ਮਿਸਾਲ! ਆਰਗੈਨਿਕ ਖੇਤੀ ਜ਼ਰੀਏ ਸਲਾਨਾ 2 ਲੱਖ ਰੁਪਏ ਕਮਾ ਰਹੀ 10ਵੀਂ ਪਾਸ ਕਿਸਾਨ ਮਹਿਲਾ

May 28 2021

ਅੱਜ ਦੇ ਦੌਰ ਵਿਚ ਦੇਸ਼ ਦੀਆਂ ਔਰਤਾਂ ਹਰ ਖੇਤਰ ਚ ਮੱਲਾਂ ਮਾਰ ਰਹੀਆਂ ਹਨ, ਚਾਹੇ ਉਹ ਚੰਨ ਤੇ ਜਾਣਾ ਹੋਵੇ ਜਾਂ ਫਿਰ ਖੇਤੀਬਾੜੀ ਕਰਨਾ। ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੀ ਰਹਿਣ ਵਾਲੀ ਇਕ ਔਰਤ ਆਰਗੈਨਿਕ ਖੇਤੀ ਕਰਕੇ ਦੇਸ਼ ਦੀਆਂ ਹੋਰ ਔਰਤਾਂ ਲਈ ਮਿਸਾਲ ਪੇਸ਼ ਕਰ ਰਹੀ ਹੈ। ਉਸ਼ਾਬੇਨ ਨਾਂਅ ਦੀ ਇਸ ਕਿਸਾਨ ਮਹਿਲਾ ਨੇ ਸਿਰਫ਼ 10ਵੀਂ ਤੱਕ ਪੜ੍ਹਾਈ ਕੀਤੀ ਹੈ।

ਤਿੰਨ ਸਾਲ ਪਹਿਲਾਂ ਉਸ ਨੇ 3 ਏਕੜ ਜ਼ਮੀਨ ਉੱਤੇ ਇਕੱਲਿਆਂ ਹੀ ਆਰਗੈਨਿਕ ਖੇਤੀ ਦੀ ਸ਼ੁਰੂਆਤ ਕੀਤੀ ਸੀ। ਅੱਜ ਉਹ ਦਰਜਨਾਂ ਭਰ ਤੋਂ ਜ਼ਿਆਦਾ ਸਬਜ਼ੀਆਂ ਅਤੇ ਅਨਾਜ ਉਗਾ ਰਹੀ ਹੈ। ਇਸ ਦੇ ਜ਼ਰੀਏ ਉਸ਼ਾਬੇਨ ਹਰ ਸਾਲ ਦੋ ਲੱਖ ਦਾ ਮੁਨਾਫਾ ਕਮਾ ਰਹੀ ਹੈ। ਸਿਰਫ ਇਹੀ ਨਹੀਂ ਅਪਣੇ ਹੁਨਰ ਨਾਲ ਊਸ਼ਾ ਹੋਰ ਔਰਤਾਂ ਨੂੰ ਸਿਖਲਾਈ ਦੇ ਕੇ ਉਹਨਾਂ ਦਾ ਭਵਿੱਖ ਸੁਧਾਰ ਰਹੀ ਹੈ। ਉਸ਼ਾਬੇਨ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਦੀ ਆਰਥਕ ਸਥਿਤੀ ਠੀਕ ਨਹੀਂ ਸੀ। ਇਸ ਦੌਰਾਨ ਉਹ ਨਵਜੀਵਨ ਆਦਿਵਾਸੀ ਮਹਿਲਾ ਵਿਕਾਸ ਮੰਚ ਨਾਲ ਜੁੜੀ ਅਤੇ ਉਸ ਨੇ ਸਿਖਲਾਈ ਲਈ।

ਸਿਖਲਾਈ ਦੌਰਾਨ ਉਸ ਨੇ ਆਰਗੈਨਿਕ ਖੇਤੀ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਦੇਸੀ ਖਾਦ ਦੀ ਵਰਤੋਂ ਬਾਰੇ ਵੀ ਜਾਣਿਆ। ਉਹਨਾਂ ਦੱਸਿਆ ਕਿ ਪਹਿਲੇ ਸਾਲ ਦੌਰਾਨ ਉਸ ਨੂੰ ਘਾਟਾ ਵੀ ਹੋਇਆ ਪਰ ਉਸ ਨੇ ਹਿੰਮਤ ਨਹੀਂ ਹਾਰੀ। ਉਸ਼ਾਬੇਨ ਹੁਣ ਤੱਕ ਇਕ ਹਜ਼ਾਰ ਤੋਂ ਜ਼ਿਆਦਾ ਔਰਤਾਂ ਨੂੰ ਸਿਖਲਾਈ ਦੇ ਚੁੱਕੀ ਹੈ।ਆਰਗੈਨਿਕ ਖੇਤੀ ਦੇ ਫਾਇਦਿਆਂ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਇਹ ਖੇਤੀ ਸਿਹਤ ਅਤੇ ਜ਼ਮੀਨ ਦੋਵਾਂ ਲਈ ਲਾਭਕਾਰੀ ਹੈ। ਇਸ ਨਾਲ ਜ਼ਮੀਨ ਖਰਾਬ ਨਹੀਂ ਹੁੰਦੀ ਅਤੇ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।

ਹਜ਼ਾਰਾਂ ਔਰਤਾਂ ਨੂੰ ਪ੍ਰੇਰਿਤ ਕਰਨ ਅਤੇ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਵਾਲੀ ਉਸ਼ਾਬੇਨ ਨੂੰ ਇੰਡੀਅਨ ਕਾਉਂਸਲ ਆਫ ਐਗਰੀਕਲਚਰਲ ਰਿਸਰਚ ਵੱਲੋਂ ਪੰਡਿਤ ਦੀਨਦਿਆਲ ਉਪਾਧਿਆਏ ਅੰਤਿਯੋਦਿਆ ਖੇਤੀਬਾੜਈ ਪੁਰਸਕਾਰ -2018 ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸੀਆਈਆਈ ਫਾਂਉਡੇਸ਼ਨ ਫਾਰ ਆਰਗੈਨਿਕ ਫਾਰਮਿੰਗ ਐਂਡ ਵੂਮਨ ਇੰਪਾਵਰਮੈਂਟ ਨੇ ਵੀ ਉਹਨਾਂ ਨੂੰ ਪੁਰਸਕਾਰ ਦਿੱਤਾ ਹੈ। ਇਸ ਤੋਂ ਇਲਾਵਾ ਉਹਨਾਂ ਨੂੰ ਹਾਲ ਹੀ ਵਿਚ ਨਰਮਦਾ ਦੇ ਜ਼ਿਲ੍ਹਾ ਕੁਲੈਕਟਰ ਵੱਲੋਂ ਵਿਸ਼ਵ ਆਦਿਵਾਸੀ ਦਿਵਸ ਦੇ ਮੌਕੇ ਸਨਮਾਨਿਤ ਕੀਤਾ ਗਿਆ ਸੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman