ਬਨੂੜ ਮੰਡੀ ’ਚ ਚੌਥੇ ਦਿਨ ਵੀ ਨਾ ਹੋਈ ਝੋਨੇ ਦੀ ਸਰਕਾਰੀ ਖਰੀਦ

October 05 2019

ਪਹਿਲੀ ਅਕਤੂਬਰ ਨੂੰ ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖਰੀਦ ਆਰੰਭ ਕਰਨ ਦੇ ਦਾਅਵਿਆਂ ਦੇ ਬਾਵਜੂਦ ਚਾਰ ਦਿਨ ਲੰਘਣ ਤੋਂ ਬਾਦ ਵੀ ਬਨੂੜ ਮੰਡੀ ਵਿੱਚ ਝੋਨੇ ਦੀ ਸਰਕਾਰੀ ਖਰੀਦ ਆਰੰਭ ਨਹੀਂ ਹੋ ਸਕੀ। ਮੰਡੀ ਵਿੱਚ ਬਾਰਾਂ ਹਜ਼ਾਰ ਤੋਂ ਵੱਧ ਕੁਵਿੰਟਲ ਝੋਨਾ ਵਿਕਰੀ ਦੀ ਉਡੀਕ ਵਿੱਚ ਪਿਆ ਹੈ। ਇਸ ਵਿੱਚੋਂ ਵੱਡੀ ਮਾਤਰਾ ਵਿੱਚ ਝੋਨੇ ਦੀ ਆੜ੍ਹਤੀਆਂ ਵੱਲੋਂ ਬੋਰੀਆਂ ਵਿੱਚ ਕੱਚੀ ਭਰਾਈ ਕਰਾਈ ਜਾ ਚੁੱਕੀ ਹੈ ਤੇ ਮੰਡੀ ਵਿੱਚ ਬੋਰੀਆਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ। ਪਿਛਲੇ ਦੋ ਦਿਨਾਂ ਦੌਰਾਨ ਮੰਡੀ ਵਿੱਚ ਪੰਜ ਸੌ ਕੁਵਿੰਟਲ ਤੋਂ ਵੱਧ ਝੋਨਾ ਵਿਕਰੀ ਲਈ ਆਇਆ ਹੈ। ਬਨੂੜ ਮੰਡੀ ਵਿੱਚੋਂ ਪਨਗਰੇਨ ਅਤੇ ਮਾਰਕਫ਼ੈੱਡ ਨੇ ਝੋਨੇ ਦੀ ਖਰੀਦ ਕਰਨੀ ਹੈ। ਦੋਵੇਂ ਏਜੰਸੀਆਂ ਦੇ ਖ੍ਰੀਦ ਅਧਿਕਾਰੀ ਰੋਜ਼ਾਨਾ ਮੰਡੀ ਵਿੱਚ ਆ ਰਹੇ ਹਨ ਪਰ ਆੜ੍ਹਤੀਆਂ ਅਤੇ ਸ਼ੈਲਰਾਂ ਵਾਲਿਆਂ ਦੀ ਹੜਤਾਲ ਕਾਰਨ ਬੇਰੰਗ ਵਾਪਿਸ ਹੋ ਜਾਂਦੇ ਹਨ। ਆੜ੍ਹਤੀਆਂ ਵੱਲੋਂ ਕਿਸਾਨਾਂ ਲਈ ਝੋਨੇ ਦੀ ਸਿੱਧੀ ਅਦਾਇਗੀ ਲਈ ਨਿਰਧਾਰਿਤ ਪੋਰਟਲ ਬਣਾਉਣ ਦੇ ਵਿਰੋਧ ਵਿੱਚ ਰਾਜ ਭਰ ਵਿੱਚ ਪੰਜ ਅਕਤੂਬਰ ਤੱਕ ਦਿੱਤੇ ਹੜਤਾਲ ਦੇ ਸੱਦੇ ਦੇ ਹੱਕ ਵਿੱਚ ਝੋਨੇ ਦੀ ਖਰੀਦ ਦਾ ਬਾਈਕਾਟ ਕੀਤਾ ਗਿਆ ਹੈ। ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਕੋਲੋਂ ਮਸਲੇ ਦਾ ਹੱਲ ਕੱਢ ਕੇ ਤੁਰੰਤ ਖ੍ਰੀਦ ਆਰੰਭ ਕਰਨ ਦੀ ਮੰਗ ਕਰ ਰਹੀਆਂ ਹਨ। ਕਮੇਟੀ ਦੇ ਸਕੱਤਰ ਉਪਿੰਦਰ ਸਿੰਘ ਕੋਠਾ ਗੁਰੂ ਨੇ ਦੱਸਿਆ ਕਿ ਮੰਡੀ ਵਿੱਚ ਬਾਰਾਂ ਹਜ਼ਾਰ ਕੁਇੰਟਲ ਦੇ ਕਰੀਬ ਝੋਨਾ ਪੁੱਜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਖਰੀਦ ਆਰੰਭ ਕਰਾਉਣ ਲਈ ਉਹ ਲਗਾਤਾਰ ਯਤਨਸ਼ੀਲ ਹਨ।

 

ਹਰਿਆਣਾ ਦੀਆਂ ਮੰਡੀਆਂ ਵੱਲ ਹੋਇਆ ਰੁਖ਼

ਬਨੂੜ ਖੇਤਰ ਦੇ ਅੰਬਾਲਾ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਝੋਨਾ ਅੰਬਾਲਾ ਅਤੇ ਪੰਚਕੂਲਾ ਦੀਆਂ ਮੰਡੀਆਂ ਵਿੱਚ ਲਿਜਾਉਣਾ ਆਰੰਭ ਕਰ ਦਿੱਤਾ ਗਿਆ ਹੈ। ਪਿੰਡ ਖਾਸਪੁਰ, ਖਲੌਰ, ਖੇੜੀ ਗੁਰਨਾ, ਬਾਸਮਾਂ ਆਦਿ ਦੇ ਕਈਂ ਕਿਸਾਨਾਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੰਡੀਆਂ ਵਿੱਚ ਝੋਨੇ ਦੀ ਬੇਰੋਕ ਸਰਕਾਰੀ ਖਰੀਦ ਚੱਲ ਰਹੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ