ਪੰਜਾਬ ਪਹੁੰਚੀਆਂ ਯੂਰੀਆ ਨਾਲ ਭਰੀਆਂ ਰੇਲਾਂ, ਕਿਸਾਨਾਂ ਨੂੰ ਮਿਲੀ ਵੱਡੀ ਰਾਹਤ

November 26 2020

ਪੰਜਾਬ ਵਿੱਚ ਯੂਰੀਆ ਦੀ ਸਮੱਸਿਆ ਦਾ ਹੱਲ਼ ਹੋ ਗਿਆ ਹੈ। ਮਾਲ ਗੱਡੀਆਂ ਸ਼ੁਰੂ ਹੋਣ ਨਾਲ ਸਭ ਤੋਂ ਪਹਿਲਾਂ ਯੂਰੀਆ ਤੇ ਕੋਲਾ ਹੀ ਪੰਜਾਬ ਪਹੁੰਚਿਆ। ਕੱਲ੍ਹ ਪੰਜਾਬ ਦੇ ਕਈ ਜ਼ਿਲ੍ਹਿਆਂ ਅੰਦਰ ਯੂਰੀਆ ਪਹੁੰਚ ਗਿਆ। ਇਸ ਨਾਲ ਕਿਸਾਨਾਂ ਦੀ ਸਮੱਸਿਆ ਹੱਲ ਹੋ ਗਈ ਹੈ। ਇਸ ਦੇ ਨਾਲ ਹੀ ਸਰਕਾਰ ਨੇ ਵੀ ਸੁੱਖ ਦਾ ਸਾਹ ਲਿਆ ਹੈ। ਦੱਸ ਦਈਏ ਕਿ ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਸੰਘਰਸ਼ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਬੰਦ ਸੀ ਤੇ ਯੂਰੀਆ ਖਾਦ ਦੀ ਘਾਟ ਪੈਦਾ ਹੋ ਗਈ ਸੀ। ਇਸ ਲਈ ਕਿਸਾਨਾਂ ਨੂੰ ਹਰਿਆਣਾ ਵਿੱਚੋਂ ਮਹਿੰਗੇ ਭਾਅ ਯੂਰੀਆ ਖਰੀਦਣਾ ਪੈ ਰਿਹਾ ਸੀ। ਇਸ ਦੇ ਨਾਲ ਹੀ ਪੰਜਾਬ ਅੰਦਰ ਵੀ ਯੂਰੀਆ ਦੀ ਕਾਲਾਬਾਜ਼ਾਰੀ ਸ਼ੁਰੂ ਹੋ ਗਈ ਸੀ। ਹੁਣ ਸੋਮਵਾਰ ਸ਼ਾਮ ਤੋਂ ਰੇਲਾਂ ਚੱਲਣ ਨਾਲ ਪੰਜਾਬ ਵਿੱਚ ਕਿਸਾਨਾਂ ਲਈ ਯੂਰੀਆ ਖਾਦ ਪੁੱਜਣੀ ਆਰੰਭ ਹੋ ਗਈ ਹੈ।

ਦਰਅਸਲ ਕਿਸਾਨਾਂ ਲਈ ਕਣਕ ਦੀ ਫ਼ਸਲ ਦੇ ਫੁਟਾਰੇ ਵਾਸਤੇ ਪਹਿਲੀ ਵਾਰ ਪਾਣੀ ਲਾਉਣ ਵੇਲੇ ਇਸ ਖਾਦ ਦਾ ਖਿਲਾਰਨਾ ਬੇਹੱਦ ਜ਼ਰੂਰੀ ਹੁੰਦਾ ਹੈ। ਮਾਲਵਾ ਖੇਤਰ ਦਾ ਕਿਸਾਨ ਹਰਿਆਣਾ ਵਿਚੋਂ ਮਹਿੰਗੇ ਭਾਅ ਉਤੇ ਕਈ ਦਿਨਾਂ ਤੋਂ ਇਸ ਨੂੰ ਖ਼ਰੀਦ ਰਿਹਾ ਸੀ। ਰੇਲ ਗੱਡੀਆਂ ਆਉਣ ਤੋਂ ਬਾਅਦ ਹੁਣ ਖਾਦ ਨੂੰ ਪਿੰਡਾਂ ਦੀਆਂ ਸਹਿਕਾਰੀ ਸੁਸਾਇਟੀਆਂ ਤੇ ਪ੍ਰਾਈਵੇਟ ਵਪਾਰੀਆਂ ਦੀਆਂ ਦੁਕਾਨਾਂ ’ਤੇ ਵੱਡੀ ਪੱਧਰ ਉਤੇ ਪਹੁੰਚਦਾ ਕੀਤਾ ਗਿਆ ਹੈ।

ਇਸੇ ਦੌਰਾਨ ਖੇਤੀਬਾੜੀ ਮਹਿਕਮੇ ਦੇ ਮਾਹਿਰਾਂ ਨੇ ਕਿਹਾ ਕਿ ਜਿਹੜੇ ਕਿਸਾਨਾਂ ਵੱਲੋਂ ਕਣਕ ਦੀ ਅਗੇਤੀ ਬਿਜਾਈ ਕੀਤੀ ਗਈ ਹੈ, ਉਨ੍ਹਾਂ ਨੂੰ ਪਹਿਲਾ ਪਾਣੀ ਲਾ ਦੇਣਾ ਚਾਹੀਦਾ ਹੈ ਤੇ ਇਸ ਪਾਣੀ ਨੂੰ ਲਾਉਣ ਵੇਲੇ ਯੂਰੀਆ ਖਾਦ ਖਿਲਾਰ ਦੇਣੀ ਚਾਹੀਦੀ ਹੈ ਤਾਂ ਜੋ ਸਮੇਂ ਸਿਰ ਕਣਕ ਦਾ ਫੁਟਾਰਾ ਹੋ ਸਕੇ। ਮਾਹਿਰਾਂ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਲੋੜ ਤੋਂ ਜ਼ਿਆਦਾ ਯੂਰੀਆ ਨਾ ਖਿਲਾਰਨ, ਸਗੋਂ ਇਸ ਨੂੰ ਸਹੀ ਮਾਤਰਾ ਵਿੱਚ ਪਾਕੇ ਝਾੜ ਵਧਾਉਣ ਦਾ ਉਪਰਾਲਾ ਕਰਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live