ਰਸਾਇਣਕ ਤੋਂ ਜੈਵਿਕ ਖੇਤੀ ਵੱਲ ਕੱਟੀਏ ਮੋੜਾ

June 14 2021

ਮੁੱਢ ਕਦੀਮ ਤੋਂ ਖੇਤੀ ਸਾਡੀਆਂ ਆਰਥਿਕ ਲੋੜਾਂ ਪੂਰੀਆਂ ਕਰਦੀ ਆਈ ਹੈ। ਰੋਟੀ, ਕੱਪੜੇ ਅਤੇ ਮਕਾਨ ਦੀ ਜੱਦੋ- ਜਹਿਦ ਕਰਦਿਆਂ ਸਾਡੀਆਂ ਬੁਨਿਆਦੀ ਲੋੜਾਂ ਬਹੁਤ ਵਧ ਗਈਆਂ ਤੇ ਅਸੀਂ ਖੇਤੀ ਤੋਂ ਕਈ ਗੁਣਾ ਮੁਨਾਫ਼ਾ ਲੈਣ ਦੀਆਂ ਤਰਕੀਬਾਂ ਬਣਾਉਣ ਲੱਗ ਪਏ। ਇਨ੍ਹਾਂ ਤਰਕੀਬਾਂ ਵਿਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਸੀ ਖੇਤਾਂ ਵਿਚ ਰਸਾਇਣਕ ਖਾਦਾਂ ਤੇ ਖੇਤੀ ਜ਼ਹਿਰਾਂ ਦੀ ਬਹੁਤਾਤ। ਆਪਣੇ ਆਰਥਿਕ ਟੀਚੇ ਨੂੰ ਪੂਰਾ ਕਰਨ ਲਈ ਅਸੀਂ ਆਪਣੀ ਸਿਹਤ ਨੂੰ ਖ਼ਤਰੇ ’ਚ ਪਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਇਸ ਦੇ ਖਮਿਆਜ਼ੇ ਪੂਰਾ ਦੇਸ਼ ਇਸ ਸਮੇਂ ਭੁੁਗਤ ਰਿਹਾ ਹੈ। ਅੱਜ ਜੋ ਕੁਝ ਵੀ ਅਸੀਂ ਖਾ-ਪੀ ਜੀ ਰਹੇ ਹਾਂ, ਉਹ ਨਿਰਾ ਜ਼ਹਿਰ ਹੀ ਹੈ। ਜੈਵਿਕ ਖੇਤੀ ਅਪਣਾ ਕੇ ਹੀ ਆਪਣੀ ਅਤੇ ਹੋਰਾਂ ਦੀ ਸਿਹਤ ਨੂੰ ਬਚਾ ਕੇ ਰੱਖਿਆ ਜਾ ਸਕਦਾ ਹੈ। ਇਸੇ ਵਿਚ ਹੀ ਸਭ ਦੀ ਭਲਾਈ ਹੋਵੇਗੀ।

ਖੇਤੀ ’ਚ ਵੱਡੀ ਤਬਦੀਲੀ ਦੀ ਲੋੜ

ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਵਰਤੇ ਜਾਂਦੇ ਰਸਾਇਣ ਪਤਾ ਹੀ ਨਹੀਂ ਲੱਗਾ ਕਦੋਂ ਧਰਤੀ, ਪਾਣੀ ਅਤੇ ਹਵਾ ਨੂੰ ਵੀ ਪੂਰੀ ਤਰ੍ਹਾਂ ਨਾਲ ਜ਼ਹਿਰੀਲੇ ਕਰਨ ਲੱਗ ਪਏ। ਹੁਣ ਜਦੋਂ ਹਰ ਪਾਸੇ ਜ਼ਹਿਰ ਹੀ ਜ਼ਹਿਰ ਮਹਿਸੂਸ ਹੋਣ ਲੱਗ ਪਿਆ ਹੈ ਤਾਂ ਸਾਨੂੰ ਹੁਣ ਇਸ ਸਮੱਸਿਆ ਤੋਂ ਬਚਣ ਲਈ ਠੋਸ ਕਦਮ ਚੁੱਕਣੇ ਪੈਣਗੇ। ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਅਸੀਂ ਹੁਣ ਇਨ੍ਹਾਂ ਜ਼ਹਿਰਾਂ ਤੋਂ ਆਪਣੀ ਖੇਤੀ ਨੂੰ ਦੂਰ ਰੱਖੀਏ ਤੇ ਮਨੁੱਖੀ ਸਿਹਤ ਨੂੰ ਖ਼ਤਰਨਾਕ ਅਲਾਮਤਾਂ ਤੋਂ ਬਚਾਈਏ। ਇਸ ਲਈ ਜੇ ਕੋਈ ਯੋਗ ਉਪਰਾਲਾ ਹੈ ਤਾਂ ਉਹ ਇਹ ਹੈ ਕਿ ਅਸੀਂ ਆਪਣੀ ਖੇਤੀ ਦੇ ਢੰਗਾਂ ਵਿਚ ਵੱਡੀ ਤਬਦੀਲੀ ਲਿਆਈਏ। ਇਸ ਲਈ ਸਾਨੂੰ ਜੈਵਿਕ ਖੇਤੀ ਵੱਲ ਮੋੜਾ ਕੱਟਣਾ ਪਵੇਗਾ।

ਲਾਲਚ ’ਚ ਨਾ ਕਰੀਏ ਖਿਲਵਾੜ

ਕੁਝ ਵੱਡੇ ਕਿਸਾਨ ਆਪਣੇ ਖਾਣ ਲਈ ਜੈਵਿਕ ਢੰਗ ਨਾਲ ਤਿਆਰ ਕੀਤੀਆਂ ਫ਼ਸਲਾਂ, ਸਬਜ਼ੀਆਂ, ਫਲਾਂ ਆਦਿ ਦੀ ਵਰਤੋਂ ਕਰਨ ਲੱਗ ਪਏ ਹਨ। ਅਜਿਹੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਸਿਰਫ਼ ਆਪਣੀ ਅਤੇ ਪਰਿਵਾਰ ਦੀ ਸਿਹਤ ਲਈ ਹੀ ਚਿੰਤਤ ਹੋਣ ਦੇ ਨਾਲ-ਨਾਲ ਸਮਾਜ ਦੇ ਸਾਰੇ ਲੋਕਾਂ ਲਈ ਵੀ ਚੰਗੀ ਸਿਹਤ ਦੀ ਕਾਮਨਾ ਕਰਨ ਤੇ ਆਪਣੀ ਖੇਤੀ ਨੂੰ ਜੈਵਿਕ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰਨ। ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਖੇਤੀ ਜ਼ਹਿਰਾਂ ਦੀ ਲੋੜ ਤੋਂ ਵੱਧ ਵਰਤੋਂ ਕਾਰਨ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਵੱਡੀ ਪੱਧਰ ’ਤੇ ਪੈਰ ਪਸਾਰ ਚੁੱਕੀਆਂ ਹਨ। ਕਈ ਹੱਸਦੇ-ਖੇਡਦੇ ਘਰਾਂ ’ਚ ਅੱਜ ਮੌਤ ਘਰ ਕਰੀ ਬੈਠੀ ਹੈ। ਇਨ੍ਹਾਂ ਇਲਾਕਿਆਂ ਦੀ ਨਾ ਕੇਵਲ ਜ਼ਮੀਨ ਸਗੋਂ ਪਾਣੀ ਤੇ ਹਵਾ ਵੀ ਬੁਰੀ ਤਰ੍ਹਾਂ ਜ਼ਹਿਰੀਲੇ ਹੋ ਚੁੱਕੇ ਹਨ। ਅਜਿਹੇ ਹਾਲਾਤ ਉੱਪਰ ਤਾਂ ਹੀ ਕਾਬੂ ਪਾਇਆ ਜਾ ਸਕਦਾ ਹੈ ਜੇ ਅਸੀਂ ਜ਼ਮੀਨ ਵਿਚ ਲਗਾਤਾਰ ਜ਼ਹਿਰਾਂ ਸੁੱਟਣ ਤੋਂ ਸਦਾ ਲਈ ਹਟ ਜਾਈਏ। ਭਾਵੇਂ ਅੱਜ ਅਸੀਂ ਰਸਾਇਣਕ ਖਾਦਾਂ ਤੇ ਖੇਤੀ ਜ਼ਹਿਰਾਂ ਦੀ ਦਲਦਲ ’ਚ ਬਹੁਤ ਜ਼ਿਆਦਾ ਧੱਸ ਚੁੱਕੇ ਹਾਂ ਪਰ ਅਜੇ ਵੀ ਸੰਭਲਿਆ ਜਾ ਸਕਦਾ ਹੈ। ਅਜੇ ਵੀ ਖੇਤੀ ਨੂੰ ਜੈਵਿਕ ਜਾਂ ਕੁਦਰਤੀ ਢੰਗਾਂ ਨਾਲ ਕੀਤਾ ਜਾ ਸਕਦਾ ਹੈ।

ਕੁਦਰਤ ਨੇ ਸਾਨੂੰ ਕਦੇ ਵੀ ਜ਼ਹਿਰਾਂ ਦੀ ਵਰਤੋਂ ਕਰਨ ਲਈ ਸੱਦਾ ਨਹੀਂ ਦਿੱਤਾ। ਅਸੀਂ ਆਪਣੇ ਆਪ ਨੂੰ ਇੰਨਾ ਲਾਲਚੀ ਬਣਾ ਲਿਆ ਹੈ ਕਿ ਪੈਸੇ ਲਈ ਅਸੀਂ ਆਪਣੀ ਸਿਹਤ ਤੇ ਕੁਦਰਤੀ ਸੋਮਿਆਂ ਨਾਲ ਖਿਲਵਾੜ ਕਰਨ ਲੱਗੇ ਹਾਂ।

ਕਿਸਾਨਾਂ ਉੱਪਰ ਹੈ ਅਹਿਮ ਜ਼ਿੰਮੇਵਾਰੀ

ਕਿਸਾਨ ਖ਼ਤਰਨਾਕ ਜ਼ਹਿਰਾਂ ਦੀ ਵਰਤੋਂ ਕਰ ਕੇ ਜਿੱਥੇ ਆਪਣੇ ਖੇਤੀ ਖ਼ਰਚੇ ਵਧਾਉਂਦੇ ਹਨ, ਉੱਥੇ ਇਨ੍ਹਾਂ ਜ਼ਹਿਰਾਂ ਨਾਲ ਉਪਜਾਈਆਂ ਗਈਆਂ ਖੇਤੀ ਜਿਣਸਾਂ ਦੂਜੇ ਲੋਕਾਂ ਨੂੰ ਵੀ ਖਾਣ ਲਈ ਮਜਬੂਰ ਕਰ ਰਹੇ ਹਾਂ। ਛੋਟੇ ਬੱਚਿਆਂ ਅਤੇ ਬਜ਼ੁਰਗਾਂ ਉੱਪਰ ਇਨ੍ਹਾਂ ਜ਼ਹਿਰਾਂ ਦਾ ਅਸਰ ਬਹੁਤ ਜ਼ਿਆਦਾ ਤੇ ਜਲਦੀ ਦੇਖਣ ਨੂੰ ਮਿਲਦਾ ਹੈ। ਉਹ ਜਾਨਲੇਵਾ ਤੇ ਭਿਆਨਕ ਬਿਮਾਰੀਆਂ ਲਈ ਸਾਫਟ-ਟਾਰਗੇਟ ਬਣ ਜਾਂਦੇ ਹਨ। ਇਸ ਲਈ ਚਾਹੀਦਾ ਹੈ ਕਿ ਅਸੀਂ ਕੁਦਰਤੀ ਢੰਗਾਂ ਨਾਲ ਖੇਤੀ ਕਰ ਕੇ ਕਿਸਾਨੀ ਨੂੰ ਪਹਿਲਾਂ ਤੋਂ ਵੀ ਵੱਧ ਪਵਿੱਤਰ ਬਣਾਈਏ। ਪਹਿਲਾਂ ਸਾਡੇ ਕਿਸਾਨ ਦੇ ਜ਼ਿੰਮੇ ਦੇਸ਼ ਦੇ ਨਾਗਰਿਕ ਦਾ ਢਿੱਡ ਭਰਨ ਦਾ ਟੀਚਾ ਸੀ। ਇਸ ਲਈ ਉਸ ਨੇ ਸਮੇਂ ਦੀ ਲੋੜ ਅਨੁਸਾਰ ਖੇਤੀ ਰਸਾਇਣਾਂ ਨੂੰ ਅਪਣਾਇਆ ਤੇ ਅਨਾਜ ਦੀ ਉਪਜ ’ਚ ਵਾਧਾ ਕਰ ਕੇ ਅਨਾਜ ਸੁਰੱਖਿਆ ਦੇ ਮਾਮਲੇ ’ਚ ਦੇਸ਼ ਨੂੰ ਆਤਮ-ਨਿਰਭਰ ਬਣਾਇਆ। ਅੱਜ ਕਿਸਾਨ ਦੇ ਸਿਰ ਉੱਤੇ ਆਪਣੇ ਸੂਬੇ ਅਤੇ ਦੇਸ਼ ਦੇ ਲੋਕਾਂ ਦੀ ਸਿਹਤ ਸੁਰੱਖਿਆ ਦਾ ਵੀ ਫ਼ਰਜ਼ ਹੈ। ਉਸ ਉੱਪਰ ਕੁਦਰਤ ਨਾਲ ਵਫ਼ਾਦਾਰੀ ਨਿਭਾਉਣ ਦੀ ਅਹਿਮ ਜ਼ਿੰਮੇਵਾਰੀ ਹੈ। ਪੰਜਾਬ ਦੇ ਕਿਸਾਨ ਨੇ ਹਰ ਔਕੜ ਨਾਲ ਆਢਾ ਲਿਆ ਹੈ। ਜਦੋਂ ਦੇਸ਼ ਅੰਨ ਦੇ ਦਾਣੇ-ਦਾਣੇ ਨੂੰ ਮੁਹਤਾਜ ਸੀ, ਪੰਜਾਬ ਦਾ ਕਿਸਾਨ ਉਦੋਂ ਵੀ ਆਪਣੇ ਫ਼ਰਜ਼ ਤੋਂ ਪਿੱਛੇ ਨਹੀਂ ਸੀ ਹਟਿਆ ਤੇ ਅੱਜ ਵੀ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟੇਗਾ।

ਸੁਰੱਖਿਅਤ ਤੇ ਉੱਤਮ ਉਤਪਾਦ

ਜੈਵਿਕ ਢੰਗਾਂ ਨਾਲ ਖੇਤੀ ਕਰਨ ਦੇ ਨਾਲ-ਨਾਲ ਖੇਤੀ ਮਾਹਿਰਾਂ ਦੀ ਸਲਾਹ ਜ਼ਰੂਰ ਲਈ ਜਾਵੇ। ਜੋ ਕਿਸਾਨ ਅਜਿਹੀ ਖੇਤੀ ਕਰ ਰਹੇ ਹਨ, ਉਨ੍ਹਾਂ ਦੀ ਰਾਏ ਵੀ ਲਈ ਜਾ ਸਕਦੀ ਹੈ। ਕੁਝ ਛੋਟੇ ਅਤੇ ਉੱਦਮੀ ਕਿਸਾਨ ਜੈਵਿਕ ਖੇਤੀ ਵੱਲ ਕਦਮ ਵਧਾ ਰਹੇ ਹਨ। ਜੈਵਿਕ ਤੇ ਰਸਾਇਣਿਕ ਖੇਤੀ ਵਿਚ ਉਹ ਵੱਡਾ ਅੰਤਰ ਦੇਖ ਰਹੇ ਹਨ। ਜੈਵਿਕ ਖੇਤੀ ਕਰਦੇ ਕੁਝ ਕਿਸਾਨਾਂ ਦਾ ਮੰਨਣਾ ਹੈ ਕਿ ਖੇਤ ਵਿਚ ਜੈਵਿਕ ਢੰਗ ਨਾਲ ਪੈਦਾ ਕੀਤੀਆਂ ਖ਼ੁਰਾਕੀ ਵਸਤਾਂ ਸਿਹਤ ਲਈ ਤਾਂ ਸੁਰੱਖਿਅਤ ਹਨ ਹੀ, ਇਸ ਦੇ ਨਾਲ ਹੀ ਇਨ੍ਹਾਂ ਵਿਚਲੇ ਪੌਸ਼ਟਿਕ ਤੱਤ ਵੀ ਬਰਕਰਾਰ ਰਹਿੰਦੇ ਹਨ ਅਤੇ ਇਹ ਵਧੇਰੇ ਸੁਆਦਲੀਆਂ ਹੁੰਦੀਆਂ ਹਨ।

ਕੀ ਹੈ ਜੈਵਿਕ ਖੇਤੀ?

ਜੈਵਿਕ ਖੇਤੀ ਭਾਵ ਬਿਨਾਂ ਖਾਦਾਂ ਤੇ ਜ਼ਹਿਰਾਂ ਦੀ ਖੇਤੀ। ਆਪਣੀ ਖੇਤੀ ਤੋਂ ਭਾਵੇਂ ਘੱਟ ਉਪਜ ਲਈ ਜਾਵੇ ਪਰ ਉਹ ਸਾਡੀ ਸਿਹਤ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚਾਉਂਦੀ ਹੋਵੇ। ਜ਼ਮੀਨ ਦੀ ਸਿਹਤ ਨੂੰ ਕਾਇਮ ਰੱਖਣ ਲਈ ਖਾਦਾਂ ਤਾਂ ਪਾਈਆਂ ਜਾਣ ਪਰ ਉਹ ਖਾਦਾਂ ਜੈਵਿਕ ਜਾਂ ਕੁਦਰਤੀ ਹੋਣ। ਪਸ਼ੂਆਂ ਦੇ ਗੋਹੇ ਅਤੇ ਪਿਸ਼ਾਬ ਤੋਂ ਤਿਆਰ ਕੀਤੀ ਖਾਦ ਇਸ ਲਈ ਸਭ ਤੋਂ ਬਿਹਤਰ ਹੈ। ਇਸ ਤੋਂ ਇਲਾਵਾ ਜ਼ਮੀਨ ਦੇ ਮਿੱਤਰ ਜੀਵ ਭਾਵ ਗੰਡੋਇਆਂ ਤੋਂ ਵੀ ਇਕ ਖ਼ਾਸ ਕਿਸਮ ਦੀ ਖਾਦ ਤਿਆਰ ਕੀਤੀ ਜਾਂਦੀ ਹੈ , ਜਿਸ ਨਾਲ ਖੇਤੀਯੋਗ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ। ਜਿੱਥੋਂ ਤਕ ਫ਼ਸਲਾਂ ਨੂੰ ਲੱਗਣ ਵਾਲੇ ਕੀੜਿਆਂ ਤੇ ਭਿਆਨਕ ਬਿਮਾਰੀਆਂ ਤੋਂ ਬਚਾਅ ਦੀ ਗੱਲ ਹੈ ਤਾਂ ਕੁਝ ਦੇਸੀ ਜਾਂ ਜੈਵਿਕ ਢੰਗਾਂ ਨੂੰ ਵਰਤ ਕੇ ਬੜੇ ਆਸਾਨ ਅਤੇ ਪ੍ਰਭਾਵਸ਼ਾਲੀ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਕੁਝ ਜ਼ਹਿਰੀਲੇ ਪੌਦੇ ਜਿਵੇਂ ਅੱਕ, ਧਤੂਰਾ, ਨਿੰਮ, ਲਸਣ ਆਦਿ ਦੀ ਵਰਤੋਂ ਨਾਲ ਵੀ ਫ਼ਸਲਾਂ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਰਾਹਤ ਮਿਲ ਜਾਂਦੀ ਹੈ।

ਅੱਜ ਸਾਨੂੰ ਰਸਾਇਣਕ ਤੋਂ ਜੈਵਿਕ ਖੇਤੀ ਵੱਲ ਮੋੜਾ ਕੱਟਣ ਦੀ ਲੋੜ ਹੈ ਤਾਂ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਤੇ ਸਿਹਤਮੰਦ ਭਵਿੱਖ ਦਾ ਨਿਰਮਾਣ ਕਰ ਸਕੀਏ- ਦਿਨੇਸ਼ ਦਮਾਥੀਆ

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran