ਰੁੱਖ ਲਾ ਕੇ ਵਧਾਈਏ ਆਕਸੀਜਨ ਦਾ ਮਿਆਰ

June 08 2021

ਕੋਰੋਨਾ ਕਾਲ ਦੌਰਾਨ ਜੋ ਸਾਨੂੰ ਆਕਸੀਜਨ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਦੇ ਜ਼ਿੰਮੇਵਾਰ ਅਸੀਂ ਖ਼ੁਦ ਹੀ ਹਾਂ। ਵਿਕਾਸ ਦੇ ਨਾਂ ’ਤੇ ਅਸੀਂ ਮਨੁੱਖਾਂ ਨੇ ਜੰਗਲਾਂ ਨੂੰ ਕੱਟ ਕੇ ਆਪਣਾ ਨਿਵਾਸ ਬਣਾ ਲਿਆ, ਵੱਡੀਆਂ-ਵੱਡੀਆਂ ਇਮਾਰਤਾਂ, ਕਾਰਖਾਨੇ ਅਤੇ ਉਦਯੋਗ ਸਥਾਪਿਤ ਕਰ ਲਏ। ਅਜਿਹਾ ਕਰਨ ਨਾਲ ਜਿੱਥੇ ਹਵਾ ਵਿਚ ਆਕਸੀਜਨ ਦੀ ਮਿਕਦਾਰ ਵਿਚ ਬਹੁਤ ਘਾਟ ਆਈ, ਉੱਥੇ ਹੀ ਕਈ ਜ਼ਹਿਰੀਲੀਆਂ ਗੈਸਾਂ ਦੀ ਵਾਯੂਮੰਡਲ ਵਿਚ ਭਰਮਾਰ ਹੋ ਗਈ। ਸਿੱਟੇ ਵਜੋਂ ਓਜ਼ੋਨ ਪਰਤ ਵਿਚ ਛੇਕ ਹੋ ਗਏ ਅਤੇ ਸੂਰਜ ਦੀਆਂ ਕਿਰਨਾਂ ਸਿੱਧੇ ਤੌਰ ’ਤੇ ਧਰਤੀ ਉੱਤੇ ਪਹੁੰਚਣ ਲੱਗੀਆਂ। ਨਤੀਜੇ ਵਜੋਂ ਕਈ ਤਰ੍ਹਾਂ ਦੇ ਚਮੜੀ ਰੋਗ ਹੋਣ ਲੱਗ ਪਏ। ਦਰੱਖਤ ਸਾਡੇ ਜੀਵਨ ਦਾ ਅਟੁੱਟ ਹਿੱਸਾ ਹਨ। ਇਹ ਜਨਮ ਤੋਂ ਲੈ ਕੇ ਮੌਤ ਤਕ ਸਾਡਾ ਸਾਥ ਨਿਭਾਉਂਦੇ ਹਨ। ਇਹ ਰੋਜ਼ਾਨਾ ਕਈ ਤਰ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ।

ਮਨੁੱਖ ਨੂੰ ਜੀਵਨ ਨਿਰਬਾਹ ਕਰਨ ਲਈ ਤਿੰਨ ਮੁੱਖ ਵਸਤਾਂ ਦੀ ਲੋੜ ਹੁੰਦੀ ਹੈ: ਰੋਟੀ, ਕੱਪੜਾ ਅਤੇ ਮਕਾਨ। ਇਹ ਤਿੰਨੋਂ ਲੋੜੀਂਦੀਆਂ ਚੀਜ਼ਾਂ ਦੀ ਪੂਰਤੀ ਦਰੱਖ਼ਤ ਕਰਦੇ ਹਨ। ਰੁੱਖਾਂ ਤੋਂ ਸਾਨੂੰ ਖਾਣ ਲਈ ਫਲ ਅਤੇ ਸਬਜ਼ੀਆਂ ਮਿਲਦੀਆਂ ਹਨ। ਕੱਪੜੇ ਦੀ ਗੱਲ ਕਰੀਏ ਤਾਂ ਉਹ ਵੀ ਸਾਨੂੰ ਅਸਿੱਧੇ ਰੂਪ ਵਿਚ ਪੌਦਿਆਂ ਤੋਂ ਹੀ ਪ੍ਰਾਪਤ ਹੁੰਦਾ ਹੈ।

ਸੂਤੀ ਕੱਪੜਾ ਕਪਾਹ ਦੇ ਬੂਟੇ ਤੋਂ ਅਤੇ ਰੇਸ਼ਮੀ ਕੱਪੜਾ ਰੇਸ਼ਮ ਦੇ ਕੀੜੇ ਤੋਂ, ਜੋ ਕਿ ਦਰੱਖ਼ਤ (ਸਹਿਤੂਤ) ਉੱਤੇ ਹੀ ਪਲਦਾ ਹੈ, ਤੋਂ ਤਿਆਰ ਕੀਤਾ ਜਾਂਦਾ ਹੈ। ਘਰ ਬਣਾਉਣ ਲਈ ਲੱਕੜ ਬੇਹੱਦ ਜ਼ਰੂਰੀ ਹੈ, ਜੋ ਸਾਨੂੰ ਦਰੱਖ਼ਤਾਂ ਤੋਂ ਹੀ ਪ੍ਰਾਪਤ ਹੁੰਦੀ ਹੈ। ਇਹ ਸਾਨੂੰ ਜਿਊਂਦੇ ਰਹਿਣ ਲਈ ਸ਼ੁੱਧ ਹਵਾ ਪ੍ਰਦਾਨ ਕਰਦੇ ਹਨ।

ਭੁੱਖ ਮਿਟਾਉਣ ਲਈ ਵੀ ਅਸੀਂ ਦਰੱਖਤਾਂ ਉੱਤੇ ਹੀ ਨਿਰਭਰ ਕਰਦੇ ਹਾਂ। ਸਿਰ ਢਕਣ ਲਈ, ਮੀਂਹ-ਹਨੇਰੀ ਤੇ ਝੱਖੜਾਂ ਤੋਂ ਬਚਣ ਲਈ ਛੱਤ ਦਾ ਪ੍ਰਬੰਧ ਕਰਨ ਲਈ ਵੀ ਦਰੱਖ਼ਤ ਹੀ ਸਾਡੇ ਸਹਾਈ ਹੁੰਦੇ ਹਨ। ਇਸ ਤੋਂ ਇਲਾਵਾਂ ਦਰੱਖ਼ਤਾਂ ਤੋਂ ਅਸੀਂ ਰਬੜ ਅਤੇ ਕਾਗ਼ਜ਼ ਬਣਾ ਕੇ ਕਮਾਈ ਕਰਦੇ ਹਾਂ।

ਬਹੁਤ ਸਾਰੇ ਦਰੱਖ਼ਤਾਂ, ਪੌਦਿਆਂ ਅਤੇ ਜੜ੍ਹੀ-ਬੂਟੀਆਂ ਤੋਂ ਦਵਾਈਆਂ ਤਿਆਰ ਹੁੰਦੀਆਂ ਹਨ, ਜੋ ਕਈ ਰੋਗਾਂ ਤੋਂ ਮੁਕਤੀ ਪ੍ਰਾਪਤ ਕਰਨ ਲਈ ਲਾਹੇਵੰਦ ਸਿੱਧ ਹੁੰਦੀਆਂ ਹਨ। ਪੌਦਿਆਂ ਦੇ ਫੁੱਲਾਂ ਦੀ ਸੁਗੰਧ ਵਾਤਾਵਰਨ ਨੂੰ ਮਹਿਕਾ ਦਿੰਦੀ ਹੈ।

ਪਸ਼ੂ-ਪੰਛੀਆਂ ਅਤੇ ਜਾਨਵਰਾਂ ਦਾ ਜੀਵਨ ਵੀ ਇਨ੍ਹਾਂ ਉੱਤੇ ਹੀ ਨਿਰਭਰ ਕਰਦਾ ਹੈ। ਜੰਗਲਾਂ ਦੇ ਦਰੱਖ਼ਤ ਹੜ੍ਹ ਆਉਣ ਤੋਂ ਵੀ ਰੋਕਦੇ ਹਨ। ਇਨ੍ਹਾਂ ਦੀਆਂ ਜੜ੍ਹਾਂ ਤੇ ਘਾਹ ਆਦਿ ਮਿੱਟੀ ਨੂੰ ਜਕੜ ਕੇ ਰੱਖਦੇ ਹਨ, ਜਿਸ ਕਾਰਨ ਭੂ-ਖੋਰ ਨਹੀਂ ਹੁੰਦਾ। ਇੱਥੇ ਹੀ ਬਸ ਨਹੀਂ, ਫੁੱਲਾਂ ਦੇ ਗਲੇ-ਸੜੇ ਪੱਤੇ ਹੇਠਾਂ ਡਿੱਗ ਕੇ ਖਾਦ ਦਾ ਕੰਮ ਕਰਦੇ ਹਨ। ਕੋਲੇ ਤੇ ਬਾਲਣ ਦੀ ਪ੍ਰਾਪਤੀ ਵੀ ਪੌਦਿਆਂ ਤੋਂ ਹੀ ਹੁੰਦੀ ਹੈ।

ਜੋ ਮੁਸੀਬਤ ਹੁਣ ਸਾਨੂੰ ਆਕਸੀਜਨ ਦੀ ਕਮੀ ਕਾਰਨ ਝੱਲਣੀ ਪੈ ਰਹੀ ਹੈ, ਉਹ ਵੀ ਦੂਰ ਹੋ ਸਕਦੀ ਹੈ। ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਭਵਿੱਖ ’ਚ ਅਜਿਹੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਵੱਧ ਤੋਂ ਵੱਧ ਰੁੱਖ ਲਾ ਕੇ ਵਾਯੂਮੰਡਲ ’ਚ ਆਕਸੀਜਨ ਦੇ ਮਿਆਰ ਨੂੰ ਵਧਾ ਸਕਦੇ ਹਾਂ। ਆਓ! ਅਸੀਂ ਸਾਰੇ ਹੰਭਲਾ ਮਾਰੀਏ ਤੇ ਵੱਧ ਤੋਂ ਵੱਧ ਰੁੱਖ ਲਾਉਣ ਦਾ ਉਪਰਾਲਾ ਕਰੀਏ। ਅਜਿਹਾ ਕਰਨਾ ਹੀ ਸਾਡੇ ਸਭ ਦੇ ਹਿੱਤ ’ਚ ਹੋਵੇਗਾ।

ਨਾ ਭੁੱਲੀਏ ਅਹਿਸਾਨ

ਰੁੱਖਾਂ ਦੇ ਸਾਡੇ ਉੱਪਰ ਏਨੇ ਜ਼ਿਆਦਾ ਅਹਿਸਾਨ ਹਨ, ਫਿਰ ਕਿਉਂ ਅਸੀਂ ਇਨ੍ਹਾਂ ਦੀ ਮਹੱਤਤਾ ਨੂੰ ਨਹੀਂ ਸਮਝਦੇ? ਮਰਨ ਉਪਰੰਤ ਸਾਡੀ ਅੰਤਿਮ ਯਾਤਰਾ ਵੀ ਦਰੱਖ਼ਤਾਂ ਤੋਂ ਬਿਨਾਂ ਅਧੂਰੀ ਹੈ। ਰੁੱਖ ਪੂਰੀ ਜ਼ਿੰਦਗੀ ਸਾਡੇ ਲਈ ਸਿੱਧੇ ਜਾਂ ਅਸਿੱਧੇ ਰੂਪ ਵਿਚ ਲਾਭਦਾਇਕ ਸਿੱਧ ਹੁੰਦੇ ਹਨ। ਜੇ ਅਸੀਂ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਦਰੱਖ਼ਤ ਕੱਟਦੇ ਵੀ ਹਾਂ ਤਾਂ ਆਪਣੇ ਹੀ ਫ਼ਾਇਦੇ ਲਈ ਸਾਨੂੰ ਵੱਧ ਤੋਂ ਵੱਧ ਹੋਰ ਦਰੱਖ਼ਤ ਲਾਉਣੇ ਵੀ ਚਾਹੀਦੇ ਹਨ, ਜੋ ਹਮੇਸ਼ਾ ਸਾਡੇ ਕੰਮ ਹੀ ਆਉਣਗੇ- ਹਰਜਿੰਦਰ ਕੌਰ ਗੋਲੀ

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran