ਪੰਜਾਬ ’ਚ ਇਸ ਵਾਰ ਝੋਨੇ ਦੀ ਹੋਏਗੀ ਸਿੱਧੀ ਬਿਜਾਈ, 20 ਲੱਖ ਏਕੜ ਦੀ ਟੀਚਾ

March 23 2021

ਪੰਜਾਬ ਵਿੱਚ ਝੋਨੇ ਦੀ ਕਾਸ਼ਤ ਹੇਠਲਾ ਕੁੱਲ ਰਕਬਾ 62 ਲੱਖ ਏਕੜ ਹੈ। ਸੂਬੇ ਦਾ ਖੇਤੀਬਾੜੀ ਵਿਭਾਗ ਹੁਣ ਇਸ ਵਿੱਚੋਂ 20 ਲੱਖ ਏਕੜ ਜ਼ਮੀਨ ਉੱਤੇ ਸਿੱਧੀ ਸੀਡਿੰਗ ਤਕਨੀਕ ਰਾਹੀਂ ਚੌਲਾਂ (DSR) ਦੀ ਕਾਸ਼ਤ ਕਰਨ ਦੀ ਯੋਜਨਾ ਉਲੀਕ ਰਿਹਾ ਹੈ। ਆਉਂਦੇ ਸਾਉਣੀ (ਖ਼ਰੀਫ਼) ਦੇ ਸੀਜ਼ਨ ਦੌਰਾਨ ਇਸ ਤਕਨੀਕ ਮੁਤਾਬਕ ਚੌਲਾਂ ਦੀ ਕਾਸ਼ਤ ਸ਼ੁਰੂ ਕਰ ਦਿੱਤੀ ਜਾਵੇਗੀ।

ਪਿਛਲੇ ਵਰ੍ਹੇ ਜਲ ਸੰਭਾਲ ਤਕਨੀਕ ਰਾਹੀਂ 10 ਲੱਖ ਏਕੜ ਰਕਬੇ ’ਤੇ ਝੋਨੇ ਦੀ ਕਾਸ਼ਤ ਕੀਤੀ ਗਈ ਸੀ। ਐਤਕੀਂ 12 ਲੱਖ ਏਕੜ ਜ਼ਮੀਨ ਉੱਤੇ ਬਾਸਮਤੀ ਵੱਖਰੇ ਤੌਰ ਉੱਤੇ ਪੈਦਾ ਕੀਤੀ ਜਾਵੇਗੀ। ਇਸ ਟੀਚੇ ਦੀ ਪੂਰਤੀ ਲਈ ਵਿਭਾਗ ਨੇ ਪਿੰਡਾਂ ਵਿੱਚ ਕੈਂਪ ਲਾਉਣੇ ਸ਼ੁਰੂ ਕਰ ਦਿੱਤੇ ਹਨ।

ਪੰਜਾਬ ’ਚ ਝੋਨੇ ਦੀ ਲਵਾਈ ਦਾ ਕੰਮ ਜੂਨ ਦੇ ਮੱਧ ਤੋਂ ਸ਼ੁਰੂ ਹੋ ਜਾਂਦਾ ਹੈ। ਖੇਤੀਬਾੜੀ ਵਿਭਾਗ, ਪੰਜਾਬ ਦੇ ਡਾਇਰੈਕਟਰ ਸੁਖਦੇਵ ਸਿੰਘ ਸਿੱਧੂ ਨੇ ਦੱਸਿਆ ਕਿ DSR ਰਾਹੀਂ ਕਾਸ਼ਤ ਲਈ ਇਲਾਕਿਆਂ ਦੀ ਸ਼ਨਾਖ਼ਤ ਸ਼ੁਰੂ ਕਰ ਦਿੱਤੀ ਗਈ ਤੇ ਫਿਰ ਉਨ੍ਹਾਂ ਉੱਤੇ ਬਹੁਤ ਨੇੜਿਓਂ ਨਜ਼ਰ ਰੱਖੀ ਜਾਵੇਗੀ। ਡਾਇਰੈਕਟਰ ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲ ਪਹਿਲੀ ਵਾਰ DSR ਵਿਧੀ ਦੀ ਵਰਤੋਂ ਕੀਤੀ ਗਈ ਸੀ ਪਰ ਤਦ ਕਿਸਾਨਾਂ ਨੂੰ ਕੁਝ ਸਮੱਸਿਆਵਾਂ ਪੇਸ਼ ਆਈਆਂ ਸਨ ਪਰ ਇਸ ਵਾਰ ਅਜਿਹੀਆਂ ਸਾਰੀਆਂ ਔਕੜਾਂ ਦੂਰ ਕਰ ਦਿੱਤੀਆਂ ਜਾਣਗੀਆਂ।

ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ PR-126 ਕਿਸਮ ਦੀ ਕਾਸ਼ਤ ਕਰਨ ਦੀ ਅਪੀਲ ਕੀਤੀ ਕਿਉਂਕਿ ਇਹ DSR ਤਕਨੀਕ ਲਈ ਬਹੁਤ ਢੁਕਵੀਂ ਹੈ। ਇਸ ਲਈ PUSA-44 ਕਿਸਮ ਦੀ ਕਾਸ਼ਤ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ‘ਸਾਡਾ ਉਦੇਸ਼ ਇੱਕ–ਤਿਹਾਈ ਰਕਬੇ ਉੱਤੇ DSR ਅਧੀਨ ਝੋਨੇ ਦੀ ਕਾਸ਼ਤ ਕੀਤੀ ਜਾਵੇ।’ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਬਾਸਮਤੀ ਚੌਲਾਂ ਦੀ ਪੈਦਾਵਾਰ ਇਸ ਤਕਨੀਕ ਨਾਲ ਨਹੀਂ ਕੀਤੀ ਜਾਵੇਗੀ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਵਾਈਸ ਚਾਂਸਲਰ ਬੀਐਸ ਢਿਲੋਂ ਨੇ ਕਿਹਾ ਕਿ ਇਹ ਪਾਣੀ ਦੀ ਸੰਭਾਲ ਵੱਲ ਇੱਕ ਵੱਡਾ ਕਦਮ ਹੋਵੇਗਾ ਤੇ ਖੇਤੀਬਾੜੀ ਵੀ ਚਿਰਸਥਾਈ ਤਰੀਕੇ ਜਾਰੀ ਰਹਿ ਸਕੇਗੀ। ਉਨ੍ਹਾਂ ਕਿਹਾ ਕਿ ਇੰਝ ਕਿਸਾਨ ਵਾਤਾਵਰਣ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਉਣਗੇ।

ਝੋਨੇ ਦੀ ਕਾਸ਼ਤ DSR ਤਕਨੀਕ ਰਾਹੀਂ ਕਰਨ ਨਾਲ ਪਾਣੀ ਦੀ 15 ਤੋਂ 20 ਫ਼ੀਸਦੀ ਤੱਕ ਦੀ ਬੱਚਤ ਹੁੰਦੀ ਹੈ। ਦੱਸ ਦੇਈਏ ਕਿ ਇੱਕ ਕਿਲੋ ਚੌਲਾਂ ਦੀ ਪੈਦਾਵਾਰ ਲਈ 3,367 ਲਿਟਰ ਪਾਣੀ ਚਾਹੀਦਾ ਹੁੰਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਐਗ੍ਰੌਨੋਮੀ ਵਿਭਾਗ ਦੇ ਮੁਖੀ ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਸਾਰੇ 12,000 ਪਿੰਡਾਂ ਨੂੰ DSR ਅਧੀਨ ਲਿਆਂਦਾ ਜਾਵੇਗਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live