ਭਾਕਿਯੂ ਉਗਰਾਹਾਂ ਵੱਲੋਂ 40 ਪਿੰਡਾਂ ਵਿੱਚ ਤਿਆਰੀ ਰੈਲੀਆਂ

March 19 2021

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਵਿੱਚ ਲਗਾਤਾਰ ਦੋ ਦਿਨਾਂ ਵਿੱਚ ਇਲਾਕੇ ਦੇ 40 ਪਿੰਡਾਂ ਵਿੱਚ ਤਿਆਰੀ ਰੈਲੀਆਂ ਕੀਤੀਆਂ ਗਈਆਂ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 5 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਸੈਂਕੜੇ ਕਿਸਾਨਾਂ ਦੀਆਂ ਸ਼ਹਾਦਤਾਂ ਹੋ ਚੁਕੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਦੇਸ਼ ਦੇ ਲੋਕਾਂ ਵਿੱਚ ਹੋਰ ਰੋਹ ਭਰਦਾ ਜਾ ਰਿਹਾ ਹੈ ਤੇ ਕਿਸਾਨ ਸੰਘਰਸ਼ ਫੈਲਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ’ਤੇ 21 ਮਾਰਚ ਨੂੰ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਦਾਣਾ ਮੰਡੀ ਸੁਨਾਮ ਵਿੱਚ ਨੌਜਵਾਨ ਏਕਤਾ ਰੈਲੀ ਕੀਤੀ ਜਾ ਰਹੀ ਹੈ ਤੇ 22 ਮਾਰਚ ਨੂੰ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਨੌਜਵਾਨਾਂ ਦਾ ਵੱਡਾ ਮੋਟਰਸਾਈਕਲਾਂ ਦਾ ਕਾਫਲਾ ਦਿੱਲੀ ਦੇ ਟਿੱਕਰੀ ਮੋਰਚੇ ਵੱਲ ਰਵਾਨਾ ਹੋਵੇਗਾ। ਉਨ੍ਹਾਂ ਕਿਹਾ ਕਿ 23 ਮਾਰਚ ਨੂੰ ਸ਼ਹੀਦੀ ਦਿਵਸ ਗਦਰੀ ਗੁਲਾਬ ਕੌਰ ਨਗਰ ਬਹਾਦਰਗੜ੍ਹ ਵਿੱਚ ਪਕੌੜਾ ਚੌਕ ਟਿੱਕਰੀ ਬਾਰਡਰ ’ਤੇ ਮਨਾਇਆ ਜਾਵੇਗਾ। ਇਸ ਲਈ ਪਿੰਡਾਂ ਤੇ ਸ਼ਹਿਰਾਂ ਵਿੱਚ ਰੈਲੀਆਂ ਕੀਤੀਆਂ ਗਈਆਂ, ਜਿਸ ’ਚ ਨੌਜਵਾਨ ਮੁੰਡੇ ਕੁੜੀਆਂ ਨੇ ਰੈਲੀਆਂ ਵਿੱਚ ਪਹੁੰਚਣ ਦਾ ਪੂਰਾ ਹੁੰਗਾਰਾ ਦਿੱਤਾ। ਇਸ ਮੌਕੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ, ਬਲਵਿੰਦਰ ਸਿੰਘ ਘਨੌੜ, ਚਮਕੌਰ ਸਿੰਘ ਲੱਡੀ, ਲਾਡੀ ਬਖੋਪੀਰ ਤੇ ਕਰਮ ਚੰਦ ਪੰਨਵਾਂ ਹਾਜ਼ਰ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune