ਰਾਕੇਸ਼ ਟਿਕੈਤ ਦਾ ਨਵਾਂ ਫਾਰਮੂਲਾ- ਇਕ ਪਿੰਡ, 15 ਕਿਸਾਨ ਤੇ 10 ਦਿਨ

March 04 2021

ਖੇਤੀ ਕਾਨੂੰਨ ਵਿਰੋਧੀ ਅੰਦੋਲਨ ਦੇ ਨੁਮਾਇੰਦੇ ਰਾਕੇਸ਼ ਟਿਕੈਤ ਨੇ ਰਾਜਸਥਾਨ ਚ ਅੰਦੋਲਨਕਾਰੀਆਂ ਨੂੰ ਇਕ ਪਿੰਡ, ਇਕ ਟਰੈਕਟਰ, 15 ਕਿਸਾਨ ਤੇ 10 ਦਿਨ ਦਾ ਨਵਾਂ ਫਾਰਮੂਲਾ ਦਿੱਤਾ ਹੈ। ਰਾਜਸਥਾਨ ਦੇ ਨਾਗੌਰ ਚ ਕਿਸਾਨ ਮਹਾ-ਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਕ ਪਿੰਡ ਤੋਂ 15 ਲੋਕ ਇਕ ਟਰੈਕਟਰ ਨਾਲ ਅੰਦੋਲਨ ਵਾਲੀ ਥਾਂ ਸ਼ਾਹਜਹਾਂਪੁਰ ਪਹੁੰਚਣਗੇ, ਜੋ 10 ਦਿਨਾਂ ਤਕ ਉੱਥੇ ਰਹਿਣਗੇ। ਇਸ ਤੋਂ ਬਾਅਦ ਉਹ ਵਾਪਸ ਆਉਣਗੇ ਤੇ ਦੂਸਰੇ ਪਿੰਡ ਤੋਂ 15 ਲੋਕ 10 ਦਿਨ ਲਈ ਅੰਦੋਲਨ ਵਾਲੀ ਜਗ੍ਹਾ ਤੇ ਪਹੁੰਚਣਗੇ। ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ। 

ਇਸ ਦੌਰਾਨ ਉਨ੍ਹਾਂ ਕਿਹਾ ਕਿ ਅਗਲਾ ਜੋ ਵੀ ਅੰਦੋਲਨ ਹੋਵੇਗਾ ਇਸ ਤੇ ਕਿਤੇ ਵੀ ਬੈਰੀਕੇਡ ਨਹੀਂ ਹੋਣਾ ਚਾਹੀਦਾ। ਜੇ ਬੈਰੀਕੇਡ ਹੋਇਆ ਤਾਂ ਤੋੜ ਦਿੱਤਾ ਜਾਵੇ। ਜੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਦਿੱਲੀ ਚ ਬੈਰੀਕੇਡਿੰਗ ਹੈ ਤਾਂ ਚਾਰ ਗੁਣਾ ਗਿਣਤੀ ਚ ਭੀੜ ਆਉਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਬੈਰੀਕੇਡਿੰਗ ਤੋੜਨਾ ਸਿੱਖ ਲਵੋ। ਸਾਡੇ ਲੋਕਾਂ ਚੋ ਕੁਝ ਤਾਂ ਬੈਰੀਕੇਡ ਤੋੜਨ ਚ ਮਾਹਿਰ ਹਨ। ਟਿਕੈਤ ਨੇ ਕਿਹਾ ਕਿ ਟਰੈਕਟਰ ਕਿਸਾਨਾਂ ਦਾ ਟੈਂਕ ਹੈ। ਇਹ ਅੰਦੋਲਨ ਕਾਰ ਨਾਲ ਨਹੀਂ ਹੁੰਦੇ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਰਬਾਦ ਕਰਨ ਲਈ ਕੇਂਦਰ ਸਰਕਾਰ ਨੇ ਤਿੰਨ ਕਾਨੂੰਨ ਬਣਾਏ ਹਨ। ਇਨ੍ਹਾ ਕਾਨੂੰਨਾਂ ਤੋਂ ਜੇ ਕਿਸਾਨ ਹਾਰੇਗਾ ਤਾਂ ਮਜ਼ਦੂਰ ਵੀ ਹਾਰੇਗਾ। ਡਾ. ਅੰਬੇਡਕਰ ਤੇ ਸੰਵਿਧਾਨ ਹਾਰੇਗਾ। ਕਿਸਾਨ ਤੇ ਮਜ਼ਦੂਰ ਦੀ ਰੋਟੀ ਤਿਜੋਰੀ ਚ ਬੰਦ ਹੋਵੇਗੀ। ਕਿਸਾਨ ਦੀ ਰੋਟੀ ਤੇ ਵਪਾਰੀਆਂ ਤੇ ਵੱਡੀਆਂ ਕੰਪਨੀਆਂ ਦੇ ਤਾਲੇ ਲੱਗਣਗੇ। ਭੁੱਖ ਦੇ ਆਧਾਰ ਤੇ ਦੇਸ਼ ਚ ਕੀਮਤਾਂ ਤੈਅ ਹੋਣਗੀਆਂ।

ਉਨ੍ਹਾਂ ਕਿਹਾ ਕਿ ਅਜੇ ਪਤਾ ਨਹੀਂ ਕਿ ਅੰਦੋਲਨ ਕਿੰਨਾ ਲੰਬਾ ਚੱਲੇਗਾ। ਟਿਕਰੀ ਬਾਰਡਰ ਤੇ ਅਜੇ 15 ਹਜ਼ਾਰ ਟਰੈਕਟਰ ਹਨ। ਅੰਦੋਲਨਕਾਰੀਆਂ ਨੇ ਉੱਥੇ ਹੀ ਆਪਣੀ ਝੌਪੜੀ ਬਣਾ ਲਈ ਹੈ। ਉਹ ਹੁਣ ਉੱਥੋਂ ਨਹੀਂ ਜਾਣਗੇ। ਕੁਝ ਲੋਕ ਕਹਿ ਰਹੇ ਹਨ ਕਿ ਅੰਦੋਲਨਕਾਰੀ ਬਿਜਲੀ ਚੋਰੀ ਕਰ ਰਹੇ ਹਨ। ਅਸੀਂ ਕਿਹਾ ਕਿ ਬਿਜਲੀ ਕੁਨੈਕਸ਼ਨ ਦੇ ਦਿਓ ਤੇ ਐਡਵਾਂਸ ਚ ਪੈਸੇ ਲੈ ਲਵੋ।

ਟਿਕੈਤ 12 ਮਾਰਚ ਨੂੰ ਜੋਧਪੁਰ ਦੇ ਪਿਪਾੜ ਸਿਟੀ, 17 ਮਾਰਚ ਨੂੰ ਸ਼੍ਰੀਗੰਗਾਨਗਰ ਤੇ 23 ਮਾਰਚ ਨੂੰ ਜੈਪੁਰ ਚ ਕਿਸਾਨ ਮਹਾ ਪੰਚਾਇਤ ਨੂੰ ਸੰਬੋਧਨ ਕਰਨਗੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran