ਮਾਲ ਗੱਡੀਆਂ ਵਾਸਤੇ ਰਾਹ ਦੇਣ ਲਈ ਰਾਜ਼ੀ ਹੋਏ ਕਿਸਾਨ

November 07 2020

ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪੂੰਜੀਪਤੀਆਂ ਦੇ ਵਪਾਰਕ ਅਦਾਰਿਆਂ ਦੇ ਕੀਤੇ ਜਾ ਰਹੇ ਘਿਰਾਓ ਦੌਰਾਨ ਜਥੇਬੰਦੀ ਨੇ ਕੋਲੇ ਵਾਲੀਆਂ ਰੇਲ ਗੱਡੀਆਂ ਨੂੰ ਰਾਹ ਦੇਣ ਦਾ ਫ਼ੈਸਲਾ ਕਰਦਿਆਂ ਰਾਜਪੁਰਾ ਅਤੇ ਬਣਾਂਵਾਲਾ ਥਰਮਲ ਪਲਾਂਟ ਦੀਆਂ ਰੇਲ ਪਟੜੀਆਂ ਤੋਂ ਧਰਨੇ ਲਾਂਭੇ ਕਰ ਲਏ ਹਨ।

ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਯੂਨੀਅਨ 24 ਅਕਤੂੁਬਰ ਤੋਂ ਨਿੱਜੀ ਥਰਮਲਾਂ ਨੂੰ ਜਾਂਦੀਆਂ ਰੇਲ ਪਟੜੀਆਂ ’ਤੇ ਡਟੀ ਹੋਈ ਸੀ। ਕੋਲੇ ਦੀ ਘਾਟ ਕਾਰਨ ਨਿੱਜੀ ਥਰਮਲ ਪਲਾਂਟਾਂ ’ਚ ਬਿਜਲੀ ਉਤਪਾਦਨ ਠੱਪ ਪਿਆ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਜਥੇਬੰਦੀ ਨੂੰ ਧਰਨੇ ਚੁੱਕਣ ਲਈ ਕਿਹਾ ਸੀ ਪਰ ਉਦੋਂ ਜਥੇਬੰਦੀ ਆਪਣੇ ਫ਼ੈਸਲੇ ’ਤੇ ਡਟੀ ਰਹੀ। ਹੁਣ ਕਿਸਾਨ ਜਥੇਬੰਦੀ ਨੇ ਬਿਜਲੀ, ਖਾਦ ਤੇ ਜ਼ਰੂਰੀ ਵਸਤਾਂ ਦੀ ਕਿੱਲਤ ਨੂੰ ਦੇਖਦਿਆਂ ਇਹ ਧਰਨਾ ਚੁੱਕਿਆ ਹੈ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਲਏ ਫੈਸਲੇ ਤਹਿਤ ਕਿਸਾਨਾਂ ਨੇ ਸ਼ੁੱਕਰਵਾਰ ਸਵੇਰੇ ਰੇਲ ਪਟੜੀਆਂ ਖਾਲੀ ਕਰ ਦਿੱਤੀਆਂ। ਯੂਨੀਅਨ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਮਨਜੀਤ ਸਿੰਘ ਨਿਆਲ ਨੇ ਆਖਿਆ ਕਿ ਹੁਣ ਇਹ ਧਰਨਾ ਰੇਲ ਪਟੜੀ ਤੋਂ ਦੂਰ ਜਾਰੀ ਰਹੇਗਾ। ਇਸ ਦੌਰਾਨ ਜਥੇਬੰਦੀ ਨੇ ਰਿਲਾਇੰਸ ਤੇ ਐੱਸਰ ਦੇ ਉਨ੍ਹਾਂ ਪੈਟਰੋਲ ਪੰਪਾਂ ਤੋਂ ਵੀ ਧਰਨੇ ਹਟਾ ਲਏ ਹਨ, ਜੋ ਡੀਲਰਾਂ ਦੇ ਹਨ। ਇਸ ਦੌਰਾਨ ਹੋਰਨਾਂ ਕਿਸਾਨ ਧਿਰਾਂ ਨੇ ਸਵਾਰੀਆਂ ਰੇਲ ਗੱਡੀਆਂ ਡੱਕਣ ਲਈ ਆਪਣੇ ਧਰਨੇ ਰੇਲਵੇ ਸਟੇਸ਼ਨਾਂ ਤੋਂ ਚੁੱਕ ਕੇ ਸਟੇਸ਼ਨ ਵਿਚਲੀਆਂ ਪਾਰਕਿੰਗਾਂ ’ਚ ਤਬਦੀਲ ਕਰ ਦਿੱਤੇ ਹਨ।

ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਉਗਰਾਹਾਂ ਨੇ ਆਖਿਆ ਕਿ ਥਰਮਲ ਪਲਾਂਟਾਂ ਵਾਸਤੇ ਕੋਲੇ ਦੀ ਸਪਲਾਈ ਲਈ ਰਾਹ ਛੱਡਣ ਲਈ ਰੇਲ ਪਟੜੀਆਂ ਖਾਲੀ ਕੀਤੀਆਂ ਹਨ ਪਰ ਹੋਰਨਾਂ 35 ਥਾਵਾਂ ’ਤੇ ਅਣਮਿਥੇ ਸਮੇਂ ਲਈ ਧਰਨੇ ਜਾਰੀ ਹਨ। ਉਨ੍ਹਾਂ ਆਖਿਆ ਕਿ ਕਣਕ ਦੀ ਬਿਜਾਈ ਦੇ ਬਾਵਜੂਦ ਧਰਨਿਆਂ ’ਚ ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਦੀ ਸ਼ਮੂਲੀਅਤ ਨੇ ਸਰਕਾਰ ਦੀਆਂ ਸਿਆਸੀ ਗਿਣਤੀਆਂ ਮਿਣਤੀਆਂ ਫੇਲ੍ਹ ਕਰ ਦਿੱਤੀਆਂ ਹਨ। ਉਨ੍ਹਾਂ ਆਖਿਆ ਕਿ ਪੰਜਾਬ ’ਚ ਰੇਲਾਂ ਨੂੰ ਖ਼ਤਰੇ ਬਾਰੇ ਕੇਂਦਰ ਸਰਕਾਰ ਦਾ ਝੂਠ ਸਾਬਤ ਕਰਨ ਲਈ 20 ਨਵੰਬਰ ਤੱਕ ਨਿੱਜੀ ਥਰਮਲਾਂ ਦੀਆਂ ਅੰਦਰੂਨੀ ਸਪਲਾਈ ਲਾਈਨਾਂ ਤੋਂ ਵੀ ਧਰਨੇ ਹਟਾ ਲਏ ਹਨ। ਬੀਕੇਯੂ ਏਕਤਾ (ਉਗਰਾਹਾਂ) ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਆਖਿਆ ਕਿ ਜਥੇਬੰਦੀ ਵੱਲੋਂ ਥਰਮਲ ਦੇ ਮੁੱਖ ਗੇਟ ਅੱਗੇ ਹਰ-ਰੋਜ਼ ਧਰਨਾ ਦਿੱਤਾ ਜਾਇਆ ਕਰੇਗਾ।

ਬਾਰਦਾਨੇ ਤੇ ਖਾਦ ਦੀ ਤੋਟ ਖ਼ਤਮ ਹੋਣ ਦੀ ਆਸ ਬੱਝੀ

ਪੰਜਾਬ ’ਚ ਨਿੱਜੀ ਥਰਮਲ ਪਲਾਂਟਾਂ ਨੂੰ ਜਾਂਦੀਆਂ ਰੇਲ ਪਟੜੀਆਂ ਤੋਂ ਧਰਨੇ ਚੁੱਕਣ ਮਗਰੋਂ ਜਿਥੇ ਲੋਕਾਂ ਨੂੰ ਬਿਜਲੀ ਦੇ ਕੱਟਾਂ ਤੋਂ ਛੁਟਕਾਰਾ ਮਿਲਣ ਦੀ ਆਸ ਬੱਝੀ ਹੈ, ਉਥੇ ਹੀ ਝੋਨੇ ਲਈ ਬਾਰਦਾਨੇ ਦੀ ਘਾਟ ਤੇ ਕਿਸਾਨਾਂ ਨੂੰ ਖਾਦ ਦੀ ਕਿੱਲਤ ਨਾਲ ਨਹੀਂ ਜੂਝਣਾ ਪਵੇਗਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune