ਬੈਰੀਕੇਡ ਤੋੜ ਕੇ ਹਰਿਆਣਾ ’ਚ ਦਾਖਲ ਹੋਏ ਕਿਸਾਨ

November 27 2020

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਵਿਰੋਧੀ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 26 ਤੇ 27 ਨਵੰਬਰ ਨੂੰ ਦਿੱਲੀ ਵਿੱਚ ਦਿੱਤੇ ਜਾ ਰਹੇ ਧਰਨੇ ਸਬੰਧੀ ਜਿੱਥੇ ਕਿਸਾਨਾਂ ਵੱਲੋਂ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਗਈਆਂ ਹਨ, ਉੱਥੇ ਹੀ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ’ਚ ਦਾਖਲ ਹੋਣ ਤੋਂ ਰੋਕਣ ਲਈ ਪੰਜਾਬ-ਹਰਿਆਣਾ ਦੇ ਪਟਿਆਲਾ-ਦੇਵੀਗੜ੍ਹ-ਪਿਹੋਵਾ ਰਾਜ ਮਾਰਗ ’ਤੇ ਬੈਰੀਕੇਡ ਲਗਾ ਕੇ ਬਾਰਡਰ ਸੀਲ ਕਰ ਦਿੱਤਾ ਗਿਆ ਸੀ। ਇਸ ਬਾਰਡਰ ਨੂੰ ਪਾਰ ਕਰਨ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ ਤੇ ਪੰਜਾਬ ਤੋਂ ਹੋਰ ਵੱਖ ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਸਾਰੀਆਂ ਹੀ ਜਥੇਬੰਦੀਆਂ ਦੇ ਕਿਸਾਨਾਂ ਨੇ ਹਰਿਆਣਾ ਬਾਰਡਰ ਵੱਲ ਨੂੰ ਰੁਖ ਕੀਤਾ। ਜਿੱਥੇ ਪਹਿਲਾਂ ਹਰਿਆਣਾ ਪੁਲੀਸ ਨੇ ਕਿਸਾਨਾਂ ਨੂੰ ਹਰਿਆਣਾ ਬਾਰਡਰ ’ਤੇ ਰੋਕ ਲਿਆ ਸੀ ਪਰ ਬਾਅਦ ਵਿੱਚ ਨੌਜਵਾਨ ਕਿਸਾਨਾਂ ਦੇ ਭਾਰੀ ਹਜੂਮ ਨੇ ਸੜਕ ’ਤੇ ਲਾਏ ਬੈਰੀਕੇਟ ਨੂੰ ਹਟਾ ਦਿੱਤਾ। ਇਸ ਮੌਕੇ ਹਰਿਆਣਾ ਪੁਲੀਸ ਨੇ ਕਿਸਾਨਾਂ ’ਤੇ ਪਾਣੀ ਦੀਆਂ ਬੁਛਾੜਾਂ ਦੀ ਵਾਛੜ ਕਰ ਦਿੱਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ-ਪਿਹੋਵਾ ਵਾਇਆ ਦੇਵੀਗੜ੍ਹ ਹਰਿਆਣਾ ਬਾਰਡਰ ’ਤੇ ਅੱਜ ਦੁਪਹਿਰੇ ਕਿਸਾਨਾਂ ਦਾ ਭਾਰੀ ਗਿਣਤੀ ’ਚ ਕਿਸਾਨ ਇਕੱਠੇ ਹੋ ਗਏ, ਜਿਨ੍ਹਾਂ ਦੀ ਗਿਣਤੀ ਇੱਕ ਹਜ਼ਾਰ ਦੇ ਕਰੀਬ ਸੀ, ਨੇ ਪਹਿਲਾਂ ਤਾਂ ਕਿਸਾਨਾਂ ਨੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਕਿਸਾਨਾਂ ਨੇ ਮੋਦੀ ਸਰਕਾਰ ਵਿਰੁੱਧ ਭੜਾਸ ਕੱਢੀ। ਇਸ ਦੌਰਾਨ ਕਿਸਾਨ ਬੈਰੀਕੇਡ ਹਟਾਉਣ ਲਈ ਬਜਿੱਦ ਰਹੇ ਤੇ ਕੁਝ ਸਮੇਂ ਬਾਅਦ ਬੈਰੀਕੇਟ ਹਟਾਉਣ ਦੀ ਕੋਸ਼ਿਸ਼ ਕੀਤੀ ਤੇ ਬਾਅਦ ’ਚ ਨੌਜਵਾਨਾਂ ਦੇ ਹਜੂਮ ਨੇ ਬੈਰੀਕੇਡ ਨੂੰ ਪਾਸੇ ਹਟਾ ਦਿੱਤਾ ਤੇ ਹਰਿਆਣਾ ’ਚ ਦਾਖਲ ਹੋ ਗਏ। ਇਸ ਮੌਕੇ ਹਰਿਆਣਾ ਪੁਲੀਸ ਨੇ ਪਿੰਡ ਟਿਊਕਰ ਨੇੜੇ ਲਾਏ ਦੂਜੇ ਬੈਰੀਕੇਡ ’ਤੇ ਕਿਸਾਨਾਂ ਨੂੰ ਰੋਕ ਲਿਆ, ਜਿੱਥੇ ਕਿਸਾਨ ਇਸ ਬੈਰੀਕੇਡ ਨੂੰ ਵੀ ਹਟਾਉਣ ਦੀ ਕੋਸ਼ਿਸ ਕਰ ਰਹੇ ਸਨ। ਇਸ ਮੌਕੇ ਇਕੱਤਰ ਹੋਏ ਵੱਡੀ ਗਿਣਤੀ ਕਿਸਾਨ ਜੈਕਾਰੇ ਲਾਉਂਦੇ ਹੋਏ ਅੱਗੇ ਵਧੇ।

ਪਟਿਆਲਾ-ਚੀਕਾ ਹਾਈਵੇਅ ’ਤੇ ਸੀਲ ਬਾਰਡਰ ਨੂੰ ਤੋੜ ਕੇ ਕਿਸਾਨ ਹਰਿਆਣਾ ’ਚ ਦਾਖਲ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ’ਚ ਧਰਨਾ ਲਗਾਉਣ ਲਈ ਦਿੱਲੀ ਵੱਲ ਜਾ ਰਹੇ ਪੰਜਾਬ ਕਿਸਾਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਸੂਬੇ ਅੰਦਰ ਦਾਖਲ ਹੋਣ ਤੋਂ ਰੋਕਿਆ ਹੋਇਆ ਸੀ। ਅੱਜ ਸਵੇਰੇ ਪਟਿਆਲਾ-ਚੀਕਾ ਸਟੇਟ ਹਾਈਵੇਅ ਤੇ ਘੱਗਰ ’ਤੇ ਹਰਿਆਣਾ ਪ੍ਰਸ਼ਾਸਨ ਵੱਲੋਂ ਕੀਤੇ ਬਾਰਡਰ ਸੀਲ ਨੂੰ ਤੋੜਦੇ ਹੋਏ ਕਿਸਾਨ ਹਰਿਆਣਾ ਅੰਦਰ ਦਾਖਲ ਹੋ ਗਏ। ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਦੀ ਇੱਕਤਰਤਾ ਪੰਜਾਬ ਦੇ ਪਿੰਡ ਰਾਮਨਗਰ ’ਚ ਕੀਤੀ ਗਈ। ਬੀਤੀ ਦੇਰ ਰਾਤ ਤੋਂ ਵੱਡੀ ਗਿਣਤੀ ’ਚ ਟਰੈਕਟਰ-ਟਰਾਲੀਆਂ ਤੇ ਹੋਰਨਾਂ ਵਾਹਨਾਂ ਰਾਹੀਂ ਹਜ਼ਾਰਾਂ ਕਿਸਾਨ ਪੁੱਜੇ। ਇਸ ਮੌਕੇ ਕਿਸਾਨ ਜੱਥੇਬੰਦੀਆਂ ਦੇ ਪ੍ਰਧਾਨ ਡਾ. ਦਰਸ਼ਨ ਪਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਹੋਰਨਾਂ ਕਈ ਕਿਸਾਨ ਆਗੂਆਂ ਦੀ ਅਗਵਾਈ ਹੇਠ ਲਗਪਗ ਦੁਪਹਿਰ 12 ਵਜੇ ਹਰਿਆਣਾ ਬਾਰਡਰ ਲਈ ਕਿਸਾਨਾਂ ਦਾ ਕਾਫਲਾ ਰਵਾਨਾ ਹੋਇਆ। ਪੰਜਾਬ ਦੀ ਹੱਦ ’ਤੇ ਹਰਿਆਣਾ ਦੇ ਸੀਲ ਕੀਤੇ ਬਾਰਡਰ ਨੇੜੇ ਕਿਸਾਨ ਆਗੂਆਂ ਨੇ ਪੁੱਜ ਕੇ ਹਰਿਆਣਾ ਸਰਕਾਰ ਖ਼ਿਲਾਫ਼ ਪਿੱਟ ਸਿਆਪਾ ਕੀਤਾ ਗਿਆ। ਇਸ ਦੌਰਾਨ ਕਿਸਾਨ ਨੌਜਵਾਨਾਂ ਦਾ ਹਰਿਆਣਾ ਸਰਕਾਰ ਖ਼ਿਲਾਫ਼ ਗੁੱਸਾ ਭੜਕ ਉੱਠਿਆ ਤੇ ਥੋੜ੍ਹੇ ਦੂਰੀ ’ਤੇ ਸਥਿਤ ਹਰਿਆਣਾ ਪ੍ਰਸ਼ਾਸਨ ਵੱਲੋਂ ਸੀਲ ਕੀਤੇ ਬਾਰਡਰ ਤੇ ਬੈਰੀਕੈਟਸ ਤੋੜ ਦਿੱਤੇ। ਇਸ ਦੌਰਾਨ ਹਰਿਆਣਾ ਪੁਲੀਸ ਨੇ ਕਿਸਾਨਾਂ ਤੇ ਵਾਟਰ ਕੈਨਨ ਤੇ ਆਸੂ ਗੈਸ ਦੇ ਗੋਲਿਆਂ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਦੇ ਗੁੱਸੇ ਅੱਗੇ ਸਭ ਫੇਲ ਹੋ ਗਿਆ। ਨੌਜਵਾਨਾਂ ਨੇ ਵਾਟਰ ਕੈਨਨ ਦੇ ਪਾਈਪ ਤੋੜ ਦਿੱਤੇ, ਪੁਲੀਸ ਦੇ ਟੈਂਟ ਉਖਾੜ ਦਿੱਤੇ ਤੇ ਹਰਿਆਣਾ ਪ੍ਰਸ਼ਾਸਨ ਵਲੋਂ ਨਾਕਾਬੰਦੀ ਲਈ ਲਗਾਏ ਗਏ ਪੱਥਰਾਂ ਨੂੰ ਵੀ ਇੱਕ ਪਾਸੇ ਸੁੱਟ ਦਿੱਤਾ। ਕਿਸਾਨ ਜਥੇਬੰਦੀਆਂ ਦੇ ਆਗੂ ਡਾ. ਦਰਸ਼ਨ ਪਾਲ ਸਿੰਘ ਨੇ ਕਿਹਾ ਕਿ ਖਟੱੜ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਦੀ ਪਿੱਠੂ ਬਣੀ ਹੋਈ ਹੈ। ਇਸ ਲਈ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਹਰਿਆਣਾ ਬਾਰਡਰ ’ਤੇ ਰੋਕਿਆ ਹੋਇਆ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune