ਮਰਦ ਖੇੜਾ ’ਚ ਕਣਕ ਦੀ ਸਿੱਧੀ ਬਿਜਾਈ ਦਾ ਨਿਰੀਖ਼ਣ

November 09 2021

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਦੇ ਖੇਤੀ ਮਾਹਿਰਾਂ ਦੀ ਟੀਮ ਵੱਲੋਂ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਵਿੱਢੀ ਮੁਹਿੰਮ ਅਧੀਨ ਪਿੰਡ ਮਰਦ ਖੇੜਾ ਵਿੱਚ ਜਗਜੀਤ ਸਿੰਘ ਜੱਗੀ ਦੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਸੁਪਰ ਸੀਡਰ ਅਤੇ ਹੈਪੀ ਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਦਾ ਸਫ਼ਲ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਡਾ. ਮਨਦੀਪ ਸਿੰਘ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਨੇ ਦੱਸਿਆ ਕਿ ਐੱਸਐੱਮਐੱਸ ਵਾਲੀ ਕੰਬਾਈਨ ਨਾਲ ਝੋਨੇ ਦੀ ਕਟਾਈ ਕਰਵਾਉਣ ਉਪਰੰਤ ਹੈਪੀ ਸੀਡਰ ਅਤੇ ਸੁਪਰ ਸੀਡਰ ਨਾਲ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲ ਕੇ ਕਣਕ ਦੀ ਬਿਜਾਈ ਸਮੇਂ ਸਿਰ ਕੀਤੀ ਜਾ ਸਕਦੀ ਹੈ। ਇਸ ਤਰੀਕੇ ਨਾਲ ਜਿੱਥੇ ਪਰਾਲੀ ਖੇਤ ਵਿੱਚ ਰਲਣ ਉਪਰੰਤ ਖਾਦ ਦਾ ਕੰਮ ਕਰਦੀ ਹੈ, ਉੱਥੇ ਹੀ ਹਵਾ ਪ੍ਰਦੂਸ਼ਣ ਤੋਂ ਵੀ ਬਚਾਅ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜਗਜੀਤ ਸਿੰਘ ਵੱਲੋਂ 9 ਏਕੜ ਵਿੱਚ ਸੁਪਰ ਸੀਡਰ ਅਤੇ 11 ਏਕੜ ਵਿੱਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ। ਉਸਨੇ ਦੱਸਿਆ ਹੈਪੀ ਸੀਡਰ ਨਾਲ ਬੀਜੀ ਕਣਕ ਦਾ ਝਾੜ ਵੀ ਨਹੀਂ ਘਟਦਾ ਅਤੇ ਬਿਜਾਈ ਕਰਨ ਲਈ ਵੀ ਖਰਚਾ ਘੱਟ ਆਉਂਦਾ ਹੈ। ਹੈਪੀ ਸੀਡਰ ਨਾਲ ਬੀਜੀ ਕਣਕ ਡਿੱਗਦੀ ਵੀ ਨਹੀਂ ਅਤੇ ਨਦੀਨਾਂ ਦੀ ਸੱਮਸਿਆ ਵੀ ਬਹੁਤ ਘੱਟ ਆਉਂਦੀ ਹੈ। ਸੁਪਰ ਸੀਡਰ ਨਾਲ ਪਰਾਲੀ ਖੇਤ ਵਿੱਚ ਰਲ ਜਾਂਦੀ ਹੈ ਅਤੇ ਪਹਿਲੇ ਪਾਣੀ ਤੋਂ ਬਾਅਦ ਛੇਤੀ ਖਾਦ ਬਣ ਜਾਂਦੀ ਹੈ। ਇਸ ਪ੍ਰਦਰਸ਼ਨੀ ਮੌਕੇ ਬੀਜ ਨੂੰ ਨਿਓਨਿਕਸ ਦਵਾਈ ਨਾਲ ਸੋਧਣ ਦਾ ਢੰਗ ਵੀ ਸਾਂਝਾ ਕੀਤਾ ਗਿਆ। ਬੀਜ ਦੀ ਸੋਧ ਨਾਲ ਕਣਕ ਨੂੰ ਸਿਉਂਕ ਅਤੇ ਕਾਂਗਿਆਰੀ ਦਾ ਰੋਗ ਨਹੀਂ ਲਗਦਾ। ਇਸ ਪ੍ਰਦਰਸ਼ਨੀ ਮੌਕੇ ਡਾ. ਅਸ਼ੋਕ ਕੁਮਾਰ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਅਤੇ ਹੋਰ ਕਿਸਾਨ ਵੀ ਹਜ਼ਾਰ ਸਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune