ਮਾਲਵਾ ਪੱਟੀ ਵਿਚ ਮੀਂਹ ਵਰ੍ਹਿਆ, ਸਾਉਣੀ ਦੀਆਂ ਫ਼ਸਲਾਂ ਨੂੰ ਰੰਗ ਚੜ੍ਹਿਆ

June 02 2021

ਮਾਲਵਾ ਪੱਟੀ ਵਿਚ ਪਿਛਲੇ ਹਫ਼ਤੇ ਤੋਂ ਲਗਾਤਾਰ ਚੱਲ ਰਹੇ ਟਿਊਬਵੈੱਲ ਅੱਜ ਉਸ ਵੇਲੇ ਬੰਦ ਹੋ ਗਏ, ਜਦੋਂ ਇਲਾਕੇ ਵਿਚ ਬੀਤੀ ਰਾਤ ਹਨੇਰੀ ਅਤੇ ਮੀਂਹ ਪਿਆ। ਇਹ ਮੀਂਹ ਭਾਵੇਂ ਕਿਸਾਨਾਂ ਵਲੋਂ ਪਹਿਲਾਂ ਛਿੜਕਾ-ਛੰਬਾ ਹੀ ਮੰਨਿਆ ਗਿਆ ਹੈ, ਪਰ ਪਿੱਛੋਂ ਕਈ ਥਾਵਾਂ ’ਤੇ ਮੀਂਹ ਨੇ ਚੰਗਾ ਰੰਗ ਬੰਨ੍ਹ ਦਿੱਤਾ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਖੇਤਾਂ ਵਿਚ ਡਿੱਗੇ ਅੰਬਰੀ ਪਾਣੀ ਅਤੇ ਠੰਢੀ ਹਵਾ ਨਾਲ ਕਾਰਨ ਚਾਰ-ਚੁਫੇਰੇ ਫਸਲਾਂ ਟਹਿਕਣ ਲੱਗੀਆਂ।

ਇਸ ਤੋਂ ਪਹਿਲਾਂ ਮਾਲਵਾ ਪੱਟੀ ਵਿਚ ਹਫ਼ਤੇ ਭਰ ਤੋਂ ਮੀਂਹ ਨਾ ਪੈਣ ਕਾਰਨ ਗਰਮੀ ਪੈਣ ਲੱਗੀ ਸੀ, ਜਿਸ ਕਾਰਨ ਮੱਚ ਰਹੀਆਂ ਫ਼ਸਲਾਂ ਨੂੰ ਬਚਾਉਣ ਲਈ ਕਿਸਾਨ ਡੀਜ਼ਲ ਫੂਕ ਰਹੇ ਸਨ। ਮੀਂਹ ਨੇ ਕਿਸਾਨਾਂ ਦਾ ਇੱਕ ਵਾਰ ਸੀਨਾ ਠਾਰ ਦਿੱਤਾ ਹੈ। ਹਫ਼ਤੇ ਭਰ ਤੋਂ ਗਰਮੀ ਨਾਲ ਖੌਜਲ ਰਹੇ ਕਿਸਾਨਾਂ ਨੇ ਬੀਤੀ ਸ਼ਾਮ ਅਕਾਸ਼ ਉਪਰ ਚੜ੍ਹੀਆਂ ਕਾਲੀਆਂ ਘਟਾਵਾਂ ਵੇਖਕੇ ਹੀ ਆਪਣੇ ਟਿਊਬਵੈੱਲ ਬੰਦ ਕਰ ਦਿੱਤੇ। ਖੇਤੀ ਵਿਭਾਗ ਨੇ ਇਸ ਮੀਂਹ ਨੂੰ ਨਰਮੇ ਦਾ ਸਭ ਤੋਂ ਵਧੀਆ ਟਾਨਿਕ ਕਰਾਰ ਦਿੱਤਾ ਹੈ। ਮਹਿਕਮੇ ਨੇ ਇਸ ਮੀਂਹ ਦਾ ਸਭ ਤੋਂ ਵੱਧ ਮੁਨਾਫ਼ਾ ਝੋਨੇ ਦੀ ਪੌਦ ਸਮੇਤ ਪਸ਼ੂਆਂ ਦੇ ਹਰੇ-ਚਾਰੇ ਅਤੇ ਸਬਜ਼ੀਆਂ ਨੂੰ ਵੀ ਦੱਸਿਆ ਹੈ। ਮਾਹਿਰਾਂ ਦਾ ਇਹ ਵੀ ਕਹਿਣਾ ਕਿ ਫ਼ਸਲਾਂ ਉਪਰ ਜਿਹੜੀ ਗਰਮੀ ਨੇ ਮਾੜਾ ਅਸਰ ਪਾਇਆ ਸੀ, ਉਹ ਹੁਣ ਇਸ ਮੀਂਹ ਨੇ ਚੰਗਾ ਪ੍ਰਭਾਵ ਪਾ ਦਿੱਤਾ ਹੈ। ਹੁਣ ਦੀ ਲੱਗੀ ਹੋਈ ਨਰਮੇ ਦੀ ਫਸਲ ਅਖੀਰ ਤੱਕ ਕਾਇਮ ਰਹੇਗੀ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ.ਜੀਐਸ ਰੋਮਾਣਾ ਨੇ ਮਾਲਵਾ ਪੱਟੀ ਵਿਚ ਇਸ ਮੀਂਹ ਨੂੰ ਸਾਉੂਣੀ ਦੀਆਂ ਸਾਰੀਆਂ ਫ਼ਸਲਾਂ ਲਈ ਸ਼ੁਭ ਸ਼ੁਰੂਆਤ ਆਖਦਿਆਂ ਕਿਹਾ ਕਿ ਹੁਣ ਪੈਲੀ ਮੱਚਣ ਤੋਂ ਰੁਕ ਜਾਵੇਗੀ ਅਤੇ ਕੱਲ੍ਹ ਤੱਕ ਹੀ ਉਹ ਵੱਧਣ ਵਾਲੇ ਪਾਸੇ ਚਾਲੇ ਪਾ ਲਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਦਾ ਡੀਜ਼ਲ ਅਤੇ ਬਿਜਲੀ ਦੇ ਰੂਪ ਵਿਚ ਮੱਚਣ ਵਾਲਾ ਲੱਖਾਂ ਰੁਪਏ ਦਾ ਫਾਇਦਾ ਹੋਇਆ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਹੁਣ ਇਸ ਮੀਂਹ ਨਾਲ ਸਾਉਣੀ ਦੀਆਂ ਸਾਰੀਆਂ ਫਸਲਾਂ ਵੱਧਣ-ਫੁੱਲਣ ਲੱਗ ਪੈਣਗੀਆਂ, ਜਿਸ ਲਈ ਪੰਜਾਬ ਸਰਕਾਰ ਨੂੰ ਖੇਤੀ ਸੁਸਾਇਟੀਆਂ ਕੋਲ ਲੋੜੀਂਦੀਆਂ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਤੁਰੰਤ ਭੇਜਣੀਆਂ ਚਾਹੀਦੀਆਂ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune