ਮੱਕੀ ਦਾ ਸਮਰਥਨ ਮੁੱਲ ਨਾ ਮਿਲਣ ਕਾਰਨ ਕਿਸਾਨ ਨਿਰਾਸ਼

June 09 2021

ਇਥੋਂ ਦੀ ਦਾਣਾ ਮੰਡੀ ਵਿੱਚ ਮੱਕੀ ਦੀ ਆਮਦ ਬੀਤੇ ਇਕ ਹਫਤੇ ਤੋਂ ਜਾਰੀ ਹੈ। ਮੰਡੀ ਵਿੱਚ ਬੀਤੇ ਦਿਨ ਮੱਕੀ 1550 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਸੀ ਪਰ ਅੱਜ ਮੱਕੀ 1825 ਰੁਪਏ ਵਿੱਚ ਵਿਕ ਰਹੀ ਹੈ। ਵੈਰੋਵਾਲ ਦੇ ਕਿਸਾਨ ਮੇਜਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਕਿਸਾਨਾਂ ਨੂੰ ਮੱਕੀ ਦੀ ਕੀਮਤ 750 ਰੁਪਏ ਤੋਂ ਲੈ ਕੇ 1250 ਰੁਪਏ ਤੱਕ ਹੀ ਮਿਲੀ ਸੀ। ਕੇਂਦਰ ਸਰਕਾਰ ਵੱਲੋਂ ਮੱਕੀ ’ਤੇ 1850 ਰੁਪਏ ਘੱਟੋ ਘੱਟ ਸਮਰਥਨ ਮੁੱਲ ਐਲਾਨਿਆ  ਗਿਆ ਹੈ। ਕਿਸਾਨ ਮੇਜਰ ਸਿੰਘ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਕਿਸਾਨ ਨੂੰ ਮੱਕੀ ਦਾ ਸਮਰਥਨ ਮੁੱਲ ਮਿਲਣਾ ਯਕੀਨੀ  ਬਨਾਉਣ ਲਈ ਕੋਈ ਵਿਵਸਥਾ ਨਹੀਂ ਕੀਤੀ ਗਈ ਜਿਸ ਕਰਕੇ ਕਿਸਾਨ ਦੀ ਮੰਡੀ ਵਿੱਚ ਕਥਿਤ ਤੌਰ ’ਤੇ ਲੁੱਟ ਹੋ ਰਹੀ ਹੈ। 

ਕਿਸਾਨ ਮੇਜਰ ਸਿੰਘ ਨੇ ਦੱਸਿਆ ਕਿ ਇਸ ਵਾਰ ਮਾਂਹ-ਮੂੰਗੀ ਆਦਿ ਫਸਲਾਂ ਲਈ ਵੀ ਮੌਸਮ ਠੀਕ ਨਹੀਂ ਰਿਹਾ ਜਿਸ ਕਰਕੇ ਇਨ੍ਹਾਂ ਦਾਲਾਂ ਦੀਆਂ ਫਸਲਾਂ ਦਾ ਝਾੜ ਅੱਧ ਤੱਕ ਹੀ ਆਇਆ ਹੈ। ਉਨ੍ਹਾਂ ਕਿਹਾ ਕਿ ਉਹ ਅਜੇ ਤਿੰਨ ਦਿਨ ਪਹਿਲਾਂ ਹੀ ਮੰਡੀ ਵਿੱਚ ਮਾਂਹ ਦੀ ਜਿਣਸ ਲੈ ਕੇ ਆਏ ਸਨ ਜਿਸ ਦਾ ਝਾੜ ਪਹਿਲਾਂ ਆਉਂਦੇ ਰਹੇ 8 ਜਾਂ 9 ਕੁਇੰਟਲ ਦੇ ਮੁਕਾਬਲੇ 4 ਜਾਂ ਸਾਢੇ ਚਾਰ ਕੁਇੰਟਲ ਪ੍ਰਤੀ ਏਕੜ ਹੀ ਆਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾਲਾਂ ਦੀਆਂ ਫਸਲਾਂ ’ਤੇ ਵੀ ਘੱਟੋ-ਘੱਟ ਸਮਰਥਨ ਮੁੱਲ ਨਹੀਂ ਮਿਲ ਰਿਹਾ| ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜਿਣਸਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਅਦਾਇਗੀ ਨੂੰ ਯਕੀਨੀ ਬਣਾਇਆ ਜਾਵੇ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਧਿਕਾਰੀ ਕੁਲਜੀਤ ਸਿੰਘ ਸੈਣੀ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਨਾ ਮਿਲਣ ਕਰਕੇ ਇਸ ਸਰਹੱਦੀ ਖੇਤਰ ਦੇ ਕਿਸਾਨਾਂ ਨੇ ਉਪਰੋਕਤ ਫਸਲਾਂ ਬੀਜਣ ਤੋਂ ਪਾਸਾ ਵੱਟ ਲਿਆ ਹੈ।

ਸ਼ਾਹਕੋਟ ਵਿੱਚ ਗਿੱਲੀ ਮੱਕੀ ਦੀ ਖਰੀਦ ਸ਼ੁਰੂ

ਇਥੋਂ ਦੀ ਦਾਣਾ ਮੰਡੀ ਵਿੱਚ ਅੱਜ ਗਿੱਲੀ ਮੱਕੀ ਦੀ ਖਰੀਦ ਸ਼ੁਰੂ ਹੋ ਗਈ ਹੈ। ਕਿਸਾਨ ਗੁਰਦੀਪ ਸਿੰਘ ਵਾਸੀ ਯੱਕੋਪੁਰ ਦੀ ਗਿੱਲੀ ਮੱਕੀ ਦੀ ਪਹਿਲੀ ਢੇਰੀ 1040 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕੰਨਵ ਕੁਮਾਰ ਐਂਡ ਕੰਪਨੀ ਦੀ ਆੜ੍ਹਤ ਤੋਂ ਜੈ ਦੁਰਗਾ ਫੀਡ ਇੰਡਸਟਰੀ ਬਾਘਾ ਪੁਰਾਣਾ ਵੱਲੋਂ ਖਰੀਦੀ ਗਈ। ਉਂਝ ਸਰਕਾਰ ਨੇ ਮੱਕੀ ਦੀ ਕੀਮਤ 1850 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਹੈ। ਗਿੱਲੀ ਮੱਕੀ  1040 ਰੁਪਏ ਵਿਕਣ ਨਾਲ ਕਿਸਾਨਾਂ ਦੀ ਲਾਗਤ ਪੂਰੀ ਹੋ ਸਕਦੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਸੁੱਖਪਾਲ ਸਿੰਘ ਰਾਈਵਾਲ ਨੇ ਦੱਸਿਆ ਕਿ ਗਿੱਲੀ ਮੱਕੀ ਦੇ ਸੁੱਕਣ ਨਾਲ ਉਸ ਦਾ 30 ਫੀਸਦੀ ਵਜ਼ਨ ਘੱਟ ਜਾਂਦਾ ਹੈ। ਗਿੱਲੀ ਮੱਕੀ 1040 ਰੁਪਏ ਦੇ ਵਿਕਣ ਨਾਲ ਕਿਸਾਨਾਂ ਦੀ ਲਾਗਤ ਪੂਰੀ ਹੋ ਸਕਦੀ ਹੈ ਪਰ ਸਰਕਾਰੀ ਭਾਅ ਨਾਲੋਂ ਉਨ੍ਹਾਂ ਨੂੰ ਘੱਟ ਕੀਮਤ ਹੀ ਮਿਲੇਗੀ। ਉਨ੍ਹਾਂ ਕਿਹਾ ਕਿ ਪਿਛਲੇ ਵਰ੍ਹੇ ਵੀ ਕਿਸਾਨਾਂ ਨੂੰ ਮੱਕੀ ’ਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਇਸ ਵਰ੍ਹੇ ਖਰਬੂਜਾ ਤੇ ਹਦਵਾਣਾ ਦੀ ਫਸਲ ਨੇ ਕਿਸਾਨਾਂ ਨੂੰ ਰੋਲ ਦਿੱਤਾ ਹੈ। ਆਰਥਿਕ ਪੱਖੋਂ ਕਮਜ਼ੋਰ ਹੋ ਚੁੱਕੇ ਕਿਸਾਨਾਂ ਨੂੰ ਹੁਣ ਝੋਨੇ ਦੀ ਬਿਜਾਈ ਲਈ ਖਾਦ, ਡੀਜ਼ਲ, ਕੀਟਨਾਸਕ ਅਤੇ ਸਬੰਧਤ ਵਸਤਾਂ ਖਰੀਦਣ ਦੀ ਚਿੰਤਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੇ ਕਿਸਾਨੀ ਨੂੰ ਕੱਖੋ ਹੌਲੇ ਕਰ ਦਿੱਤਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune