ਮਹਿੰਗਾਈ ਵਧਣ ਮਗਰੋਂ ਮੋਦੀ ਸਰਕਾਰ ਨੂੰ ਆਈ ਕਿਸਾਨਾਂ ਦੀ ਯਾਦ! ਉੱਨਤ ਬੀਜ ਵੰਡਣ ਦਾ ਕੀਤਾ ਐਲਾਨ

May 21 2021

ਦੇਸ਼ ’ਚ ਖ਼ੁਰਾਕੀ ਤੇਲਾਂ ਦੀ ਮਹਿੰਗਾਈ ਵਧਣ ਮਗਰੋਂ ਕੇਂਦਰ ਸਰਕਾਰ ਨੂੰ ਕਿਸਾਨਾਂ ਦਾ ਯਾਦ ਆਈ ਹੈ। ਖ਼ੁਰਾਕੀ ਤੇਲਾਂ ਦਾ ਉਤਪਾਦਨ ਵਧਾਉਣ ਲਈ ਸਰਕਾਰ ਨੇ ਖ਼ਾਸ ਯੋਜਨਾ ਉਲੀਕੀ ਹੈ। ਸਰਕਾਰ ਨੇ ਕਿਸਾਨਾਂ ਨੂੰ ਸੋਇਆਬੀਨ ਤੇ ਮੂੰਗਫਲੀ ਦੇ ਉੱਨਤ ਬੀਜ ਵੰਡਣ ਦੀ ਯੋਜਨਾ ਬਣਾਈ ਹੈ। ਸਰਕਾਰ ਕਿਸਾਨਾਂ ਨੂੰ ਮਿੰਨੀ ਕਿੱਟ ਵੰਡਣ ਜਾ ਰਹੀ ਹੈ। ਇਸ ਕਿੱਟ ’ਚ ਸੋਇਆਬੀਨ ਤੇ ਮੂੰਗਫਲੀ ਸਮੇਤ ਕਈ ਦਾਲਾਂ ਦੇ ਬੀਜ ਦਿੱਤੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਇਸ ਲਈ ਲਗਪਗ 82 ਕਰੋੜ ਰੁਪਏ ਖ਼ਰਚ ਕਰੇਗੀ।

ਦਰਅਸਲ, ਸਰਕਾਰ ਚਾਹੁੰਦੀ ਹੈ ਕਿ ਦੇਸ਼ ’ਚ ਦਾਲ਼ਾਂ ਦੀ ਪੈਦਾਵਾਰ ਵਧਾਈ ਜਾਵੇ, ਤਾਂ ਜੋ ਮਹਿੰਗਾਈ ਨੂੰ ਨਕੇਲ ਪੈ ਸਕੇ ਤੇ ਕਿਸਾਨਾਂ ਨੂੰ ਵੀ ਲਾਭ ਮਿਲੇ। ਕੇਂਦਰੀ ਖੇਤੀ ਮੰਤਰਾਲੇ ਨੇ ਕਿਹਾ ਹੈ ਕਿ ਰਾਜ ਸਰਕਾਰਾਂ ਨਾਲ ਸਲਾਹ ਕਰ ਕੇ ਮਿੰਨੀ ਕਿਟ ਵੰਡਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਇਸ ਵਰ੍ਹੇ ਲਗਪਗ 20 ਲੱਖ ਕਿਸਾਨਾਂ ਨੂੰ ਕਿਟਸ ਵੰਡੀਆਂ ਜਾਣਗੀਆਂ। ਇਸ ਕਿਟ ਦਾ ਸਾਰਾ ਖ਼ਰਚਾ ਕੇਂਦਰ ਸਰਕਾਰ ਹੀ ਝੱਲੇਗੀ। ਕਿਟ ’ਚ ਸੋਇਆਬੀਨ, ਮੂੰਗਫਲੀ, ਤੂਰ, ਉੜਦ ਤੇ ਮੂੰਗ ਦੀ ਦਾਲ ਦੇ ਬੀਜ ਵੰਡੇ ਜਾਣਗੇ।

ਇਸ ਦੇ ਨਾਲ ਹੀ ਸਰਕਾਰ ਨੇ ਦੱਸਿਆ ਹੈ ਕਿ ਰਾਸ਼ਟਰੀ ਮੱਧੂਮੱਖੀ ਪਾਲਣ ਤੇ ਸ਼ਹਿਦ ਮਿਸ਼ਨ (NBHM) ਦੀ ‘ਮਿੱਠੇ ਇਨਕਲਾਬ’ ਜਿਹੀ ਪਹਿਲ ਨਾਲ ਦੇਸ਼ ਵਿੱਚ ਸ਼ਹਿਦ ਦਾ ਉਤਪਾਦਨ ਤੇ ਬਰਾਮਦ ਵਧੇ ਹਨ। ਵਿਗਿਆਨਕ ਤਰੀਕੇ ਨਾਲ ਮਧੂਮੱਖੀ ਪਾਲਣ ਦੇ ਵਿਕਾਸ ਲਈ ‘ਮਿੱਠੇ ਇਨਕਲਾਬ’ ਅਧੀਨ 300 ਕਰੋੜ ਰੁਪਏ ਪ੍ਰਵਾਨ ਕੀਤੇ ਗਏ ਹਨ। ਇਸ ਦੇ ਨਾਲ ਹੀ ਐੱਨਬੀਐੱਚਐੱਮ ਨੂੰ ‘ਆਤਮ-ਨਿਰਭਰ ਭਾਰਤ’ ਮੁਹਿੰਮ ’ਚ ਕੇਂਦਰ ਸਰਕਾਰ ਵੱਲੋਂ 500 ਕਰੋੜ ਰੁਪਏ ਵੰਡੇ ਗਏ ਹਨ।

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਪਿੰਡ-ਗ਼ਰੀਬ-ਕਿਸਾਨਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਪੂਰੀ ਤਰ੍ਹਾਂ ਸਮਰਪਿਤ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਬਸਿਡੀ ਵਧਾਉਣ ਦਾ ਇਤਿਹਾਸਕ ਫ਼ੈਸਲਾ ਲੈਂਦਿਆਂ ਖਾਦਾਂ ਦੇ ਵਧੇ ਹੋਏ ਭਾਅ ਦਾ ਬੋਝ ਕਿਸਾਨਾਂ ਉੱਤੇ ਨਹੀਂ ਆਉਣ ਦਿੱਤਾ।

ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਜਦੋਂ ਡੀਏਪੀ ਦਾ ਇੱਕ ਥੈਲਾ 1,200 ਰੁਪਏ ’ਚ ਮਿਲਦਾ ਸੀ, ਤਦ ਇਸ ਦੀ ਅਸਲ ਕੀਮਤ 1,700 ਰੁਪਏ ਹੁੰਦੀ ਸੀ ਕਿਉਂਕਿ 500 ਰੁਪਏ ਸਰਕਾਰ ਦਿੰਦੀ ਸੀ। ਕੌਮਾਂਤਰੀ ਪੱਧਰ ਉੱਤੇ ਫ਼ਾਸਫ਼ੋਰਿਕ ਐਸਿਡ, ਅਮੋਨੀਆ ਆਦਿ ਦੀਆਂ ਕੀਮਤਾਂ ਵਧਣ ਕਾਰਣ ਡੀਏਪੀ ਦੀ ਕੀਮਤ ਵਧੀ, ਜਿਸ ਨਾਲ ਇੱਕ ਥੈਲਾ 2,400 ਰੁਪਏ ਦਾ ਹੋ ਗਿਆ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live