਖਤ ਗਾਇਬ ਹੋਣ ਦੇ ਸਵਾਲ ਤੇ ਉਹਨਾਂ ਕਿਹਾ ਕਿ ਅਬਾਦੀ ਦੇ ਨੇੜੇ ਵਾਲੇ ਏਰੀਏ ਵਿਚ ਦਰੱਖਤਾਂ ਦਾ ਉਜਾੜਾ ਹੋ ਜਾਂਦਾ ਜੋ ਔਰਤਾਂ ਸੁੱਕਾ ਬਾਲਣ ਵਗੈਰਾ ਚੁਗਣ ਆਉਂਦੀਆਂ ਉਹ ਨੁਕਸਾਨ ਕਰ ਜਾਂਦੀਆਂ , ਪਰ ਜੋ ਦਰੱਖਤ ਨਹੀਂ ਚੱਲੇ ਉਸ ਲਈ ਪਹਿਲਾ ਹੀ ਅਸੀਂ 10 ਪ੍ਰਤੀਸ਼ਤ ਜਿਆਦਾ ਮਾਤਰਾ ਵਿਚ ਪਲਾਂਟੇਸਨ ਕਰਦੇ ਹਾਂ ਤਾਂ ਜੋ ਸਹੀ ਟੀਚਾ ਪੂਰਾ ਹੋ ਸਕੇ। ਉਹਨਾਂ ਕਿਹਾ ਕਿ ਜੋ ਵੀ ਲੋਕਾਂ ਵੱਲੋਂ ਉਹਨਾਂ ਉਪਰ ਇਲਜਾਮ ਲਗਾਏ ਜਾ ਰਹੇ ਹਨ ਉਹ ਝੂਠੇ ਤੇ ਬੇਬੁਨਿਆਦ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman