ਬੀਟੈੱਕ ਕੀਤੀ ਪਾਸ, ਕਿਸਾਨ ਨੇ 5 ਸਾਲਾਂ ਤੋਂ ਨਹੀਂ ਸਾੜੀ ਪਰਾਲੀ ਤੇ ਨਾੜ

October 29 2020

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮਲਕਪੁਰ ਦਾ ਬੀਟੈੱਕ ਪਾਸ ਨੌਜਵਾਨ ਪਰਮਵੀਰ ਸਿੰਘ ਆਧੁਨਿਕ ਤਰੀਕੇ ਨਾਲ ਖੇਤੀ ਕਰ ਕੇ ਅਤੇ ਪਿਛਲੇ 5 ਸਾਲਾਂ ਤੋਂ ਪਰਾਲੀ ਤੇ ਨਾੜ ਨੂੰ ਅੱਗ ਨਾ ਲਗਾ ਕੇ ਕਿਸਾਨਾਂ ਲਈ ਮਿਸਾਲ ਬਣਿਆ ਹੋਇਆ ਹੈ। ਅਗਾਂਹਵਧੂ ਕਿਸਾਨ ਪਰਮਵੀਰ ਸਿੰਘ ਜਿੱਥੇ ਆਪ ਖੇਤਾਂ ਵਿਚ ਅੱਗ ਨਹੀਂ ਲਾਉਂਦਾ, ਉਥੇ ਹੋਰ ਕਿਸਾਨਾਂ ਨੂੰ ਵੀ ਅੱਗ ਨਾ ਲਾਉਣ ਲਈ ਪ੍ਰੇਰਿਤ ਕਰ ਰਿਹਾ ਹੈ।

ਪਰਮਵੀਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਖੇਤੀ ਮਾਹਿਰਾਂ ਦੀ ਸਲਾਹ ਨਾਲ ਖੇਤੀ ਕਰਦਾ ਹੈ। 30 ਏਕੜ ਜ਼ਮੀਨ ਤੇ 9 ਏਕੜ ਠੇਕੇ ਤੇ ਲੈ ਕੇ ਖੇਤੀ ਕਰ ਰਿਹਾ ਹੈ, ਉਹ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਸਾਰੀ ਪਰਾਲੀ ਇਕੱਠੀ ਕਰ ਕੇ ਚੁਕਵਾ ਦਿੰਦਾ ਹੈ। ਉਸ ਨੇ ਦੱਸਿਆ ਕਿ ਬੇਲਰ ਤੇ ਰੇਕ ਮਸ਼ੀਨ ਨਾਲ ਪਰਾਲੀ ਨੂੰ ਵਧੀਆ ਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਦਾ ਹੈ।

ਉਸ ਨੇ ਦੱਸਿਆ ਕਿ ਪਰਾਲੀ ਚੁਕਾਉਣ ਦਾ 2000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਲੈ ਕੇ ਬੇਲਰ ਤੇ ਰੇਕ ਮਸ਼ੀਨ, ਜਿਸ ਦਾ ਕਰੀਬ 2000 ਰੁਪਏ ਖਰਚਾ ਪ੍ਰਤੀ ਏਕੜ ਬਣਦਾ ਹੈ, ਪ੍ਰਾਪਤ ਕਰਦਾ ਹੈ। ਉਸ ਨੇ ਦੱਸਿਆ ਕਿ ਮਾਮੂਲੀ ਕੀਮਤ ਤੇ ਖੇਤ ਵਿਚ ਪਰਾਲੀ ਸਾਂਭਣ ਦਾ ਇਹ ਕਾਰਗ਼ਰ ਢੰਗ ਹੈ। ਕਿਸਾਨ ਮੁਤਾਬਕ ਬੇਲਰ ਤੇ ਰੇਕ ਮਸ਼ੀਨ ਬਲਾਕ ਪੱਧਰ ਤੇ ਮੁਹੱਈਆ ਹੋਣ ਨਾਲ ਕਿਸਾਨਾਂ ਨੂੰ ਇਸ ਦਾ ਹੋਰ ਫ਼ਾਇਦਾ ਮਿਲ ਸਕਦਾ ਹੈ।

ਪਰਮਵੀਰ ਸਿੰਘ ਮੁਤਾਬਕ ਪਰਾਲੀ ਪ੍ਰਬੰਧ ਕਰਨ ਤੋਂ ਬਾਅਦ ਬਰਸੀਮ ਦੀ ਫ਼ਸਲ ਦੀ ਬਿਜਾਈ ਕਰਦਾ ਹੈ ਤੇ ਆਪਣਾ ਬੀਜ ਤਿਆਰ ਕਰ ਕੇ ਮੁਨਾਫ਼ਾ ਹਾਸਲ ਕਰਦਾ ਹੈ। ਉਸ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਚੌਗਿਰਦਾ ਪਲੀਤ ਹੋਣ ਤੋਂ ਬਚਾਉਣ ਲਈ ਪਰਾਲੀ ਤੇ ਨਾੜ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪਰਾਲੀ ਨੂੰ ਸਾਂਭਣਾ ਚਾਹੀਦਾ ਹੈ ਜਾਂ ਫੇਰ ਖੇਤਾਂ ਵਿਚ ਵਾਹ ਦੇਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਨਾੜ ਨੂੰ ਅੱਗ ਨਾ ਲਾਉਣ ਪਿੱਛੋਂ ਜਿੱਥੇ ਮਿੱਤਰ ਕੀੜੇ ਬਚੇ ਰਹਿੰਦੇ ਹਨ ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran