ਭਾਅ ਵਧਣ ਕਾਰਨ ਕਿਸਾਨ ਘਰ ਰੱਖਿਆ ਨਰਮਾ ਵੇਚਣ ਲੱਗੇ

November 08 2021

ਬੇਸ਼ੱਕ ਇਸ ਇਲਾਕੇ ’ਚ ਬੀਜੇ ਨਰਮਾ ਨੂੰ ਪੰਜਾਬ ਦੇ ਹੋਰ ਇਲਾਕਿਆਂ ਵਾਂਗ ਗੁਲਾਬੀ ਸੁੰਡੀ ਦਾ ਸੰਤਾਪ ਭੁਗਤਣਾ ਪੈ ਰਿਹਾ ਹੈ। ਇਸ ਵਾਰ ਨਰਮੇ ਦੀ ਘਾਟ ਕਰਕੇ ਨਰਮਾ 8700 ਰੁਪਏ ਤੋਂ ਵੱਧ ਤੱਕ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਹੈ ਜਿਸ ਕਰਕੇ ਨਰਮਾ ਉਤਪਾਦਕ ਕਿਸਾਨ ਘਰ ਰੱਖਿਆ ਨਰਮਾ ਵੇਚਣ ਨੂੰ ਪਹਿਲ ਦੇਣ ਲੱਗੇ ਹਨ। ਜਦੋਂ ਕਿ ਝੋਨੇ ਨਾਲ ਨੱਕੋ ਨੱਕ ਭਰੀ ਅਨਾਜ ਮੰਡੀ ਵਿੱਚ ਵੀ ਨਰਮੇ ਦੀ ਮੰਗ ਵਧਣ ਕਰਕੇ ਕਿਸਾਨ ਨਰਮਾ ਲਿਆਉਣ ਲਈ ਮਜਬੂਰ ਹਨ।

ਪਿੰਡ ਗਿਦੜਿਆਣੀ ਦੇ ਨਰਮਾ ਉਤਪਾਤਕ ਅਜੈਬ ਸਿੰਘ ਅੱਜ ਨਰਮੇ ਦੀ ਆਖਰੀ ਝਾੜ ਵਜੋਂ ਇੱਕ ਟਰਾਲੀ ਭਰਕੇ ਵੇਚਣ ਲਈ ਲਿਆਇਆ ਹੈ ਜੋ ਕਿ 8700 ਦੇ ਭਾਅ ’ਤੇ ਵਪਾਰੀ ਨੇ ਖਰੀਦਿਆ ਹੈ। ਇਸ ਵਾਰ ਗੁਲਾਬੀ ਸੁੰਡੀ ਕਰਕੇ ਨਰਮੇ ਦੀ ਬਹੁਤ ਘੱਟ ਆਮਦ ਹੋਣ ਕਰਕੇ ਪੱਲੇੇ ਕਪਾਹ ਕਾਰਖਾਨੇਦਾਰਾਂ ਦੀ ਵੀ ਚਿੰਤਾ ਵਧਾ ਦਿੱਤੀ ਹੈ । ਦੱਸਣਯੋਗ ਹੈ ਕਿ ਨਰਮੇ ਦੇ ਰੇਟ ਸਰਕਾਰੀ ਸਮਰਥਨ ਮੁੱਲ 6050 ਦੇ ਮੁਕਾਬਲੇ ਸਵਾਇਆਂ ਵਿਕਣ ਕਰਕੇ ਕਾਟਨ ਕਾਰਪੋਰੇਸ਼ਨ ਖਰੀਦ ਲਈ ਅੱਗੇ ਨਹੀਂ ਆਈ। ਮਾਰਕੀਟ ਕਮੇਟੀ ਦੇ ਮੰਡੀ ਸੁਪਰਵਾਈਜ਼ਰ ਰਣਧੀਰ ਖਾਲਸਾ, ਮੋਹਿਤ ਮਨੀ ਜਲੂਰ ਨੇ ਦੱਸਿਆ ਕਿ ਅੱਜ ਤੱਕ ਸਿਰਫ 2700 ਰੁਪਏ ਕੁਇੰਟਲ ਨਰਮਾ ਵਿਕਿਆ ਹੈ। ਜ਼ਿਕਰਯੋਗ ਹੈ ਕਿ ਖੇਤੀ ਵਿਕਾਸ ਅਫਸਰ ਡਾ. ਇੰਦਰਜੀਤ ਸਿੰਘ ਭੱਟੀ ਅਨੁਸਾਰ ਲਹਿਰਾਗਾਗਾ ਬਲਾਕ ’ਚ ਇਸ ਵਾਰ 1250 ਹੈਕਟੇਅਰ ਰਕਬੇ ’ਚ ਨਰਮੇ ਦੀ ਕਾਸ਼ਤ ’ਚੋਂ 1225 ਹੈਕਟੇਅਰ ਰਕਬੇ ’ਚ ਬੀਜੇ ਨਰਮੇ ’ਚ ਗੁਲਾਬੀ ਸੁੰਡੀ ਪੈਣ ਕਰਕੇ 25 ਫੀਸਦੀ ਤੋਂ 100 ਫੀਸਦੀ ਤੱਕ ਫਸਲ ਪ੍ਰਭਾਵਿਤ ਹੋਈ ਹੈ। ਇਥੇ ਸਿਰਫ ਕ੍ਰਿਸ਼ਨਾ ਕਾਟਨ ਮਿੱਲ ਅਤੇ ਵਿਜੈ ਕੁਮਾਰ ਐਂਡ ਸੰਨਜ਼ ਕਾਟਨ ਮਿਲ ਤੇ ਨਿਤਿੰਨ ਕਾਟਨ ਮਿਲ ਨਰਮਾ ਖਰੀਦ ਰਹੀਆਂ ਹਨ। ਮਿੱਲ ਮਾਲਕਾਂ ਦਾ ਕਹਿਣਾ ਹੈ ਕਿ ਇੱਕ ਕਪਾਹ ਮਿੱਲ ਚਲਾਉਣ ਲਈ ਘੱਟੋ ਘੱਟ 100 ਗੱਠਾਂ ਦਾ ਮਾਲ ਚਾਹੀਦਾ ਹੈ ਅਤੇ ਕੌਮਾਂਤਰੀ ਪੱਧਰ ’ਤੇ ਵੜੇਵੇਂ, ਰੂੰ, ਤੇਲ ਦੇ ਭਾਅ ਵੱਧਣ ਕਰਕੇ ਉਹ ਨਰਮਾ 8700 ਤੱਕ ਦੀ ਖਰੀਦ ਕਰ ਰਹੇ ਹਨ ਪਰ ਨਰਮੇ ਦੀ ਲਗਾਤਾਰ ਆਮਦ ਘੱਟਣ ਕਰਕੇ ਤਿੰਨੇ ਕਪਾਹ ਮਿੱਲਾਂ ’ਚ ਲੱਗੀ ਕਰੋੜਾਂ ਰੁਪਏ ਦੀ ਮਸ਼ੀਨਰੀ, ਬਿਲ, ਲੇਬਰ, ਖਰਚੇ ਕੱਢਣੇ ਮੁਸ਼ਕਲ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune